ਕੇਂਦਰੀ ਮਾਡਲ ਜੇਲ ’ਚੋਂ 5 ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਸਾਮਾਨ ਬਰਾਮਦ

Thursday, Nov 26, 2026 - 01:14 PM (IST)

ਕੇਂਦਰੀ ਮਾਡਲ ਜੇਲ ’ਚੋਂ 5 ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਸਾਮਾਨ ਬਰਾਮਦ

ਫ਼ਰੀਦਕੋਟ (ਰਾਜਨ) : ਕੇਂਦਰੀ ਮਾਡਲ ਜੇਲ ਫ਼ਰੀਦਕੋਟ ’ਚੋਂ ਮੋਬਾਈਲ ਫ਼ੋਨ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਮੰਗਲਵਾਰ ਰਾਤ ਨੂੰ ਜੇਲ ਪ੍ਰਸ਼ਾਸਨ ਵੱਲੋਂ ਚਲਾਏ ਗਏ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ 5 ਮੋਬਾਈਲ ਸਮੇਤ ਹੋਰ ਪਾਬੰਦੀਸ਼ੁਦਾ ਸਾਮਾਨ ਬਰਾਮਦ ਕੀਤਾ ਗਿਆ। ਇਸ ਮਾਮਲੇ ਵਿਚ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਫ਼ਰੀਦਕੋਟ ਦੀ ਪੁਲਸ ਨੇ 6 ਹਵਾਲਾਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਨੇ ਪੁਲਸ ਨੂੰ ਭੇਜੀ ਸ਼ਿਕਾਇਤ ਵਿਚ ਦੱਸਿਆ ਕਿ ਜੇਲ ਸੁਪਰਡੈਂਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੰਗਲਵਾਰ ਰਾਤ ਨੂੰ ਜੇਲ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਬੈਰਕਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।  ਇਸ ਦੌਰਾਨ 6 ਹਵਾਲਾਤੀਆਂ ਦੇ ਕਬਜ਼ੇ ਵਿਚੋਂ 2 ਟੱਚ ਸਕਰੀਨ ਮੋਬਾਈਲ ਫ਼ੋਨ, 3 ਕੀਪੈਡ ਮੋਬਾਈਲ ਫ਼ੋਨ, ਇਕ ਹੈੱਡਫ਼ੋਨ, 3 ਚਾਰਜਰ ਅਤੇ ਇਕ ਸਮਾਰਟਵਾਚ ਬਰਾਮਦ ਹੋਈ। ਪੁਲਸ ਵੱਲੋਂ ਅੰਮ੍ਰਿਤਸਰ ਵਾਸੀ ਮਨਪ੍ਰੀਤ ਸਿੰਘ, ਫਾਜ਼ਿਲਕਾ ਵਾਸੀ ਜਸ਼ਨਪ੍ਰੀਤ ਸਿੰਘ , ਫ਼ਰੀਦਕੋਟ ਵਾਸੀ ਪਵਨ ਸਿੰਘ ਢਿੱਲਵਾਂ, ਫ਼ਿਰੋਜ਼ਪੁਰ ਵਾਸੀ ਜਤਿੰਦਰ ਸਿੰਘ, ਫਾਜ਼ਿਲਕਾ ਵਾਸੀ ਚਰਨਜੀਤ ਸਿੰਘ ਅਤੇ ਕੋਟਕਪੂਰਾ ਵਾਸੀ ਰਣਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।


author

Gurminder Singh

Content Editor

Related News