ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਖ਼ਿਲਾਫ ਮਾਮਲਾ ਦਰਜ

Saturday, Aug 29, 2026 - 05:53 PM (IST)

ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਖ਼ਿਲਾਫ ਮਾਮਲਾ ਦਰਜ

ਜੈਤੋ (ਸਤਵਿੰਦਰ) : ਜੈਤੋ ਪੁਲਸ ਨੇ ਮੋਟਰਸਾਈਕਲ ਚੋਰੀ ਕਰਕੇ ਵੇਚਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਉਪ ਕਪਤਾਨ ਪੁਲਸ ਜੈਤੋ ਇਕਬਾਲ ਸਿੰਘ ਸੰਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਪੁਲਸ ਵੱਲੋਂ ਦਰਜ ਕੀਤੇ ਮੁਕੱਦਮੇ ਅਨੁਸਾਰ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਲੂੰਗਰ ਪੁੱਤਰ ਜਲੰਧਰ ਸਿੰਘ ਵਾਸੀ ਢਿਲਵਾਂ ਕਲਾਂ, ਸਤਵੰਤ ਸਿੰਘ ਉਰਫ਼ ਜੱਸੂ ਪੁੱਤਰ ਗੁਰਾ ਸਿੰਘ ਵਾਸੀ ਸਰਾਂਵਾਂ, ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਪੁੱਤਰ ਕੁਲਬੀਰ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ, ਢੈਪਈ ਅਤੇ ਰਵੀ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਰਾਮੂਵਾਲਾ (ਡੇਲਿਆਂਵਾਲੀ) ਵਜੋਂ ਹੋਈ ਹੈ। ਪੁਲਸ ਮੁਤਾਬਕ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਸ ਅਨੁਸਾਰ ਐੱਸ. ਐੱਚ. ਓ. ਸਹਾਇਕ ਥਾਣੇਦਾਰ ਇਕਬਾਲ ਸਿੰਘ ਫਰੀਦਕੋਟ ਸਮੇਤ ਪੁਲਸ ਕਰਮਚਾਰੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ’ਚ ਜੈਤੋ ਸ਼ਹਿਰ ’ਚ ਮੌਜੂਦ ਸਨ। ਇਸ ਦੌਰਾਨ ਕਰੀਬ 2.15 ਵਜੇ ਦੁਪਹਿਰ ਰੇਲਵੇ ਸਟੇਸ਼ਨ ਜੈਤੋ ਨੇੜੇ ਮੁਖਬਰ ਖਾਸ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਉਕਤ ਵਿਅਕਤੀ ਮੋਟਰਸਾਈਕਲ ਚੋਰੀ ਕਰ ਕੇ ਵੇਚਣ ਦੇ ਆਦੀ ਹਨ ਅਤੇ ਇਨ੍ਹਾਂ ਦਾ ਇਕ ਗਿਰੋਹ ਬਣਿਆ ਹੋਇਆ ਹੈ। ਪੁਲਸ ਅਨੁਸਾਰ ਇਹ ਵਿਅਕਤੀ ਜੈਤੋ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ’ਚੋਂ ਮੋਟਰਸਾਈਕਲ ਚੋਰੀ ਕਰ ਕੇ ਅੱਗੇ ਵੇਚਦੇ ਹਨ। ਪੁਲਸ ਨੂੰ ਇਹ ਵੀ ਸੂਚਨਾ ਮਿਲੀ ਕਿ ਉਕਤ ਵਿਅਕਤੀ ਦੋ ਚੋਰੀ ਕੀਤੇ ਡੀਲਕਸ ਮੋਟਰਸਾਈਕਲ ਬਿਨਾਂ ਨੰਬਰ ਪਲੇਟਾਂ ਦੇ ਡੇਲਿਆਵਾਲੀ ਪਿੰਡ ’ਚ ਲੈ ਕੇ ਘੁੰਮ ਰਹੇ ਹਨ ਅਤੇ ਇਨ੍ਹਾਂ ਨੂੰ ਵੇਚਣ ਲਈ ਜੈਤੋ ਆਉਣ ਵਾਲੇ ਹਨ। ਮਾਮਲੇ ਸਬੰਧੀ ਪੁਲਸ ਵੱਲੋਂ ਅਗਲੇਰੀ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਮੁੱਖ ਥਾਣਾ ਅਫ਼ਸਰ ਨਵਦੀਪ ਸਿੰਘ ਸੰਧੂ ਹਾਜ਼ਰ ਸਨ।


author

Gurminder Singh

Content Editor

Related News