ਵੈਰੀਫਿਕੇਸ਼ਨ ਨਾ ਕਰਵਾਉਣ ਵਾਲੇ ਤਿੰਨ ਫਲੈਟ ਮਾਲਕਾਂ ਖ਼ਿਲਾਫ ਮਾਮਲਾ ਦਰਜ
Friday, Apr 25, 2025 - 03:40 PM (IST)

ਬਨੂੜ (ਗੁਰਪਾਲ) : ਥਾਣਾ ਬਨੂੜ ਦੀ ਪੁਲਸ ਨੇ ਵੈਰੀਫਿਕੇਸ਼ਨ ਨਾ ਕਰਵਾਉਣ ਵਾਲੇ ਤਿੰਨ ਫਲੈਟ ਮਾਲਕਾਂ ਖਿਲਾਫ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੇ ਉਲੰਘਣਾ ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਬਨੂੜ ਬੈਰੀਅਰ ਨੇੜੇ ਸਥਿਤ ਹਾਊਸ ਐਡ ਫਲੈਟਾਂ ਦੀ ਚੈਕਿੰਗ ਦੌਰਾਨ ਅੰਕੁਸ਼ ਭਨੋਟ ਪੁੱਤਰ ਸ਼ੀਸ਼ਪਾਲ ਵਾਸੀ ਗੁਰੂ ਨਾਨਕਪੁਰਾ ਈਸਟ ਜਲੰਧਰ ਥਾਣਾ ਸਿਟੀ ਰਾਮਾ ਮੰਡੀ ਜਲੰਧਰ, ਭੁਪਿੰਦਰ ਕੌਰ ਪਤਨੀ ਸਤਪਾਲ ਸਿੰਘ ਵਾਸੀ ਫਲੈਟ ਨੰਬਰ 198 ਸੈਕਟਰ 55 ਚੰਡੀਗੜ੍ਹ ਅਤੇ ਕਿਰਨਜੀਤ ਕੌਰ ਪਤਨੀ ਸੁਰਿੰਦਰ ਮੋਹਨ ਵਾਸੀ ਸੈਕਟਰ 85 ਚੰਡੀਗੜ੍ਹ ਨੇ ਆਪਣੇ ਫਲੈਟਾਂ ਵਿਚ ਕਰਾਏਦਾਰ ਰੱਖੇ ਹੋਏ ਹਨ ਪ੍ਰੰਤੂ ਉਨ੍ਹਾਂ ਦੀ ਪੁਲਸ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ।
ਇਸ ਦੇ ਚੱਲਦੇ ਇਨ੍ਹਾਂ ਫਲੈਟਾਂ ਦੇ ਮਾਲਕਾਂ ਖ਼ਿਲਾਫ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਨਾ ਕਰਵਾਉਣ ਵਾਲੇ ਮਕਾਨ ਮਾਲਕਾਂ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।