1947 ਹਿਜਰਤਨਾਮਾ 84 : ਸੰਤ ਰਾਮ ਬਜੂਹਾ

Saturday, Nov 16, 2024 - 12:44 PM (IST)

'ਮੁਸਲਿਮ ਚੌਧਰੀਆਂ ਸਾਨੂੰ ਤੱਤੀ ਵਾਅ ਨਾ ਲੱਗਣ ਦਿੱਤੀ'

" ਮੈਂ ਸੰਤ ਰਾਮ ਪੁੱਤਰ ਲੱਭੂ ਰਾਮ/ਮਾਤਾ ਬੰਤੀ ਪੁੱਤਰ ਰੂੜਾ ਪਿੰਡ ਬਜੂਹਾ ਖ਼ੁਰਦ ਤਹਿਸੀਲ ਨਕੋਦਰ (ਜਲੰਧਰ) ਤੋਂ ਆਂ। ਸਾਡਾ ਜ਼ੱਦੀ ਪਿੰਡ ਗੜ੍ਹਾ-ਜਲੰਧਰ ਆ। ਸ਼ੁਰੂ ਤੋਂ ਹੀ ਮੇਰੇ ਬਾਪ ਅਤੇ ਮਾਂ ਦੀ ਆਪਸ ਵਿਚ ਘੱਟ ਬਣੀ। ਪੁਰਾਣੀ ਗੱਲ ਹੈ, ਬਈ ਮੇਰੇ ਤਾਇਆ ਜੀ ਇੱਧਰੋਂ ਕੋਈ ਜ਼ਨਾਨੀ ਲੈ ਕੇ ਬਾਰ ਦੇ ਇਲਾਕੇ ਵਿੱਚ ਚਲੇ ਗਏ। ਕੁੱਝ ਅਰਸਾ ਬਾਅਦ ਤਾਏ ਦੀ ਸਿਹਤ ਜਦ ਨਾਸਾਜ਼ ਹੋਈ ਤਾਂ ਉਨ੍ਹਾਂ ਮੇਰੇ ਪਿਤਾ ਨੂੰ ਚਿੱਠੀ ਲਿਖੀ ਕਿ ਉਹ ਅੰਤਲੇ ਸਮੇਂ 'ਤੇ ਹੈ। ਉਸ ਦੀ ਘਰਵਾਲੀ ਨੂੰ ਪਿਤਾ ਜੀ ਜਾ ਕੇ ਸਾਂਭ ਲੈਣ। ਮੇਰੇ ਮਾਂ ਬਾਪ ਦੀ ਪਹਿਲਾਂ ਹੀ ਘੱਟ ਬਣਦੀ ਸੀ, ਸੋ ਪਿਤਾ ਜੀ ਆਪਣਾ ਟੱਬਰ ਛੱਡ ਕੇ ਬਾਰ ਵਿਚ ਚਲੇ ਗਏ। ਉਸ ਬਾਰ ਦੇ ਚੱਕ ਜਾਂ ਜ਼ਿਲ੍ਹਾ ਦਾ ਅਤਾ ਪਤਾ ਮੈਨੂੰ ਯਾਦ ਨਹੀਂ। ਉਪਰੰਤ ਮੇਰੀ ਮਾਂ ਆਪਣੇ ਨਿੱਕੜੇ ਲੈ ਕੇ ਪੇਕੇ ਘਰ ਪਿੰਡ ਕੋਟ-ਕਪੂਰਥਲਾ ਚਲੀ ਗਈ। ਮੇਰੀ ਪੈਦਾਇਸ਼ 1932 ਦੀ ਐ। 1937 ਦੇ ਗੇੜ 'ਚ ਮੈਂ ਪਹਿਲੀ ਜਮਾਤ ਦਾ ਵਿਦਿਆਰਥੀ ਸਾਂ ਕਿ ਮੇਰੇ ਮਾਮਾ ਫੁੰਮ੍ਹਣ ਵਲਦ ਬੂੜਾ ਦਾ ਸਾਲਾ ਜੋਂ ਪਿੱਛਿਓਂ ਵੱਡੇ ਸੋਹਲ ਜਗੀਰ ਤੋਂ ਸੀ, ਉਹ ਬਾਰ ਤੋਂ ਇਧਰ ਆਇਆ ਤਾਂ ਮਾਮੇ ਘਰ ਵੀ ਮਿਲਣ ਆਇਆ। ਉਹ ਉਧਰ ਬਾਰ ਵਿਚ ਕਿਸੇ ਮੁਸਲਿਮ ਚੌਧਰੀ ਦੇ ਸੀਰੀ ਪੁਣਾ ਕਰਦਾ ਸੀ। 

