ਜ਼ਮੀਨ ਵਿਚੋਂ ਰਸਤਾ ਨਾ ਦੇਣ ’ਤੇ ਚਲਾਈਆਂ ਗੋਲੀਆਂ, ਕੇਸ ਦਰਜ
Friday, May 09, 2025 - 06:17 PM (IST)

ਤਰਨਤਾਰਨ (ਰਾਜੂ)- ਥਾਣਾ ਭਿੱਖੀਵਿੰਡ ਦੀ ਪੁਲਸ ਨੇ ਜ਼ਮੀਨ ਵਿਚੋਂ ਜ਼ਬਰੀ ਰਸਤਾ ਨਾ ਦੇਣ ’ਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੇ ਮਾਮਲੇ ਵਿਚ 8 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਪਰਮਜੀਤ ਕੌਰ ਵਿਧਵਾ ਗੁਰਮੁੱਖ ਸਿੰਘ ਵਾਸੀ ਬਲ੍ਹੇਰ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਉਨ੍ਹਾਂ ਨੇ ਅੱਧਾ ਕਿੱਲਾ ਜ਼ਮੀਨ ਖਰੀਦ ਕੀਤੀ ਸੀ। ਉਸ ਜ਼ਮੀਨ ਵਿਚੋਂ ਪਿੰਡ ਦੇ ਹੀ ਕੁਝ ਵਿਅਕਤੀ ਜ਼ਬਰਦਸਤੀ ਰਸਤਾ ਕੱਢਣਾ ਚਾਹੁੰਦੇ ਹਨ ਜਿਸ ਦਾ ਉਹ ਵਿਰੋਧ ਕਰਦੇ ਹਨ ਅਤੇ ਇਸ ਸਬੰਧੀ ਮਾਨਯੋਗ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ।
ਇਸੇ ਰੰਜਿਸ਼ ਨੂੰ ਲੈ ਕੇ ਬੀਤੀ 5 ਮਈ ਦੀ ਰਾਤ ਜਗਮੀਤ ਸਿੰਘ, ਜੁਗਰਾਜ ਸਿੰਘ, ਨਿਰਮਲ ਸਿੰਘ, ਸ਼ਰਨਜੀਤ ਸਿੰਘ, ਅੰਗਰੇਜ਼ ਸਿੰਘ, ਗੁਰਵੇਲ ਸਿੰਘ, ਜਸਵਿੰਦਰ ਸਿੰਘ ਅਤੇ ਗੁਰਲਾਲ ਸਿੰਘ ਨੇ ਹਮਸਲਾਹ ਹੋ ਕੇ ਹਥਿਆਰਾਂ ਨਾਲ ਉਨ੍ਹਾਂ ਦੇ ਘਰ ਉਪਰ ਫਾਇਰ ਕੀਤੇ ਜਿਸ ਕਰਕੇ ਉਨ੍ਹਾਂ ਦੇ ਘਰ ਦੀ ਬਾਹਰਲੀ ਕੰਧ ਅਤੇ ਕਮਰੇ ਦੀ ਕੰਧ ਦੇ ਬਨੇਰੇ ਵਿਚ ਗੋਲੀਆਂ ਵੱਜੀਆਂ। ਉਨ੍ਹਾਂ ਵੱਲੋਂ ਰੌਲਾ ਪਾਉਣ ’ਤੇ ਉਕਤ ਵਿਅਕਤੀ ਫਰਾਰ ਹੋ ਗਏ। ਇਸ ਸਬੰਧੀ ਏ.ਐੱਸ.ਆਈ. ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਦਈਆ ਦੀ ਸ਼ਿਕਾਇਤ ’ਤੇ ਜਗਮੀਤ ਸਿੰਘ ਪੁੱਤਰ ਨਿਰਮਲ ਸਿੰਘ, ਜੁਗਰਾਜ ਸਿੰਘ ਪੁੱਤਰ ਨਿਰਮਲ ਸਿੰਘ, ਨਿਰਮਲ ਸਿੰਘ ਪੁੱਤਰ ਅਮਰੀਕ ਸਿੰਘ, ਸ਼ਰਨਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ, ਅੰਗਰੇਜ਼ ਸਿੰਘ ਪੁੱਤਰ ਅਮਰੀਕ ਸਿੰਘ, ਗੁਰਵੇਲ ਸਿੰਘ ਪੁੱਤਰ ਸਵਰਨ ਸਿੰਘ, ਜਸਵਿੰਦਰ ਸਿੰਘ ਪੁੱਤਰ ਦਲੀਪ ਸਿੰਘ, ਗੁਰਲਾਲ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀਆਨ ਬਲ੍ਹੇਰ ਖ਼ਿਲਾਫ਼ ਮੁਕੱਦਮਾ ਨੰਬਰ 58 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।