ਧਾਰਮਿਕ ਤੇ ਸਿਆਸੀ ਧੜੇਬੰਦੀਆਂ ਦੇ ਉਭਾਰ ''ਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ : ਭਾਈ ਗਰੇਵਾਲ

12/13/2019 7:13:47 PM

ਅੰਮ੍ਰਿਤਸਰ,(ਦੀਪਕ) : ਪਿਛਲੇ ਕੁਝ ਸਮੇਂ ਤੋਂ ਸਿਆਸੀ ਆਗੂਆਂ ਅਤੇ ਸੰਤ ਸਮਾਜ ਦੇ ਕੁਝ ਨੁਮਾਇੰਦਿਆਂ ਵੱਲੋਂ ਆਪਣੇ ਵਿਚਾਰਕ ਵਖਰੇਵਿਆਂ, ਉੱਭਰ ਰਹੀਆਂ ਧੜੇਬੰਦੀਆਂ ਦੇ ਵਰਤਾਰੇ 'ਚ ਇਕ-ਦੂਜੇ 'ਤੇ ਦੂਸ਼ਣਬਾਜ਼ੀ, ਚਿੱਕੜ ਉਛਾਲੀ ਅਤੇ ਆਪਣੇ ਮੁਤਾਬਕ ਸਿਧਾਂਤਾਂ ਦੀ ਵਿਆਖਿਆ ਕਰ ਕੇ ਆਪਣੀ ਪ੍ਰਤਿਭਾ ਅਤੇ ਧੜੇਬੰਦਕ ਹੋਂਦ ਨੂੰ ਉਭਾਰਨ ਦੀ ਦੌੜ 'ਚ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਲਪੇਟੇ 'ਚ ਲਿਆ ਜਾ ਰਿਹਾ ਹੈ। ਜਿਸ ਕਰ ਕੇ ਸਿੱਖਾਂ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣਿਆਂ ਵੱਲੋਂ ਹੀ ਨੀਵਾਂ ਦਿਖਾਉਣ ਅਤੇ ਉਸ ਦੀ ਪ੍ਰਭੂਸੱਤਾ ਨੂੰ ਚੁਣੌਤੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਮੰਦਭਾਗਾ ਹੈ। ਇਹ ਪ੍ਰਗਟਾਵਾ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਭਾਈ ਗੁਰਬਖਸ਼ ਸਿੰਘ ਖ਼ਾਲਸਾ ਨੇ ਕੀਤਾ।

ਫੈੱਡਰੇਸ਼ਨ ਆਗੂਆਂ ਨੇ ਕਿਹਾ ਕਿ ਸੰਤ ਸਮਾਜ ਦੇ ਆਗੂਆਂ ਵੱਲੋਂ ਸਿੱਧੇ ਤੌਰ 'ਤੇ ਗੁਰਬਾਣੀ, ਇਤਿਹਾਸ ਅਤੇ ਪੰਥਕ ਰਵਾਇਤਾਂ ਨੂੰ ਠੇਂਗਾ ਦਿਖਾਇਆ ਜਾ ਰਿਹਾ ਹੈ ਅਤੇ ਸਿਆਸੀ ਪਾਰਟੀ ਅਕਾਲੀ ਦਲ 'ਚ ਪੈਦਾ ਹੋ ਰਹੀ ਨਵੀਂ ਸਫਬੰਦੀ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ 'ਚ ਸਿਆਸੀ ਖੇਤਰ ਤੋਂ ਅੱਗੇ ਚੱਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਸਨਮਾਨ ਨੂੰ ਵੀ ਅਣਡਿੱਠ ਕਰ ਕੇ ਬੇਲੋੜੀ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ, ਜਦਕਿ ਇਹ ਹੈਰਾਨੀਜਨਕ ਮਾਮਲਾ ਹੈ। ਅਜਿਹਾ ਕਰਨ ਵਾਲੇ ਇਹ ਧਾਰਮਿਕ ਅਤੇ ਰਾਜਨੀਤਕ ਆਗੂ ਆਪਣੇ-ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਅਤੇ ਝੰਡਾ ਬਰਦਾਰ ਹੋਣ ਦਾ ਦਾਅਵਾ ਠੋਕ ਰਹੇ ਹਨ। ਆਗੂਆਂ ਨੇ ਕਿਹਾ ਕਿ ਅਸੀਂ ਇਸ ਵਰਤਾਰੇ ਨਾਲ ਆਪਣੀ ਹੀ ਕੌਮ ਨੂੰ ਸਵਾਲਾਂ ਵਿਚ ਉਲਝਾ ਕੇ ਦੁਸ਼ਮਣ ਤਾਕਤਾਂ ਦੀਆਂ ਕੋਝੀਆਂ ਚਾਲਾਂ ਨੂੰ ਹੋਰ ਵਧਣ-ਫੁੱਲਣ ਦਾ ਮੌਕਾ ਦੇ ਰਹੇ ਹਾਂ।

ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਆਗੂਆਂ ਨੇ ਧਾਰਮਿਕ ਅਤੇ ਰਾਜਸੀ ਲੋਕਾਂ ਨੂੰ ਅਪੀਲ ਕੀਤੀ ਕਿ ਕੌਮ ਦੀ ਹੋਣੀ ਨੂੰ ਸੰਵਾਰਨ ਵਾਲੀਆਂ ਧਿਰਾਂ ਆਪਣੀ ਸੋਚ ਨੂੰ ਸਿਰਫ ਦੂਸ਼ਣਬਾਜ਼ੀ ਤੱਕ ਹੀ ਸੀਮਤ ਨਾ ਰੱਖ ਕੇ ਆਪਸੀ ਦੂਰੀਆਂ ਮਿਟਾਉਣ ਲਈ ਵੀ ਯਤਨ ਕਰਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਜੋਕੇ ਅਧਿਆਏ ਨੂੰ ਜਥੇਦਾਰ ਗਿ. ਹਰਪ੍ਰੀਤ ਸਿੰਘ ਦੀ ਅਗਵਾਈ 'ਚ ਸਮੁੱਚੀ ਸਿੱਖ ਸੰਗਤ ਸਨਮਾਨ, ਸਤਿਕਾਰ ਨਾਲ ਵੱਡੀ ਪੱਧਰ 'ਤੇ ਪ੍ਰਵਾਨ ਕਰ ਚੁੱਕੀ ਹੈ, ਜਿਸ ਨੂੰ ਹੋਰ ਮਜ਼ਬੂਤ ਕਰਨਾ ਸਿੱਖ ਪੰਥ ਦੀ ਅੱਜ ਦੇ ਸਮੇਂ 'ਚ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਮੁਫ਼ਾਦਾਂ ਤੇ ਵਿਵਾਦਾਂ ਤੋਂ ਉਪਰ ਉੱਠ ਕੇ ਸਮੁੱਚੇ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਜ਼ਬੂਤ ਕਰਨਾ ਹੀ ਵੱਡੇ ਪੰਥ ਪ੍ਰਸਤ ਹੋਣ ਦਾ ਸਬੂਤ ਹੋਵੇਗਾ। ਇਸ ਮੌਕੇ ਹਰਦੀਪ ਸਿੰਘ ਕੋਟ ਰਾਂਝਾ, ਪ੍ਰਭਜੀਤ ਸਿੰਘ ਕਾਹਲੋਂ, ਇੰਜ. ਗੁਰਫਤਹਿ ਸਿੰਘ ਗਰੇਵਾਲ, ਭੁਪਿੰਦਰ ਸਿੰਘ ਆਦਿ ਮੌਜੂਦ ਸਨ।


Related News