ਉਨ੍ਹਾਂ ਮਾਮੇ ਨੂੰ ਵੀ ਉਧਰ ਚੱਲਣ ਲਈ ਰਾਜ਼ੀ ਕਰ ਲਿਆ। ਮਾਮੇ ਨੇ ਮੈਨੂੰ ਵੀ ਨਾਲ਼ ਖੜਿਆ। ਅਸੀਂ ਜਾ ਪਹੁੰਚੇ ਪਿੰਡ ਗਾਂਧਰਾਂ ਚੱਕ ਨੰਬਰ 86RB (ਰੱਖ ਬ੍ਰਾਂਚ) ਤਹਿਸੀਲ ਤਦੋਂ ਮਾਨਾਂ ਵਾਲੀ, ਜ਼ਿਲਾ ਸ਼ੇਖੂਪੁਰਾ (ਹੁਣ ਨਨਕਾਣਾ ਸਾਹਿਬ) ਉਸ ਚੱਕ ਵਿੱਚ ਇਧਰੋਂ ਨਕੋਦਰ ਨੇੜਲੇ ਪਿੰਡਾਂ ਗਾਂਧਰਾਂ, ਵੱਡਾ ਸੋਹਲ ਜਗੀਰ, ਰੌਲ਼ੀ ਵਗੈਰਾ ਦੇ ਮੁਸਲਿਮ ਬੈਠੇ ਸਨ, ਜਿਨ੍ਹਾਂ ਵਿੱਚ ਗਾਂਧਰਾਂ ਦੀ ਗਿਣਤੀ ਚੋਖੀ ਸੀ। ਉਮੀਦ ਹੈ ਕਿ ਉਨ੍ਹਾਂ ਦੇ ਪਿਛਲੇ ਪਿੰਡ ਗਾਂਧਰਾਂ ਕਰਕੇ ਹੀ ਉਸ ਚੱਕ ਦਾ ਨਾਂ ਗਾਂਧਰਾਂ ਹੋਇਆ। ਮਾਮਾ, ਲੰਬੜਦਾਰ ਖੁਸ਼ੀ ਮੁਹੰਮਦ ਅਤੇ ਉਸ ਦੇ ਭਰਾ ਮਾਮਦੀਨ ਨਾਲ਼ ਖੇਤਾਂ ਵਿੱਚ ਨੌਕਰ ਹੋ ਗਿਆ। ਉਹ ਬਦਲੇ ਵਿੱਚ ਹਾੜੀ-ਸਾਉਣੀ ਨੂੰ ਇਕ-ਇਕ ਮਣ ਕਣਕ-ਮੱਕੀ, ਕੋਈ 10-12 ਰੁਪਏ ਪ੍ਰਤੀ ਮਹੀਨਾ ਤਨਖਾਹ ਵੀ ਦਿੰਦੇ। ਇਕ ਮੁਰੱਬੇ ਦੀ ਖੇਤੀ ਸੀ, ਉਨ੍ਹਾਂ ਦੀ। ਨਹਿਰੀ ਸਿੰਚਾਈ ਸੀ। ਰੱਖ ਬ੍ਰਾਂਚ ਖੇਤਾਂ ਨੂੰ ਸਿੰਜਦੀ। ਮੈਂ ਉਥੇ ਸਕੂਲ ਵਿੱਚ ਪੜ੍ਹਨ ਨਾ ਲੱਗਾ ਸਗੋਂ ਵੱਡਿਆਂ ਨਾਲ ਉਨ੍ਹਾਂ ਦਾ ਵੱਗ ਚਾਰਨ ਲੱਗਾ। 

