ਸ਼ਹਿਰ ਖੇਮਕਰਨ ’ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਮੁਹੱਲਾ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ

Monday, Jun 01, 2026 - 06:27 PM (IST)

ਸ਼ਹਿਰ ਖੇਮਕਰਨ ’ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਮੁਹੱਲਾ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਖੇਮਕਰਨ(ਗੁਰਮੇਲ,ਅਵਤਾਰ)- ਸ਼ਹਿਰ ਖੇਮਕਰਨ ਦੇ ਵਾਰਡ ਨੰਬਰ 2,3 ਅਤੇ 13 ਅੰਦਰ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਇਨ੍ਹਾਂ ਵਾਰਡਾਂ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਘਰਾਂ ਦੇ ਅੱਗੇ ਖੜ੍ਹਾ ਗੰਦਾ ਪਾਣੀ ਸ਼ਹਿਰ ਵਾਸੀਆਂ ਵਾਸਤੇ ਵੱਡੀ ਮੁਸੀਬਤ ਬਣਿਆ ਹੋਇਆ ਹੈ। ਕਾਂਗਰਸੀ ਆਗੂਆਂ ਗੁਰਬੀਰ ਸਿੰਘ ਖੇੜਾ ਸਾਬਕਾ ਕੌਂਸਲਰ, ਵਰਿਆਮ ਸਿੰਘ ਚੱਠੂ ਸਾਬਕਾ ਕੌਂਸਲਰ, ਵਿਕਾਸ ਵਿਜ, ਹਰਪਾਲ ਸਿੰਘ ਭੁੱਲਰ, ਡਾਕਟਰ ਗੋਰਾ ਦੀ ਹਾਜ਼ਰੀ ਵਿਚ ਮੁਹੱਲਾ ਵਾਸੀਆਂ ਅਵਤਾਰ ਸਿੰਘ, ਚਾਨਣ ਸਿੰਘ, ਸੁਖਚੈਨ ਸਿੰਘ, ਬਲਵਿੰਦਰ ਸਿੰਘ, ਗੁਰਭਜਨ ਸਿੰਘ, ਦਰਬਾਰਾ ਸਿੰਘ, ਹਰਪਾਲ ਸਿੰਘ, ਭਾਨ ਸਿੰਘ, ਲੱਖਾ ਸਿੰਘ, ਗੁਰਦਿਆਲ ਸਿੰਘ ਨੇ ਗੁਰਦੁਆਰਾ ਭਾਈ ਚੈਨ ਸਾਹਿਬ ਖੇਮਕਰਨ ਨੇੜੇ ਖੜ੍ਹੇ ਗੰਦੇ ਪਾਣੀ ਵਿਚ ਝੋਨਾ ਲਗਾ ਕੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਮੁਸ਼ਕਿਲ ਉਜਾਗਰ ਕਰਦੇ ਹੋਏ ਦੱਸਿਆ ਕਿ ਸੀਵਰੇਜ ਬੋਰਡ ਅਤੇ ਨਗਰ ਪੰਚਾਇਤ ਖੇਮਕਰਨ ਇਸ ਮੁਸ਼ਕਿਲ ਵਾਸਤੇ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। 

ਛੱਪੜ ਵਿਚ ਲੱਗੀ ਨਿਕਾਸੀ ਵਾਲੀ ਮੋਟਰ ਪਾਣੀ ਨੂੰ ਅੱਗੇ ਨਹੀਂ ਖਿੱਚ ਰਹੀ ਹੈ, ਜਿਸ ਕਾਰਨ ਛੱਪੜ ਓਵਰਫਲੋ ਹੋ ਗਿਆ ਹੈ ਤੇ ਗੰਦਾ ਪਾਣੀ ਵਾਪਸ ਗਲੀਆਂ ਤੇ ਮੁਹੱਲਿਆਂ ਵਿਚ ਖੜ੍ਹਾ ਹੈ। ਵਾਰ-ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਮੁਸ਼ਕਿਲ ਦੇ ਹੱਲ ਵਾਸਤੇ ਜਾਣੂ ਕਰਵਾਇਆ ਗਿਆ ਹੈ ਪਰ ਕੋਈ ਵੀ ਠੋਸ ਹੱਲ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਰੋਸ ਵਜੋਂ ਅੱਜ ਗੰਦੇ ਪਾਣੀ ਵਿਚ ਝੋਨਾ ਲਗਾ ਕੇ ਪ੍ਰਸ਼ਾਸਨ ਨੂੰ ਜਗਾਉਣ ਲਈ ਨਵੀਂ ਮੁਹਿੰਮ ਚਲਾਈ ਹੈ। ਉਨ੍ਹਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਵੋਟਾਂ ਲੈਣ ਵੇਲੇ ਤਾਂ ਲੀਡਰਾਂ ਵੱਲੋਂ ਲੋਕਾਂ ਨੂੰ ਵੱਡੇ-ਵੱਡੇ ਸਬਜਬਾਗ ਵਿਖਾਏ ਜਾਂਦੇ ਹਨ ਪਰ ਅੱਜ ਕੋਈ ਵੀ ਉਨ੍ਹਾਂ ਦੀ ਸਾਰ ਲੈਂਦਾ ਦਿਖਾਈ ਨਹੀਂ ਦੇ ਰਿਹਾ ਹੈ।

 ਦੱਸਣਯੋਗ ਹੈ ਕਿ ਸ਼ਹਿਰ ਖੇਮਕਰਨ ਵਿਚ ਕੁਝ ਸਾਲ ਪਹਿਲਾਂ ਪੰਜ ਕਰੋੜ 52 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕਈ ਸਾਲ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਇਹ ਪ੍ਰੋਜੈਕਟ ਨੇਪਰੇ ਨਹੀਂ ਚੜ੍ਹ ਸਕਿਆ। ਸ਼ਹਿਰ ਖੇਮਕਰਨ ਵਿਚ ਗੰਦੇ ਪਾਣੀ ਦੀ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਪਰ ਅਜੇ ਤੱਕ ਕੋਈ ਵੀ ਠੋਸ ਹੱਲ ਨਹੀਂ ਹੋ ਸਕਿਆ ਹੈ। ਬਾਬੇ ਚਿੱਟੇ ਵਾਲਾ ਰਸਤਾ ