ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ, ਫਰਦਾਂ ਨਾ ਮਿਲਣ ''ਤੇ ਕਿਸਾਨਾਂ ਵੱਲੋਂ ਮੁਜ਼ਾਹਰਾ

Wednesday, Aug 22, 2018 - 12:21 PM (IST)

ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ, ਫਰਦਾਂ ਨਾ ਮਿਲਣ ''ਤੇ ਕਿਸਾਨਾਂ ਵੱਲੋਂ ਮੁਜ਼ਾਹਰਾ

ਮੋਗਾ (ਗੋਪੀ) - ਪੰਜਾਬ ਸਰਕਾਰ ਵੱਲੋਂ ਭੂਮੀ ਰਿਕਾਰਡ ਸੋਸਾਇਟੀ ਅਧੀਨ ਪ੍ਰਸ਼ਾਸਨੀ ਸੁਧਾਰ ਕਰਨ ਲਈ ਸਬ-ਡਵੀਜ਼ਨ ਪੱਧਰ 'ਤੇ ਬਣਾਏ ਫਰਦ ਕੇਂਦਰ ਕਿਸਾਨਾਂ ਨੂੰ ਸਹੂਲਤਾਂ ਦੇਣ ਦੀ ਥਾਂ ਪ੍ਰੇਸ਼ਾਨੀਆਂ ਦੇਣ ਲੱਗੇ ਹਨ। ਇੱਥੋਂ ਦੀ ਸਥਿਤੀ ਇਸ ਕਦਰ ਗੰਭੀਰ ਬਣ ਗਈ ਹੈ ਕਿ ਕਿਸਾਨਾਂ ਨੂੰ ਆਪਣੀਆਂ ਫਰਦਾਂ ਲੈਣ ਲਈ ਟੋਕਨ ਲੈ ਕੇ ਹਫਤਾ ਭਰ ਉਡੀਕ ਕਰਨੀ ਪੈਂਦੀ ਹੈ। ਇਸ ਸਬੰਧ 'ਚ ਰੋਸ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਦੱਸਿਆ ਕਿ ਸਵੇਰੇ 9 ਵਜੇ ਟੋਕਨ ਦੇਣਾ ਸ਼ੁਰੂ ਕੀਤਾ ਜਾਂਦਾ ਹੈ ਅਤੇ ਕੁਝ ਮਿੰਟਾਂ ਬਾਅਦ ਹੀ ਇਸ ਨੂੰ ਫਿਰ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਟੋਕਨ ਲੈਣ ਲਈ ਕਿਸਾਨਾਂ ਨੂੰ ਕਈ-ਕਈ ਗੇੜੇ ਮਾਰਨੇ ਪੈਂਦੇ ਹਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਘੱਲਕਲਾਂ ਦਾ ਕਹਿਣਾ ਸੀ ਕਿ ਫਰਦ ਕੇਂਦਰ 'ਤੇ ਕਿਸਾਨਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਦੀ ਸਹੂਲਤ ਲਈ ਘੱਟੋ-ਘੱਟ 5 ਖਿੜਕੀਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਖਿੜਕੀਆਂ ਜ਼ਿਆਦਾ ਹੋਣ ਤਾਂ ਕਿਸਾਨਾਂ ਨੂੰ ਸਮੇਂ ਸਿਰ ਫਰਦ ਮੁਹੱਈਆ ਹੋ ਸਕਦੀ ਹੈ। ਕਿਸਾਨ ਹਰਮੇਲ ਸਿੰਘ, ਜਗਦੇਵ ਸਿੰਘ, ਭੁਪਿੰਦਰ ਸਿੰਘ ਅਤੇ ਗੁਰਮੇਲ ਸਿੰਘ ਮੰਡੀਰਾਂ ਦਾ ਕਹਿਣਾ ਸੀ ਕਿ ਐਮਰਜੈਂਸੀ ਲਈ ਜਦੋਂ ਕਦੇ ਜਮ੍ਹਾਬੰਦੀ ਦੀ ਲੋੜ ਪੈਂਦੀ ਹੈ ਤਾਂ ਜਮ੍ਹਾਬੰਦੀ ਨਹੀਂ ਮਿਲਦੀ ਅਤੇ ਜਿਸ ਕਰਕੇ ਕਈ ਦਫਾ ਦਫਤਰੀ ਅਮਲੇ ਨਾਲ ਗੰਡਤੁੱਪ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਫਰਦ ਕੇਂਦਰ 'ਚ ਕਿਸਾਨਾਂ ਦੀ ਸਹੂਲਤ ਲਈ ਪਾਣੀ ਦਾ ਪ੍ਰਬੰਧ ਵੀ ਨਹੀਂ ਹੈ, ਜਿਸ ਕਾਰਨ ਲੋਕ ਹਾਲੋ-ਬੇਹਾਲ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਰਹਿੰਦੇ ਹਨ।  

ਫਰਦ ਕੇਂਦਰ ਇੰਚਾਰਜ ਦਾ ਪੱਖ
ਫਰਦ ਕੇਂਦਰ ਦੇ ਇੰਚਾਰਜ ਸ਼ੈਲਜਾ ਮਲਚੰਦਾ ਨੇ ਕਿਹਾ ਕਿ ਫਰਦ ਕੇਂਦਰ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਰੋਜ਼ 100 ਟੋਕਨ ਦਿੱਤੇ ਜਾਂਦੇ ਹਨ, ਜਿਸ ਦੇ ਆਧਾਰ 'ਤੇ 150 ਤੋਂ 200 ਫਰਦਾਂ ਜਾਰੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਇੰਟਰਨੈੱਟ ਦਾ ਸਰਵਰ ਡਾਊਨ ਹੋਣ ਕਰ ਕੇ ਸਮੱਸਿਆ ਬਣਦੀ ਹੈ। ਉਨ੍ਹਾਂ ਕਿਹਾ ਕਿ ਦੋ ਕਾਊਂਟਰ ਚੱਲ ਰਹੇ ਹਨ ਅਤੇ ਇਕ ਹੋਰ ਕਾਊਂਟਰ ਜਲਦ ਹੀ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।


Related News