ਪਿੰਡ ਦੇ ਬਾਹਰ ਵਾਲਮੀਕ ਭਾਈਚਾਰੇ ਦੀ ਇੱਕ ਵੱਖਰੀ ਬਸਤੀ ਸੀ। ਉਥੇ ਪਿਛਿਓਂ ਇਧਰਲੇ ਸੋਹਲ ਜਗੀਰ ਤੋਂ ਹੀ ਇਕ ਸੰਤੀ ਨਾਮੇ ਮਾਈ 'ਕੱਲੀ ਰਹਿੰਦੀ। ਉਹਦੇ ਘਰੋਂ ਫੌਤ ਹੋ ਚੁੱਕਾ ਸੀ। ਉਸ ਪਾਸ ਸੀ ਖੁੱਲ੍ਹਾ ਘਰ। ਮਾਈ ਨੇ ਸਾਨੂੰ ਵੀ ਆਪਣੇ ਘਰ ਦੇ ਇਕ ਪਾਸੇ ਵਿਹੜੇ ਵਿਚ ਹੀ ਰਿਹਾਇਸ਼ੀ ਕਮਰਾ ਪਾਉਣ ਨੂੰ ਜਗ੍ਹਾ ਦੇ ਦਿੱਤੀ। ਪਹਿਲਾਂ ਤਾਂ ਸਰਕੜੇ,ਕਾਨਿਆਂ ਦਾ ਛੱਪਰ ਪਾਇਆ ਫਿਰ ਹੌਲੀ-ਹੌਲੀ ਕੱਚਾ ਕੋਠਾ ਪਾ ਲਿਆ। 

ਗੁਆਂਢੀ ਪਿੰਡ: ਸ਼ਾਹਕੋਟ, ਮੀਰ ਪੁਰ,ਧਰਾਂਗਾ ਮੁਸਲਮਾਨਾਂ ਦੇ ਅਤੇ ਜੱਟ ਸਿੱਖਾਂ ਦਾ ਪਿੰਡ ਡੱਲਾ ਚੰਦਾ ਸਿੰਘ ਹੁੰਦਾ। ਟੇਸ਼ਣ ਸਾਨੂੰ ਮੰਡੀ ਢਾਬਾਂ ਦਾ ਲੱਗਦਾ। 
ਹੱਟੀ: ਪਿੰਡ ਵਿੱਚ ਬਰਕਤ ਮੁਸਲਮਾਨ ਦੀ ਹੁੰਦੀ।
ਖੂਹੀ: ਪਿੰਡ ਦੇ ਐਨ ਵਿਚਕਾਰ ਸੀ। ਮੁਸਲਿਮ ਝੀਰ ਉਥੋਂ ਲੋਕਾਂ ਦੇ ਘਰਾਂ ਵਿੱਚ ਘੜਿਆਂ ਨਾਲ ਪਾਣੀ ਢੋਂਹਦਾ। ਬਦਲੇ ਚ ਉਹ ਹਾੜੀ-ਸਾਉਣੀ ਲੈਂਦਾ। ਵੈਸੇ ਸਰਦਿਆਂ ਘਰਾਂ ਵਿੱਚ ਨਲ਼ਕੇ ਵੀ ਹੁੰਦੇ।
ਦਾਣੇ ਭੁੰਨਣ ਵਾਲੀ ਭੱਠੀ: ਪਿੰਡ ਵਿੱਚ ਇੱਕ ਸੀ। ਉਥੇ ਪਾਣੀ ਢੋਹਣ ਵਾਲੇ ਝੀਰ ਦੇ ਘਰੋਂ ਹੀ ਦਾਣੇ ਭੁੰਨਦੀ।
ਢਾਬਾਂ: ਪਿੰਡ ਬਾਹਰ ਤਿੰਨ ਸਨ ਜਿਥੋਂ ਵੀ ਨਹਾਉਣ ਧੋਣ ਜਾਂ ਪਸ਼ੂਆਂ ਲਈ ਪਾਣੀ ਦੀ ਲੋੜ ਪੂਰੀ ਹੋ ਜਾਂਦੀ। 
ਮਸੀਤ: ਵੀ ਇਕ ਸੀ। ਮੌਲਵੀ ਸਾਬ ਉਥੇ ਮੁਸਲਿਮ ਬੱਚਿਆਂ ਨੂੰ ਪੜ੍ਹਣ ਲਿਖਣ ਅਤੇ ਧਰਮ ਦੀ ਮੁਢਲੀ ਤਾਲੀਮ ਦਿੰਦੇ।
