ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾਂ ਨੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ,ਕਿਹਾ- ਸ਼ਹੀਦਾਂ ਦੇ ਰਿਣੀ ਹਾਂ

10/19/2022 1:23:37 PM

ਫਿਰੋਜ਼ਪੁਰ (ਕੁਮਾਰ) : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਸਵੇਰੇ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਸਮੇਤ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੇ ’ਸਮਾਰਕ ਤੇ ਪੁੱਜੇ, ਜਿੱਥੇ ਉਨ੍ਹਾਂ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਬੀ.ਕੇ.ਦੱਤ ਅਤੇ ਪੰਜਾਬ ਮਾਤਾ ਦੀਆਂ ਸਮਾਧਾਂ ’ਤੇ ਮੱਥਾ ਟੇਕਿਆ ਅਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਦਾ ਪਿੱਪਲ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ, ਪੰਜਾਬ ਭਾਜਪਾ ਆਗੂ ਸ਼ੈਲੇ ਸੰਧੂ ਗੁਰੂਹਰਸਹਾਏ, ਪੰਜਾਬ ਭਾਜਪਾ ਆਗੂ ਡੀ.ਪੀ.ਚੰਦਨ, ਚੇਅਰਮੈਨ ਮਨਜੀਤ ਸਿੰਘ ਰਾਏ, ਦਵਿੰਦਰ ਬਜਾਜ, ਮੋਹਿਤ ਢੱਲ, ਜਗਰਾਜ ਸਿੰਘ ਕਟੋਰਾ, ਮਨੀਸ਼ ਸ਼ਰਮਾ, ਸੁਸ਼ੀਲ ਗੁਪਤਾ ਤੋਂ ਇਲਾਵਾ ਭਾਜਪਾ ਦੇ ਹੋਰ ਅਹੁਦੇਦਾਰ ਤੇ ਵਰਕਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- ਫਿਰੋਜ਼ਪੁਰ ਵਿਖੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਦੀਪਕ ਟੀਨੂੰ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ

ਇਸ ਮੌਕੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ ਸ਼ਹੀਦਾਂ ਦੇ ਮਾਰਗ ਦਰਸ਼ਨ 'ਤੇ ਚੱਲਦੇ ਹਾਂ ਅਤੇ ਉਨ੍ਹਾਂ ਦੀਆਂ ਸ਼ਹਾਦਤਾਂ ਅਤੇ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੇ ਸਾਰੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨਾ ਹਰ ਦੇਸ਼ ਵਾਸੀ ਦਾ ਮੁੱਢਲਾ ਫਰਜ਼ ਹੈ ਕਿਉਂਕਿ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਇਹ ਦੇਸ਼ ਭਗਤ ਹੱਸਦੇ-ਹੱਸਦੇ ਫਾਂਸੀ ’ਤੇ ਚੜ੍ਹ ਗਏ। ਸ਼ਰਮਾ ਨੇ ਕਿਹਾ ਕਿ ਅਸੀਂ ਸਾਰੇ ਇਨ੍ਹਾਂ ਸ਼ਹੀਦਾਂ ਦੇ ਰਿਣੀ ਹਾਂ। ਉਨ੍ਹਾਂ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ, ਦੇਸ਼ ਅਤੇ ਆਜ਼ਾਦੀ ਦੀ ਰਾਖੀ ਕਰਨ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਰਾਸ਼ਟਰ ਨਿਰਮਾਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਸ਼ਰਮਾ ਨੇ ਭਾਜਪਾ ਵਰਕਰਾਂ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਜਪਾ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਪੰਜਾਬ ਵਿੱਚ ਭਾਜਪਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਜਜ਼ਬਾ ਪੂਰੀ ਤਰ੍ਹਾਂ ਬੁਲੰਦ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto