ਸੰਤ ਫ਼ਤਹਿ ਸਿੰਘ ਵੱਲੋਂ ਪੰਜਾਬ ਦੇ ਹੱਕਾਂ ਲਈ ਕੀਤਾ ਸੰਘਰਸ਼ ਵਰਤਮਾਨ ਸਮੇਂ ਵੀ ਪ੍ਰੇਰਣਾ ਸਰੋਤ : ਐਡਵੋਕੇਟ ਧਾਮੀ

07/14/2022 10:41:24 AM

ਅੰਮ੍ਰਿਤਸਰ (ਦੀਪਕ)- ਸੰਤ ਫ਼ਤਹਿ ਸਿੰਘ ਵੱਲੋਂ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਕੀਤਾ ਗਿਆ ਸੰਘਰਸ਼ ਸਿੱਖ ਕੌਮ ਲਈ ਪ੍ਰੇਰਣਾ ਦਾ ਸੋਮਾ ਹੈ, ਜਿਸ ਤੋਂ ਅਗਵਾਈ ਲੈ ਕੇ ਪੰਜਾਬ ਨੂੰ ਦਰਪੇਸ਼ ਵਰਤਮਾਨ ਸਮੱਸਿਆਵਾਂ ਦੇ ਹੱਲ ਲਈ ਸਾਰਥਕ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਧਰਮ ਪ੍ਰਚਾਰ ਲਹਿਰ ਤਹਿਤ ਜਗਰਾਉਂ ਹਲਕੇ ਦੇ ਪਿੰਡ ਢੋਲਣ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਯਤਨਾਂ ਨਾਲ ਸੰਤ ਫ਼ਤਹਿ ਸਿੰਘ ਨੂੰ ਸਮਰਪਿਤ ਕਰਵਾਏ ਗਏ ਵਿਸ਼ਾਲ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਮੌਕੇ ਐਡਵੋਕੇਟ ਧਾਮੀ ਨੇ ਐਲਾਨ ਕੀਤਾ ਕਿ ਸੰਤ ਫ਼ਤਹਿ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੀ ਘਾਲਣਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵਿਸਥਾਰ ਵਿਚ ਪ੍ਰਕਾਸ਼ਤ ਕਰ ਕੇ ਸੰਗਤ ਤੱਕ ਪਹੁੰਚਾਇਆ ਜਾਵੇਗਾ, ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਸਿੱਖਾਂ ਅਤੇ ਪੰਜਾਬ ਦੇ ਮਸਲਿਆਂ ਪ੍ਰਤੀ ਬੀਤੇ ’ਚ ਕੀਤੇ ਗਏ ਸੰਘਰਸ਼ ਦੀ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਿੱਤਾਂ ਨੂੰ ਕਈ ਪੱਖਾਂ ਤੋਂ ਵੰਗਾਰਾਂ ਮਿਲ ਰਹੀਆਂ ਹਨ, ਜਿਨ੍ਹਾਂ ਬਾਰੇ ਚੇਤੰਨ ਹੋਣਾ ਸਮੇਂ ਦੀ ਵੱਡੀ ਲੋੜ ਹੈ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਨਾਨਕਸਰ ਢੋਲਣ ਵਿਖੇ ਸੋਲਰ ਸਿਸਟਮ ਵਿਚ ਸਹਾਇਤਾ ਲਈ 1 ਲੱਖ 25 ਹਜ਼ਾਰ ਰੁਪਏ ਦੀ ਵਿੱਤੀ ਮੱਦਦ ਦਾ ਐਲਾਨ ਵੀ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ, ਇੰਦਰਪਾਲ ਸਿੰਘ ਚੱਡਾ, ਹੈੱਡ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ, ਮੈਨੇਜਰ ਜਰਨੈਲ ਸਿੰਘ, ਸੁਖਦੇਵ ਸਿੰਘ ਗੁੱਜਣਵਾਲ, ਪ੍ਰਚਾਰਕ ਸਰਬਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।


rajwinder kaur

Content Editor

Related News