ਗੁਰਦੁਆਰਾ: ਪਿੰਡ ਵਿੱਚ ਕੋਈ ਨਹੀਂ ਸੀ। ਸਾਰੇ ਪਿੰਡ ਵਿੱਚ ਇਕ ਛੀਂਬਾ ਸਿੱਖ ਹੁੰਦਾ ਸੋ ਦਰਜ਼ੀ ਦੀ ਦੁਕਾਨ ਕਰਦਾ। ਲੋਕਾਂ ਦਾ ਨੰਗ ਢੱਕਦਾ। ਉਸ ਤੋਂ ਇਲਾਵਾ ਵਾਲਮੀਕ ਭਾਈਚਾਰੇ ਚੋਂ ਸੋਹਣ ਸਿੰਘ, ਬੂਟਾ ਸਿੰਘ,ਮਾਮੇ ਦਾ ਸਾਲਾ ਪੂਰਨ ਸਿੰਘ, ਮਾਮਾ ਫੁੰਮ੍ਹਣ ਉਹਦਾ ਬੇਟਾ ਬੰਤਾ ਵੀ ਕੇਸਾਧਾਰੀ ਸਿੱਖ ਸਨ।
ਚੌਧਰੀ: ਉਹੀ ਲੰਬੜਦਾਰ ਖੁਸ਼ੀ ਮੁਹੰਮਦ ਹੁਰੀਂ ਹੀ ਹੁੰਦੇ। ਇਕ ਲੰਬੜਦਾਰ ਅਜ਼ੀਜ਼ ਨਾਮੇ ਵੀ ਸੀ। 3-4 ਸਰਕਰਦਾ ਹੋਰ ਮੁਸਲਿਮ ਚੌਧਰੀ ਵੀ ਸਨ ਪਰ ਉਨ੍ਹਾਂ ਦੇ ਨਾਮ ਯਾਦ ਨਹੀਂ। ਪਿੰਡ ਦਾ ਕੋਈ ਮਸਲਾ ਹੁੰਦਾ ਤਾਂ ਖੂਹੀ ਨਾਲ਼ਦੇ ਪਿੱਪਲ ਵਾਲੇ ਥੜ੍ਹੇ ਤੇ ਚੌਧਰੀਆਂ ਦਾ 'ਕੱਠ ਹੁੰਦਾ। ਪਿੰਡ ਦੇ ਝਗੜੇ ਝੇੜੇ ਥੜਿਆਂ ਉਤੇ ਬਹਿ ਕੇ ਹੀ ਨਿਬੇੜ ਦਿੰਦੇ। ਪੁਲਸ ਅਸੀਂ ਉਥੇ ਕਦੇ ਨਹੀਂ ਡਿੱਠੀ।
ਪਿੰਡ ਦੀ ਵਸੋਂ: ਚੱਕ 86RB ਅਰਾਈਂ ਮੁਸਲਮਾਨਾਂ ਦਾ ਪਿੰਡ ਸੀ। ਕੋਈ 80-90 ਘਰ ਮੁਸਲਮਾਨਾਂ ਦੇ ਅਤੇ ਵਾਲਮੀਕ ਭਾਈਚਾਰੇ ਦੇ 14-15 ਬਾਕੀ ਧੰਦਿਆਂ ਦੇ ਅਧਾਰਤ 1-1, 2-2 ਨਾਈ, ਝੀਰ, ਤੇਲੀ, ਮੋਚੀ, ਲੁਹਾਰ, ਤਖਾਣਾ ਦੇ ਘਰ ਸਨ। ਦੁਕਾਨਦਾਰ ਸੱਭ ਮੁਸਲਮਾਨ ਹੀ ਸਨ। ਕੇਵਲ ਇੱਕੋ ਇੱਕ ਦਰਜ਼ੀ ਹੀ ਸਾਰੇ ਪਿੰਡ ਵਿੱਚ ਇਕ ਸਰਦਾਰ ਸੀ। ਕੋਈ 14-15 ਘਰ ਵਾਲਮੀਕ ਬਸਤੀ ਦੇ ਸਨ। ਇਨ੍ਹਾਂ ਵਿਚੋਂ ਹੀ 6-7 ਬੰਦੇ ਮੱਜ੍ਹਬੀ ਸਿੱਖ ਹੁੰਦੇ।
ਫ਼ਸਲਾਂ: ਵਿੱਚ ਜ਼ਯਾਦਾ ਨਰਮਾ,ਕਣਕ ਗੰਨਾ ਹੀ ਬੀਜਿਆ ਜਾਂਦਾ। ਜਿਣਸ, ਆਮ ਕਰਕੇ ਨਨਕਾਣਾ ਸਹਿਬ ਜਾਂ ਸ਼ਾਹਕੋਟ ਤੋਂ ਆਉਂਦੇ ਖੱਤਰੀ ਵਪਾਰੀ, ਪਿੰਡ ਵਿੱਚੋਂ ਹੀ ਖ਼ਰੀਦ ਕੇ ਖੋਤਿਆਂ/ਊਠਾਂ ਉਤੇ ਲੱਦਕੇ ਲੈ ਜਾਂਦੇ।
ਹਿਜਰਤ: ਸਭ ਕੁੱਝ ਠੀਕ ਚੱਲੀ ਜਾਂਦਾ ਸੀ। ਮੁਸਲਿਮ ਭਾਈਚਾਰੇ ਕਦੇ ਵੀ ਗ਼ੈਰ ਮੁਸਲਮਾਨਾਂ ਨਾਲ਼ ਜ਼ਿਆਦਤੀ ਨਾ ਕੀਤੀ। ਮੁਸਲਿਮ ਚੌਧਰੀ ਹਮੇਸ਼ ਹੀ ਲੋੜ ਮੁਤਾਬਕ ਲੋੜਬੰਦਾਂ ਦੀ ਮਦਦ ਕਰਦੇ। ਜਦ ਪਾਕਿਸਤਾਨ ਦੀ ਹਵਾ ਗਰਮ ਹੋਣ ਲੱਗੀ। ਆਲ਼ੇ ਦੁਆਲ਼ੇ ਤੋਂ ਅਗਜ਼ਨੀ ਅਤੇ ਮਾਰ ਮਰੱਈਏ ਦੀਆਂ ਗੱਲਾਂ ਸੁਣਦੇ। ਇਕ ਦਿਨ ਮੁਸਲਿਮ ਚੌਧਰੀਆਂ ਆਪੇ ਹੀ ਆਖ ਛੱਡਿਆ ਕਿ ਸਾਰੇ ਗ਼ੈਰ ਮੁਸਲਮਾਨਾਂ ਨੂੰ ਇਥੋਂ ਉਠ ਕੇ ਹਿੰਦੁਸਤਾਨ ਜਾਣਾ ਪਏਗਾ ਪਰ ਤਦੋਂ ਤੱਕ ਕੋਈ ਵੀ ਗ਼ੈਰ ਮੁਸਲਮਾਨ 'ਕੱਲਾ-ਦੁਕੱਲਾ ਪਿੰਡੋਂ ਬਾਹਰ ਨਾ ਜਾਏ। ਆਖਿ ਓਸ,"ਤਦੋਂ ਤੱਕ ਤੁਹਾਡੀ ਹਿਫ਼ਾਜ਼ਤ ਦਾ ਜ਼ਿੰਮਾ ਸਾਡਾ ਹੋਵੇਗਾ।" ਉਨ੍ਹਾਂ ਆਪਣੀ ਜ਼ੁਬਾਨ ਪੁਗਾਈ। ਵਡੇਰਿਆਂ ਦੇ ਕਹੇ ਅਨੁਸਾਰ, ਮੇਰੇ ਮਾਮੇ ਦਾ ਬੇਟਾ ਬੰਤਾ ਇਕ ਹੋਰ ਬੰਦੇ ਨੂੰ ਨਾਲ਼ ਲੈਕੇ ਨਨਕਾਣਾ ਸਾਹਿਬ ਮਿਲਟਰੀ ਨੂੰ ਦਰਖ਼ਾਸਤ ਕਰਨ ਗਏ। ਤੀਜੇ ਦਿਨ ਉਨ੍ਹਾਂ ਦੋ ਫੌਜੀ ਟਰੱਕ ਭੇਜੇ। 

ਅਸੀਂ ਕੁੱਝ ਪਰਿਵਾਰ ਉਨ੍ਹਾਂ ਵਿਚ ਸਵਾਰ ਹੋ ਕੇ ਬਰਾਸਤਾ ਸੈਖੂਪੁਰਾ-ਲਾਹੌਰ -ਅੰਬਰਸਰ ਦੂਜੇ ਦਿਨ ਆਣ ਉਤਰੇ। ਉਥੇ ਖ਼ਾਲਸਾ ਕਾਲਜ ਦੇ ਰਫਿਊਜੀ ਕੈਂਪ ਵਿੱਚ ਕੁੱਝ ਦਿਨ ਰੁਕੇ। ਉਪਰੰਤ ਗੱਡੀ ਚੜ੍ਹ ਕੇ ਬਰਾਸਤਾ ਜਲੰਧਰ-ਨਕੋਦਰ ਪਹੁੰਚੇ, ਜਿੱਥੋਂ ਤਾਂਗਿਆਂ ਰਾਹੀਂ ਮਹਿਤਪੁਰ ਨੇੜਲੇ ਪਿੰਡ ਸ਼ਾਹਪੁਰ, ਮਾਮੇ ਦੇ ਸਾਂਢੂ ਮਹਿੰਗੇ ਪਾਸ ਜਾ ਕਯਾਮ ਕੀਤਾ। 