ਕੈਪਟਨ ਅਮਰਿੰਦਰ ਸਿੰਘ ਗੁਰੂ ਘਰ ਗੋਬਿੰਦਪੁਰਾ ਵਿੱਚ ਕੀਤੇ ਵਾਅਦੇ ਨੂੰ ਪੂਰਾ ਕਰਨ: ਸਰਪੰਚ

02/26/2020 11:26:13 PM

ਬੁਢਲਾਡਾ,(ਮਨਜੀਤ)- ਵਿਧਾਨ ਸਭਾ ਹਲਕਾ ਬੁਢਲਾਡਾ ਵਿੱਚ ਕੋਈ ਵੀ ਉਦਯੋਗ ਅਤੇ ਕਾਰਖਾਨੇ ਨਾ ਹੋਣ ਕਾਰਨ ਦਿਨੋ-ਦਿਨ ਬੇਰੁਜਗਾਰੀ ਵਿੱਚ ਵਾਧਾ ਹੋ ਰਿਹਾ ਹੈ। ਨੌਜਵਾਨ ਲਡ਼ਕੇ-ਲਡ਼ਕੀਆਂ ਦੇ ਮਾਪੇ ਆਪਣੇ ਘਰਾਂ ਦੇ ਗਹਿਣੇ ਅਤੇ ਜਮੀਨਾਂ ਵੇਚ ਕੇ 20 ਤੋਂ 30 ਲੱਖ ਰੁਪਏ ਖਰਚ ਕਰਕੇ ਆਪਣੇ ਜਿਗਰ ਦੇ ਟੁਕਡ਼ਿਆਂ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਮਜਬੂਰ ਹੋ ਕੇ ਭੇਜ ਰਹੇ ਹਨ। ਹੁਣ ਹਰ ਸ਼ਹਿਰ ਵਿੱਚ 4 ਤੋਂ 5 ਆਈਲੈਟਸ ਸੈਂਟਰ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਲਡ਼ਕੇ-ਲਡ਼ਕੀਆਂ ਆਈਲੈਟਸ ਦੀ ਦੌਡ਼ ਵਿੱਚ ਹਨ। ਇਸ ਖੇਤਰ ਵਿੱਚ ਇੱਕ ਸ਼ੂਗਰ ਮਿੱਲ ਹੀ ਰੁਜਗਾਰ ਅਤੇ ਕਾਰੋਬਾਰ ਲਈ ਵਧੀਆ ਉਦਯੋਗਾਂ ਵਿੱਚ ਸ਼ਾਮਿਲ ਸੀ। ਪਰ ਉਸ ਨੂੰ ਪਿਛਲੇ ਸਮੇਂ ਦੌਰਾਨ ਬੰਦ ਕਰਨ ਦੇ ਨਾਲ-ਨਾਲ ਇਸ ਖੇਤਰ ਦਾ ਕਾਰੋਬਾਰ ਦਿਨੋ-ਦਿਨ ਤਬਾਹ ਹੁੰਦਾ ਜਾ ਰਿਹਾ ਹੈ। ਸ਼ਹਿਰ ਬੁਢਲਾਡਾ ਨੂੰ ਆਉਣ-ਜਾਣ ਵਾਲੀਆਂ ਮੁੱਖ ਸਡ਼ਕਾਂ ਟੁੱਟੀਆਂ ਹੋਣ ਕਾਰਨ ਇੱਕ ਵੱਡਾ ਹਲਕੇ ਦੀ ਮੰਦਹਾਲੀ ਲਈ ਕਾਰਨ ਹੈ। ਇਸ ਤੋਂ ਇਲਾਵਾ ਅਕਾਲੀ-ਭਾਜਪਾ ਸਰਕਾਰ ਦੌਰਾਨ ਤਾਪ ਬਿਜਲੀ ਲਗਾਉਣ ਲਈ ਕਿਸਾਨਾਂ ਦੀ 1140 ਏਕਡ਼ ਦੇ ਕਰੀਬ ਉਪਜਾਊ ਜਮੀਨ ਐਕਵਾਇਰ ਕੀਤੀ ਸੀ ਜੋ ਕਿ ਅਵਾਰਾ ਪਸ਼ੂਆਂ, ਰੋਝਾਂ ਅਤੇ ਨਸ਼ੇਡ਼ੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ। ਇਸ ਸੰਬੰਧੀ ਪਿੰਡ ਗੋਬਿੰਦਪੁਰਾ ਦੇ ਸਰਪੰਚ ਅਤੇ ਪੰਚਾਇਤ ਯੂਨੀਅਨ ਬਲਾਕ ਬੁਢਲਾਡਾ ਦੇ ਸਰਪ੍ਰਸਤ ਗੁਰਲਾਲ ਸਿੰਘ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਇਹ ਜਮੀਨ ਐਕਵਾਇਰ ਕੀਤੀ ਗਈ ਸੀ। ਉਸ ਸਮੇਂ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਅਕਾਲੀ-ਭਾਜਪਾ ਸਰਕਾਰ ਵਿਰੁੱਧ ਸੰਘਰਸ਼ ਕੀਤਾ ਗਿਆ ਸੀ, ਜਿਸ ਵਿੱਚ ਵਿਸ਼ੇਸ਼ ਤੋਰ ਤੇ ਵਿਰੋਧੀ ਧਿਰ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੀ ਟੀਮ ਨੇ ਪਿੰਡ ਗੋਬਿੰਦਪੁਰਾ ਦੇ ਗੁਰੂ ਘਰ ਵਿਖੇ ਪਹੁੰਚ ਕੇ ਵਿਸ਼ਵਾਸ਼ ਦਿਵਾਇਆ ਸੀ ਕਿ ਸਰਕਾਰ ਆਉਣ ਤੇ ਗੋਬਿੰਦਪੁਰਾ ਦੀ ਜਮੀਨ ਤੇ ਪਿੰਡ ਵਾਸੀਆਂ ਦੀ ਸਲਾਹ ਨਾਲ ਪ੍ਰਜੈਕਟ ਲਾਇਆ ਜਾਵੇਗਾ। ਅਸਲੀ ਜਮੀਨਾਂ ਦੇ ਮਾਲਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਉਜਾਡ਼ਾ ਭੱਤਾ ਮਜਦੂਰਾਂ ਨੂੰ ਦਿੱਤਾ ਜਾਵੇਗਾ। ਪਰ ਅਜੇ ਤੱਕ ਇਹ ਸਭ ਕੁਝ ਨਹੀਂ ਹੋਇਆ। ਜਦਕਿ ਬਾਹਰਲੇ ਪਿੰਡਾਂ ਦੇ ਵਾਸੀ ਪਿੰਡ ਗੋਬਿੰਦਪੁਰਾ ਦੀ ਜਮੀਨ ਦੇ ਤਬਾਦਲੇ ਕਰਵਾਕੇ ਨੌਕਰੀਆਂ ਅਤੇ ਹੋਰ ਲਾਭ ਲੈ ਗਏ, ਜਦਕਿ ਪਿੰਡ ਦੇ ਵਾਸੀ ਅਜੇ ਵੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਸਰਪੰਚ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੀਤੇ ਵਾਅਦੇ ਤੇ ਖਰਾ ਉਤਰਨ ਤਾਂ ਜੋ ਇਸ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇ। ਇਸ ਮੌਕੇ ਹਰਜਿੰਦਰ ਸਿੰਘ ਮਿੱਠੂ ਪੰਚ, ਪੰਚ ਅਮ੍ਰਿਤਪਾਲ ਸਿੰਘ, ਦਰਸ਼ਨ ਸਿੰਘ, ਲਾਭ ਸਿੰਘ, ਕਰਨੈਲ ਸਿੰਘ, ਨਾਇਬ ਸਿੰਘ, ਤਰਸੇਮ ਸੇਮਾ, ਕੁਲਦੀਪ ਸਿੰਘ, ਗੁਰਮੇਲ ਮੋਨੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ। ਇਸ ਸੰਬੰਧੀ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਕਿਹਾ ਕਿ ਗੋਬਿੰਦਪੁਰਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਜਲਦੀ ਹੀ ਲਿਆਂਦਾ ਜਾਵੇ ਤਾਂ ਜੋ ਇਸ ਖੇਤਰ ਦੇ ਲੋਕਾਂ ਨੂੰ ਰਾਹਤ ਮਿਲ ਸਕੇ।


Bharat Thapa

Content Editor

Related News