ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ 4 ਕਾਬੂ
Sunday, Oct 27, 2024 - 07:09 PM (IST)
ਮੋਗਾ (ਆਜ਼ਾਦ)-ਨਸ਼ੇ ਵਾਲੇ ਪਦਾਰਥਾਂ ਅਤੇ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਸ ਨੇ ਹੈਰੋਇਨ ਅਤੇ ਸ਼ਰਾਬ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਥਾਣਾ ਧਰਮਕੋਟ ਦੇ ਮੁੱਖ ਅਫਸਰ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਪਰਵਿੰਦਰ ਸਿੰਘ ਇਲਾਕੇ ਵਿਚ ਗਸਤ ਕਰਦੇ ਹੋਏ ਬੰਦ ਪੈਟਰੋਲ ਪੰਪ ਕੋਟ ਈਸੇ ਖਾਂ ਰੋਡ ਧਰਮਕੋਟ ’ਤੇ ਜਾ ਰਹੇ ਸੀ ਤਾਂ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮਨਜੀਤ ਸਿੰਘ ਉਰਫ ਬੱਚੀ ਨੂੰ ਕਾਬੂ ਕਰ ਕੇ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਬੱਧਨੀ ਕਲਾਂ ਦੇ ਮੁੱਖ ਅਫਸਰ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸਤ ਕਰਦੇ ਹੋਏ ਪਿੰਡ ਦੌਧਰ ਸ਼ਰਕੀ ਦੇ ਕੋਲ ਜਾ ਰਹੇ ਸੀ ਤਾਂ ਗੁਪਤ ਸੂਚਨਾ ਦੇ ਆਧਾਰ ’ਤੇ ਜਸਪ੍ਰੀਤ ਸਿੰਘ ਉਰਫ ਜੱਸਾ ਨਿਵਾਸੀ ਪਿੰਡ ਦੌਧਰ ਸ਼ਰਕੀ ਨੂੰ ਕਾਬੂ ਕਰ ਕੇ ਉਸ ਕੋਲੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ।
ਹਾਈਵੇਅ ਤੋਂ ਹਟੇਗਾ ਜਾਮ, ਸਰਕਾਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕਰ 'ਤਾ ਵੱਡਾ ਐਲਾਨ
ਇਸੇ ਤਰ੍ਹਾਂ ਥਾਣਾ ਬਾਘਾ ਪੁਰਾਣਾ ਦੇ ਹੌਲਦਾਰ ਹਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਅਮਰਜੀਤ ਸਿੰਘ ਨਿਵਾਸੀ ਮਾਹਲਾ ਕਲਾਂ ਨੂੰ ਕਾਬੂ ਕਰ ਕੇ ਉਸ ਕੋਲੋਂ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ।
ਇਸੇ ਤਰ੍ਹਾਂ ਥਾਣਾ ਚੜਿੱਕ ਦੇ ਮੁੱਖ ਅਫਸਰ ਗੁਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਰੇਸ਼ਮ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਝੰਡੇਵਾਲਾ ਕੋਲ ਜਾ ਰਹੇ ਸੀ ਤਾਂ ਗੁਪਤ ਸੂਚਨਾ ਦੇ ਆਧਾਰ ’ਤੇ ਲਖਵਿੰਦਰ ਸਿੰਘ ਉਰਫ ਰਿੰਕੂ ਨਿਵਾਸੀ ਪਿੰਡ ਸਿੰਘਾਂਵਾਲਾ ਨੂੰ ਕਾਬੂ ਕਰ ਕੇ ਉਸ ਕੋਲੋਂ 32 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ, ਜਿਸ ਨੂੰ ਬਾਅਦ ਵਿਚ ਬਰ ਜ਼ਮਾਨਤ ਰਿਹਾਅ ਕੀਤਾ ਗਿਆ। ਸਾਰੇ ਕਥਿਤ ਮੁਲਜ਼ਮਾਂ ਖ਼ਿਲਾਫ ਮਾਮਲੇ ਦਰਜ ਕੀਤੇ ਗਏ ਹਨ।