1949 ਵਿੱਚ ਵਰਿਆਣਾ-ਜਲੰਧਰ ਤੋਂ ਮੈਂ, ਮਲਾਵੀ ਦੇਵੀ ਵਿਆਹ ਲਿਆਂਦੀ। ਖੇਤੀ ਵੀ ਕੀਤੀ। ਫਿਰ ਕੁੱਝ ਉਪਰਾਮ ਹੋ ਕੇ ਕੰਮ ਆਪਣੇ ਭਰਾ ਮਲਕੀਤ ਦੇ ਹਵਾਲੇ ਕਰ ਕੇ ਮੈਂ ਖੁਰਲਾ ਕੀਂਗਰਾ ਦੇ ਜਿੰਮੀਦਾਰ ਸਰਦਾਰ ਲਸ਼ਕਰ ਸਿੰਘ ਦੇ ਨੌਕਰ ਹੋ ਗਿਆ। 1951-52 ਵਿੱਚ ਮੇਰਾ ਭਰਾ ਮੈਨੂੰ ਖੁਰਲਾ ਕੀਂਗਰਾ ਇਤਲਾਹ ਦੇਣ ਆਇਆ ਕਿ ਬਜੂਹਾ ਖ਼ੁਰਦ ਵਿਚ ਵਾਧੂ ਪਈ ਜ਼ਮੀਨ ਦੀ ਬੋਲੀ ਹੋਣੀ ਆਂ। ਇਹ ਗੱਲ ਸਰਦਾਰ ਦੇ ਮੁੰਡਿਆਂ ਵੀ ਤਸਦੀਕ ਕੀਤੀ ਜੋਂ ਤਦੋਂ ਮਾਡਲ ਟਾਊਨ ਦੇ ਕਿਸੇ ਵੱਡੇ ਸਕੂਲ ਵਿੱਚ ਪੜ੍ਹਦੇ ਸਨ। ਅੱਗੋਂ ਉਨ੍ਹਾਂ ਦੇ ਇਕ ਹਮਜਮਾਤੀ ਮੁੰਡੇ ਦਾ ਭਰਾ ਉਸ ਮਹਿਕਮੇ ਦਾ ਇੰਸਪੈਕਟਰ ਸੀ। ਕੁੱਝ ਸਰਦਾਰ ਨੇ ਅਤੇ 200ਰੁ: ਦੀ ਮਦਦ ਸਰਦਾਰ ਦੇ ਮੁੰਡਿਆਂ ਦੇ ਹਮਜਮਾਤੀ ਹਸਨ ਪੁਰ ਤੋਂ ਇੱਕ ਮੁੰਡੇ ਨੇ ਕੀਤੀ। ਬੋਲੀ ਦੇ ਕੇ ਮੈਂ 37ਕਨਾਲ-13 ਮਰਲੇ ਜ਼ਮੀਨ ਕੁੱਲ 5000ਰੁ: ਵਿੱਚ ਖ਼ਰੀਦ ਲਈ। ਪੈਸੇ ਕਿਸ਼ਤਾਂ ਵਿਚ ਦੇਣੇ ਕੀਤੇ। ਹਾੜੀ-ਸਾਉਣੀ ਕਰੀਬ ਸਵਾ ਤਿੰਨ ਸੌ ਰੁਪਏ ਕਿਸ਼ਤ ਨਕੋਦਰ ਤਸੀਲ ਦਫ਼ਤਰ ਜਮਾਂ ਕਰਵਾ ਦਿੰਦਾ। ਤਸੀਲ ਦਫ਼ਤਰ ਤਦੋਂ ਨਕੋਦਰ ਕੁੜੀਆਂ ਦੇ ਵੱਡੇ ਸਕੂਲ ਵਿੱਚ ਹੁੰਦਾ। ਸਰਕਾਰੀ ਮਾਮਲਾ ਮੈਂ ਤਦੋਂ ਦੇ ਲੰਬੜਦਾਰ ਸ.