ਨੌਕਰੀ ਦਿਵਾਉਣ ਦੇ ਨਾਂ ’ਤੇ 30 ਨੌਜਵਾਨਾਂ ਨਾਲ ਮਾਰੀ ਠੱਗੀ, ਦੋ ਔਰਤਾਂ ਵਿਰੁੱਧ ਮਾਮਲਾ ਦਰਜ

04/19/2021 4:08:54 PM

 ਮਲੋਟ (ਜੁਨੇਜਾ)-ਪਿਛਲੇ ਸਾਲ ਕੋਰੋਨਾ ਦੌਰਾਨ ਲੱਗੇ ਲਾਕਡਾਊਨ ’ਚ ਘਰ ਬੈਠਿਆਂ ਨੂੰ ਨੌਕਰੀ ਮੁਹੱਈਆ ਕਰਾਉਣ ਦੇ ਨਾਂ ’ਤੇ 30 ਨੌਜਵਾਨਾਂ ਦੇ ਪੈਸੇ ਹੜੱਪਣ ਵਾਲੀ ਕੰਪਨੀ ਦੀਆਂ ਦੋ ਔਰਤ ਮਾਲਕਾਂ ਖ਼ਿਲਾਫ਼ ਥਾਣਾ ਸਿਟੀ ਮਲੋਟ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਵਾਸੀ ਗੁਰੂ ਨਾਨਕ ਨਗਰ ਮਲੋਟ ਨੇ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਹੈ। ਇਸ ਸ਼ਿਕਾਇਤ ਅਨੁਸਾਰ ਪਿਛਲੇ ਸਾਲ ਕੋਰੋਨਾ ਲਾਕਡਾਊਨ ਦੌਰਾਨ ਰੋਜ਼ਗਾਰ ਲਈ ਉਸ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਥਾਪਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ’ਚ ਨੌਕਰੀ ਲਈ ਅਰਜ਼ੀ ਦਿੱਤੀ ਸੀ, ਜਿਸ ਰਾਹੀਂ ਉਸ ਦਾ ਸੰਪਰਕ ਗੀਤ ਗਿਆਨ ਐਂਟਰਪ੍ਰਾਈਜ਼ਿਜ਼ ਮੋਹਾਲੀ ਨਾਲ ਹੋਇਆ। ਉਸ ਨੂੰ ਘਰ ਬੈਠ ਕੇ ਕੰਮ ਕਰਨ ਲਈ ਟੈਲੀ ਕਾਲਰ ਦੀ ਨੌਕਰੀ ਮਿਲ ਗਈ, ਜੋ 5 ਸਤੰਬਰ 2020 ਤੋਂ ਸ਼ੁਰੂ ਹੋਈ ਸੀ।

ਸ਼ਿਕਾਇਤਕਰਤਾ ਅਨੁਸਾਰ ਕੰਪਨੀ ਵੱਲੋਂ ਮਿਲੇ ਪੱਤਰ ਅਨੁਸਾਰ ਉਸ ਨੇ 30 ਹੋਰ ਨੌਜਵਾਨਾਂ ਤੋਂ ਰੋਜ਼ਗਾਰ ਦਿਵਾਉਣ ਲਈ ਔਸਤਨ 6 ਹਜ਼ਾਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 1 ਲੱਖ 58 ਹਜ਼ਾਰ ਰੁਪਏ ਇਕੱਠੇ ਕਰ ਕੇ ਕੰਪਨੀ ਨੂੰ ਜਮ੍ਹਾ ਕਰਾ ਦਿੱਤੇ। ਇਹ ਰਾਸ਼ੀ ਨੈਨਸੀ ਗਰਗ ਦੇ ਪੰਜਾਬ ਐਂਡ ਸਿੰਧ ਬੈਂਕ ਦੇ ਖਾਤਾ ਨੰਬਰ 7991000011499, ਇਲਾਹਾਬਾਦ ਬੈਂਕ ਦੇ ਖਾਤਾ ਨੰਬਰ 50509849159, ਪੇਟੀਐੱਮ ਨੰਬਰ 9915515365 ਅਤੇ ਗੂਗਲ ਅਕਾਊਂਟ ਰਾਹੀਂ ਭੇਜੀ ਗਈ।

ਉਕਤ ਕੰਪਨੀ ਦੀਆਂ ਮਾਲਕ ਨੈਨਸੀ ਗਰਗ ਅਤੇ ਗੀਤਾ ਰਾਣੀ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਸਾਰੇ ਪ੍ਰਾਰਥੀਆਂ ਦੇ ਜਮ੍ਹਾ ਕੀਤੇ ਪੈਸੇ 30 ਮਾਰਚ 2021 ਤੱਕ ਵਾਪਸ ਕਰ ਦਿੱਤੇ ਜਾਣਗੇ ਪਰ ਅਜੇ ਤੱਕ ਕਿਸੇ ਨੂੰ ਕੋਈ ਪੈਸਾ ਵਾਪਸ ਨਹੀਂ ਕੀਤਾ, ਨਾ ਹੀ ਕਿਸੇ ਨੂੰ ਕੋਈ ਕੰਮ ਮਿਲਿਆ। ਇਸ ਸਬੰਧੀ ਪਤਾ ਕੀਤਾ ਕਿ ਉਕਤ ਗੀਤਾ ਰਾਣੀ ਅਤੇ ਨੈਨਸੀ ਗਰਗ ਦਾ ਭੌਤਿਕ ਤੌਰ ’ਤੇ ਕਿਤੇ ਕੋਈ ਦਫ਼ਤਰ ਨਹੀਂ।  ਇਸ ਸ਼ਿਕਾਇਤ ’ਤੇ ਏ. ਡੀ. ਸੀ. ਸ੍ਰੀ ਮੁਕਤਸਰ ਸਾਹਿਬ ਨੇ ਵੀ ਪੜਤਾਲ ਕੀਤੀ ਅਤੇ ਕਾਰਵਾਈ ਦੇ ਹੁਕਮ ਦਿੱਤੇ, ਜਿਸ ’ਤੇ ਸਿਟੀ ਮਲੋਟ ਪੁਲਸ ਨੇ ਉਕਤ ਦੋਵਾਂ ਔਰਤਾਂ ਗੀਤਾ ਰਾਣੀ ਅਤੇ ਨੈਨਸੀ ਗਰਗ ਮਾਲਕ ਗੀਤ ਗਿਆਨ ਐਂਟਰਪ੍ਰਾਈਜ਼ਿਜ਼ ਮੋਹਾਲੀ ਖ਼ਿਲਾਫ਼ ਮੁਕੱਦਮਾ ਨੰਬਰ 70 ਮਿਤੀ 18 ਅਪ੍ਰੈਲ 2021 ਅ/ਧ 420 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਇਸ ਮਾਮਲੇ ਦੀ ਕਾਰਵਾਈ ਕਰ ਰਹੇ ਏ. ਐੱਸ. ਆਈ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਅਗਲੀ ਜਾਂਚ ਲਈ ਮੁਕੱਦਮਾ ਏ. ਐੱਸ. ਆਈ. ਗੁਰਮੀਤ ਸਿੰਘ ਨੂੰ ਸੌਂਪ ਦਿੱਤਾ ਹੈ।


Manoj

Content Editor

Related News