ਇਲੈਕਟ੍ਰੀਸਿਟੀ ਅਧਿਕਾਰੀਆਂ ਨੇ ਨਹੀਂ ਕੀਤਾ ਰੀਫੰਡ, ਫੋਰਮ ਨੇ 10 ਹਜ਼ਾਰ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ

Monday, Oct 08, 2018 - 06:14 AM (IST)

ਇਲੈਕਟ੍ਰੀਸਿਟੀ ਅਧਿਕਾਰੀਆਂ ਨੇ ਨਹੀਂ ਕੀਤਾ ਰੀਫੰਡ, ਫੋਰਮ ਨੇ 10 ਹਜ਼ਾਰ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ

ਚੰਡੀਗਡ਼੍ਹ, (ਰਾਜਿੰਦਰ)- ਬਿਜਲੀ ਦਾ ਲੋਡ ਵਧਾਉਣ ਸਬੰਧੀ ਥ੍ਰੀ-ਫੇਜ਼ ਮੀਟਰ ਲਾਉਣ ਲਈ ਸ਼ਿਕਾਇਤਕਰਤਾ ਨੂੰ ਖੁਦ ਤਾਰ  ਖਰੀਦਣੀ ਪਈ ਪਰ ਬਾਵਜੂਦ ਇਸ ਦੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਉਸਨੂੰ ਰੀਫੰਡ ਨਹੀਂ ਕੀਤਾ। ਖਪਤਕਾਰ ਫੋਰਮ ਨੇ ਵਿਰੋਧੀ ਪਾਰਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ  ਲਈ ਇਕਮੁਸ਼ਤ ਰਾਸ਼ੀ 10 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਜਾਰੀ ਕਰੇ। ਹੁਕਮਾਂ ਦੀ ਕਾਪੀ ਮਿਲਣ ’ਤੇ 45 ਦਿਨਾਂ ਦੇ ਅੰਦਰ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ, ਨਹੀਂ ਤਾਂ ਵਿਰੋਧੀ ਪਾਰਟੀ ਨੂੰ ਉਕਤ ਮੁਆਵਜ਼ੇ ਤੋਂ ਇਲਾਵਾ 10 ਹਜ਼ਾਰ ਰੁਪਏ ਐਡੀਸ਼ਨਲ ਰਾਸ਼ੀ ਵੀ ਜਾਰੀ ਕਰਨੀ ਹੋਵੇਗੀ। ਇਹ ਹੁਕਮ ਜ਼ਿਲਾ ਖਪਤਕਾਰ  ਫੋਰਮ-2 ਨੇ ਸੁਣਵਾਈ ਦੌਰਾਨ ਜਾਰੀ ਕੀਤੇ।     
 ਇਹ ਹੈ ਮਾਮਲਾ
 ਸੈਕਟਰ-44ਡੀ ਚੰਡੀਗਡ਼੍ਹ ਨਿਵਾਸੀ ਨਰੇਸ਼ਜੀਤ ਸਿੰਘ ਤੇ ਤਰਲੋਚਨ ਕੋਰ ਨੇ ਫੋਰਮ ’ਚ ਐਗਜ਼ੀਕਿਊਟਿਵ ਇੰਜੀਨੀਅਰ, ਇਲੈਕਟ੍ਰੀਸਿਟੀ, ਓ. ਪੀ. ਡਵੀਜ਼ਨ ਨੰਬਰ 4, ਸੈਕਟਰ-4, ਸੈਕਟਰ-34, ਚੰਡੀਗਡ਼੍ਹ ਤੇ ਸਬ-ਡਵੀਜ਼ਨਲ ਅਫਸਰ, ਓ. ਪੀ. ਡਵੀਜ਼ਨ ਨੰਬਰ 