ਕਰਤਾਰ ਸਿੰਘ ਨੂੰ ਕਰਵਾਉਂਦਾ। ਇਸ ਤਰਾਂ ਹਿੰਮਤ ਕਰਕੇ ਅਸੀਂ ਵੀ ਜੱਟਾਂ ਵਾਂਗੂੰ ਜ਼ਮੀਨਾਂ ਆਲ਼ੇ ਬਣ ਰਹੇ। ਅੱਜ ਤੱਕ ਉਹੀ ਵਾਹੁੰਦੇ-ਖਾਂਦੇ ਆਂ।ਬਾਰ ਵਿੱਚ ਜਿਵੇਂ ਖਾਲੀ ਹੱਥ ਗਏ ਸਾਂ ਉਵੇਂ ਖਾਲੀ ਹੱਥ ਵਾਪਸ ਆ ਗਏ। ਇਨ੍ਹਾਂ ਹੀ ਸ਼ੁਕਰ ਹੈ ਕਿ ਉਸ ਭਿਆਨਕ ਹਨੇਰੀ ਵਿੱਚ ਸਾਡਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੁਸਲਿਮ ਚੌਧਰੀਆਂ ਸਾਨੂੰ ਤੱਤੀ ਵਾਅ ਨਾ ਲੱਗਣ ਦਿੱਤੀ। ਕੁੱਝ ਪਰਿਵਾਰ ਡੱਲਾ ਚੰਦਾ ਸਿੰਘ ਵਾਲਿਆਂ ਦੇ, ਗੱਡਿਆਂ ਦੇ ਕਾਫ਼ਲੇ ਨਾਲ ਸੁੱਖ ਸਬੀਲੀ ਆਣ ਪਹੁੰਚੇ। 
                           
ਮੇਰੇ ਘਰ ਚਾਰ ਪੁੱਤਰ ਅਤੇ ਇਕ ਧੀ ਪੈਦਾ ਹੋਏ। ਅਫ਼ਸੋਸ ਕਿ-
'ਬਾਬੇ ਦਾਦੇ ਚਾਚੇ ਤਾਏ, ਮਾਪੇ ਰਿਸ਼ਤੇਦਾਰ।
ਵਾਰੋ ਵਾਰੀ ਹੱਥ ਛੁਡਾ ਕੇ ਹੋ ਗਏ ਪਰਲੇ ਪਾਰ।'
ਦੇ ਕਥਨ ਮੁਤਾਬਿਕ,
ਉਨ੍ਹਾਂ ਵਿੱਚੋਂ ਕੇਵਲ ਇਕ ਪੁੱਤਰ ਬਲਵਿੰਦਰ ਪਾਲ ਹੀ ਜੀਵਤ ਹੈ ਜੋ ਭਾਰਤੀ ਰੇਲਵੇ ਵਿੱਚ ਨੌਕਰ ਹੈ। ਹੁਣ 93 ਵਿਆਂ ਵੇਲੇ, ਨੂੰਹ ਰਾਣੀ ਬਿਮਲਾ,ਪੁੱਤ-ਪੋਤਰਿਆਂ ਦੀ ਵਢ ਆਕਾਰੀ ਬਾਲ ਫੁਲਵਾੜੀ ਵਿੱਚ ਜ਼ਿੰਦਗੀ ਦੀ ਪੁਰ ਸਕੂਨ ਸ਼ਾਮ ਹੰਢਾਅ ਰਿਹੈਂ। ਉਨ੍ਹਾਂ ਦੀ ਸੇਵਾ-ਇਤਫਾਕ ਹੀ ਮੇਰੀ ਲੰਬੀ ਉਮਰ ਦਾ ਰਾਜ਼ ਹੈ।-ਔਰ ਕੱਲ ਕੀ ਮੇਰੀ ਬਲਾ ਜਾਨੇਂ। "

ਸਤਵੀਰ ਸਿੰਘ ਚਾਨੀਆਂ
92569-73526


rajwinder kaur

Content Editor

Related News