ਅਧਿਆਪਕਾਂ ਨੇ ਸਮੂਹਿਕ ਛੁੱਟੀ ਲੈਣ ਲਈ ਫਰੀਦਕੋਟ ਜ਼ਿਲੇ ਦੇ ਸਿੱਖਿਆ ਅਧਿਕਾਰੀਆਂ ਨੂੰ ਸੌਪੇ ਨੋਟਿਸ

Friday, Aug 21, 2026 - 06:16 PM (IST)

ਅਧਿਆਪਕਾਂ ਨੇ ਸਮੂਹਿਕ ਛੁੱਟੀ ਲੈਣ ਲਈ ਫਰੀਦਕੋਟ ਜ਼ਿਲੇ ਦੇ ਸਿੱਖਿਆ ਅਧਿਕਾਰੀਆਂ ਨੂੰ ਸੌਪੇ ਨੋਟਿਸ

ਫਰੀਦਕੋਟ (ਚਾਵਲਾ) : ਸਾਂਝਾ ਮੁਲਾਜ਼ਮ ਪੈਨਸ਼ਨਰ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਸਮੇਤ ਡੈਮੋਕਰੇਟਿਕ ਮੁਲਾਜ਼ਮ ਫਰੰਟ ਦੇ ਝੰਡਿਆਂ ਹੇਠ ਬਣਾਈ ਸਾਂਝੀ ਤਾਲਮੇਲ ਕਮੇਟੀ ਦੇ 27 ਅਗਸਤ ਦੇ ਮਹਾਬੰਦ ਵਿਚ ਸ਼ਾਮਲ ਹੋਣ ਲਈ ਫਰੀਦਕੋਟ ਜ਼ਿਲੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਉਸ ਦਿਨ ਸਮੂਹਿਕ ਛੁੱਟੀ ਲੈਣ ਲਈ ਅੱਜ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੂੰ ਅਗਾਊਂ ਨੋਟਿਸ ਸੌਪੇ ਗਏ। ਇਸ ਨੋਟਿਸ ਅਨੁਸਾਰ ਸਮੂਹ ਅਧਿਆਪਕ ਅਤੇ ਨਾਨ ਟੀਚਿੰਗ ਸਟਾਫ ਸਮੇਤ ਸਕੂਲ ਹੈੱਡ 27 ਅਗਸਤ ਨੂੰ ਸਮੂਹਿਕ ਛੁੱਟੀ ਲੈਂਦੇ ਹੋਏ ਸਕੂਲਾਂ ਵਿਚ ਹਾਜ਼ਰ ਨਾ ਹੋ ਕੇ ਜ਼ਿਲਾ ਪੱਧਰੀ ਰੋਸ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣਗੇ। ਜੇਕਰ ਕਿਸੇ ਵੀ ਕਰਮਚਾਰੀ ਜਾਂ ਸਕੂਲ ਮੁਖੀ ਨੂੰ ਵਿਭਾਗ ਵੱਲੋਂ ਸਮੂਹਿਕ ਛੁੱਟੀ ਲੈਣ ਤੋਂ ਰੋਕਿਆ ਗਿਆ ਜਾਂ ਦਬਾਅ ਪਾਇਆ ਗਿਆ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਜਥੇਬੰਦੀਆਂ ਦੇ ਆਗੂਆਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੂਰਾ ਬਣਦਾ ਮਹਿੰਗਾਈ ਭੱਤਾ ਜਾਰੀ ਕਰਨ, 17-07-2020 ਅਤੇ 15-01-2015 ਦੇ ਮਾਰੂ ਪੱਤਰ ਨੂੰ ਰੱਦ ਕਰਨ, ਪੁਰਾਣੀ ਪੈਨਸ਼ਨ ਲਈ 2022 ਵਿਚ ਜਾਰੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ, ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਆਦਿ ਮੰਗਾਂ ਦੇ ਪੂਰਾ ਕਰਵਾਉਣ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ | ਇਸ ਮੌਕੇ ਡੀ. ਟੀ. ਐੱਫ. ਫਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸੁੱਖੀ, ਐਲੀਮੈਂਟਰੀ ਟੀਚਰਜ ਯੂਨੀਅਨ ਦੇ ਪ੍ਰਧਾਨ ਪ੍ਰੀਤ ਭਗਵਾਨ, ਜੀ. ਐੱਸ. ਟੀ. ਯੂ ਦੇ ਪ੍ਰਧਾਨ ਗੁਰਿੰਦਰ ਮਨੀ, ਮਾਸਟਰ ਕੇਡਰ ਯੂਨੀਅਨ ਫਰੀਦਕੋਟ ਦੇ ਪ੍ਰਧਾਨ ਧਰਮਿੰਦਰ ਸਿੰਘ ਅਤੇ ਈ. ਟੀ. ਟੀ. ਟੀਚਰਜ਼ ਯੂਨੀਅਨ ਫਰੀਦਕੋਟ ਦੇ ਪ੍ਰਧਾਨ ਵਰਿੰਦਰ ਅਮਰ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।


author

Gurminder Singh

Content Editor

Related News