9, ਸੈਕਟਰ-43, ਚੰਡੀਗਡ਼੍ਹ ਖਿਲਾਫ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਦਾ ਵਿਰੋਧੀ ਪਾਰਟੀ ਵਲੋਂ ਬਿਜਲੀ ਕੁਨੈਕਸ਼ਨ ਚੱਲ ਰਿਹਾ ਸੀ। ਉਨ੍ਹਾਂ ਨੇ ਕੁਨੈਕਟਿਡ ਲੋਡ ਫੇਜ਼-2 ਤੋਂ ਫੇਜ਼-3 ਸਪਲਾਈ ਕਰਨ ਦੀ ਅਪੀਲ ਕੀਤੀ ਤੇ ਇਸ ਲਈ ਪ੍ਰੋਸੈਸਿੰਗ ਫੀਸ  ਜਮ੍ਹਾ ਕਰਵਾਈ। ਸ਼ਿਕਾਇਤਕਰਤਾ ਨੇ ਓ. ਪੀ. ਕੋਲ 8 ਮਈ 2017 ਨੂੰ 4800 ਰੁਪਏ ਜਮ੍ਹਾ ਕਰਵਾਏ, ਜਿਸ ’ਚ 1800 ਰੁਪਏ ਸਕਿਓਰਿਟੀ ਮੀਟਰ ਤੇ ਤਿੰਨ ਹਜ਼ਾਰ ਸਰਵਿਸ ਕੁਨੈਕਸ਼ਨ ਚਾਰਜਿਜ਼ ਫੀਸ ਸੀ।
 ਉਨ੍ਹਾਂ ਕਿਹਾ ਕਿ ਇਸ ਸਭ ਤੋਂ ਬਾਅਦ 15 ਦਿਨਾਂ ਤਕ ਕੋਈ ਕਾਰਵਾਈ ਨਹੀਂ ਕੀਤੀ, ਜਦੋਂ ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਮੰਗੀ ਤਾਂ ਦੱਸਿਆ ਗਿਆ ਕਿ ਥ੍ਰੀ-ਫੇਜ਼ ਕੁਨੈਕਸ਼ਨ ਲਈ 10 ਐੱਮ. ਐੱਮ. 4 ਕੋਰ ਵਾਇਰ ਦੀ ਜ਼ਰੂਰਤ ਹੈ। ਇਹ ਵਾਇਰ ਵਿਭਾਗ ਕੋਲ ਉਪਲਬਧ ਨਹੀਂ ਹੈ ਤੇ ਨਾ ਹੀ ਇਸ ਲਈ ਕੋਈ ਟੈਂਡਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਉਹ ਥ੍ਰੀ-ਫੇਜ਼ ਕੁਨੈਕਸ਼ਨ ਲਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਮਾਰਕੀਟ ਤੋਂ ਵਾਇਰ ਆਪਣੇ ਪੱਧਰ ’ਤੇ ਹੀ ਖਰੀਦਣੀ ਹੋਵੇਗੀ। ਸ਼ਿਕਾਇਤਕਰਤਾ ਨੇ ਥ੍ਰੀ-ਫੇਜ਼ ਵਾਇਰ ਆਪਣੇ ਪੈਸਿਅਾਂ ਨਾਲ ਹੀ ਖਰੀਦੀ। ਜਦੋਂ ਵਿਭਾਗ ਕੋਲ ਲੋਡ ਵਧਾਉਣ ਲਈ ਉੱਚਿਤ ਮਟੀਰੀਅਲ ਹੀ ਨਹੀਂ ਹੈ ਤਾਂ ਫਿਰ ਉਹ ਲੋਡ ਐਲਾਨ ਕਰਨ ਲਈ ਐਡਵਾਈਜ਼ਰੀ ਹੀ ਕਿਉਂ ਜਾਰੀ ਕਰਦਾ ਹੈ, ਉਥੇ ਹੀ ਵਿਰੋਧੀ ਪਾਰਟੀ ਨੇ ਫੋਰਮ ’ਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਨੇ ਸੇਵਾ ’ਚ ਕੋਤਾਹੀ ਨਹੀਂ ਵਰਤੀ।


Related News