ਮੋਗਾ ’ਚ ਵਾਹਨ ਚੋਰਾਂ ਦੇ ਹੌਂਸਲੇ ਬੁਲੰਦ, ਦਿਨ-ਦਿਹਾੜੇ ਚੋਰੀ ਕਰ ਕੇ ਲੈ ਜਾਂਦੇ ਹਨ ਵਾਹਨ

Wednesday, Aug 26, 2026 - 01:38 PM (IST)

ਮੋਗਾ ’ਚ ਵਾਹਨ ਚੋਰਾਂ ਦੇ ਹੌਂਸਲੇ ਬੁਲੰਦ, ਦਿਨ-ਦਿਹਾੜੇ ਚੋਰੀ ਕਰ ਕੇ ਲੈ ਜਾਂਦੇ ਹਨ ਵਾਹਨ

ਮੋਗਾ (ਆਜ਼ਾਦ) : ਮੋਗਾ ਜ਼ਿਲੇ ਅੰਦਰ ਵਾਹਨ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਅੱਖ ਝਪਕਦਿਆਂ ਹੀ ਦਿਨ-ਦਿਹਾੜੇ ਖੜ੍ਹੇ ਮੋਟਰਸਾਈਕਲ ਅਤੇ ਸਕੂਟਰੀਆਂ ਚੋਰੀ ਕਰਕੇ ਫ਼ਰਾਰ ਹੋ ਜਾਂਦੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਹੀ ਮੋਗਾ ਦੇ ਵੱਖ-ਵੱਖ ਇਲਾਕਿਆਂ ਵਿਚੋਂ ਅਣਪਛਾਤੇ ਚੋਰ ਮੋਟਰਸਾਈਕਲ ਅਤੇ ਸਕੂਟਰੀਆਂ ਚੋਰੀ ਕਰ ਕੇ ਲੈ ਗਏ ਹਨ, ਜਿਨ੍ਹਾਂ ਦੀਆਂ ਸੀ.ਸੀ.ਟੀ.ਵੀ. ਫੁਟੇਜ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀਆਂ ਹਨ ਪਰ ਅਜੇ ਤੱਕ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਭਾਵੇਂ ਪੁਲਸ ਵੱਲੋਂ ਚੋਰਾਂ ਨੂੰ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਚੋਰ ਪੁਲਸ ਨਾਲੋਂ ਵੀ ਵੱਧ ਚੁਸਤ ਦਿਖਾਈ ਦੇ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਅੰਮ੍ਰਿਤਸਰ ਰੋਡ ਮੋਗਾ ’ਤੇ ਟੈਂਕੀ ਵਾਲੀ ਗਲੀ ਨੰਬਰ 3 ਵਿੱਚੋਂ ਪਿੰਡ ਫਤਹਿਗੜ੍ਹ ਕੋਰੋਟਾਣਾ ਵਾਸੀ ਜਗਤਾਰ ਸਿੰਘ ਦਾ ਮੋਟਰਸਾਈਕਲ ਉਸ ਸਮੇਂ ਚੋਰੀ ਕਰ ਲਿਆ ਗਿਆ, ਜਦੋਂ ਉਹ ਕਿਸੇ ਨੂੰ ਮਿਲਣ ਲਈ ਘਰ ਦੇ ਅੰਦਰ ਗਿਆ ਅਤੇ ਆਪਣਾ ਮੋਟਰਸਾਈਕਲ ਬਾਹਰ ਖੜ੍ਹਾ ਕਰ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਮੋਟਰਸਾਈਕਲ ਉਥੋਂ ਗਾਇਬ ਸੀ। ਇਸ ਸਬੰਧੀ ਉਸ ਨੇ ਥਾਣਾ ਸਿਟੀ ਮੋਗਾ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਮੋਟਰਸਾਈਕਲ ਚੋਰੀ ਕਰ ਕੇ ਲੈ ਜਾਣ ਵਾਲੇ ਨੌਜਵਾਨ ਦੀ ਤਸਵੀਰ ਵੀ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਇਸੇ ਤਰ੍ਹਾਂ ਮੋਗਾ ਦੀ ਇਕ ਬੰਦ ਗਲੀ ਵਿਚੋਂ ਅਣਪਛਾਤੇ ਚੋਰ ਆਰਾਮ ਨਾਲ ਸਕੂਟਰੀ ਚੋਰੀ ਕਰ ਕੇ ਫ਼ਰਾਰ ਹੋ ਗਏ।

ਅਣਪਛਾਤੇ ਚੋਰਾਂ ਵੱਲੋਂ ਚੌਂਕ ਸ਼ੇਖਾਂ ਸਥਿਤ ਮੰਦਰ ਦੇ ਨਾਲ ਵਾਲੀ ਗਲੀ ਵਿਚੋਂ ਬਰਤਨਾਂ ਦੀ ਦੁਕਾਨ ਕਰਨ ਵਾਲੇ ਕਪਿਲ ਨਾਮਕ ਨੌਜਵਾਨ ਦਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਜਦੋਂ ਉਹ ਆਪਣੇ ਘਰ ਗਿਆ ਅਤੇ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਮੋਟਰਸਾਈਕਲ ਗਾਇਬ ਸੀ। ਇਸੇ ਤਰ੍ਹਾਂ ਕੋਟਕਪੂਰਾ ਰੋਡ ’ਤੇ ਚੌਂਕ ਸ਼ੇਖਾਂ ਨੇੜੇ ਇੱਕ ਟੇਲਰ ਮਾਸਟਰ ਜਸਪਾਲ ਸਿੰਘ ਦੀ ਸਕੂਟਰੀ ਵੀ ਅਣਪਛਾਤੇ ਚੋਰ ਉਸ ਦੀ ਦੁਕਾਨ ਦੇ ਅੱਗੋਂ ਚੋਰੀ ਕਰਕੇ ਲੈ ਗਏ। ਉਨ੍ਹਾਂ ਵੱਲੋਂ ਵੀ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਇਸੇ ਤਰ੍ਹਾਂ ਭਗਤ ਸਿੰਘ ਮਾਰਕੀਟ ਵਿਚ ਦੁਕਾਨ ਦੇ ਅੱਗੇ ਖੜ੍ਹਾ ਮੋਟਰਸਾਈਕਲ ਵੀ ਅਣਪਛਾਤੇ ਚੋਰ ਪਲਕ ਝਪਕਦਿਆਂ ਹੀ ਚੋਰੀ ਕਰਕੇ ਲੈ ਗਏ।

ਇਸ ਸਬੰਧੀ ਵੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਵਾਹਨ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਤੋਂ ਚਿੰਤਤ ਕਾਲੜਾ ਆਟੋ ਵਰਕਸ ਦੇ ਮਾਲਕ ਅਤੇ ਪ੍ਰਸਿੱਧ ਸਮਾਜ ਸੇਵੀ ਵਰਿੰਦਰ ਕਾਲੜਾ ਨੇ ਕਿਹਾ ਕਿ ਭਾਵੇਂ ਪੁਲਸ ਹਰ ਥਾਂ ਤਾਇਨਾਤ ਨਹੀਂ ਹੋ ਸਕਦੀ, ਪਰ ਫਿਰ ਵੀ ਪੁਲਸ ਨੂੰ ਆਪਣੀ ਗਸ਼ਤ ਵਧਾਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੀ ਸੁਰੱਖਿਆ ਪ੍ਰਤੀ ਸੁਚੇਤ ਰਹਿਣ।


author

Gurminder Singh

Content Editor

Related News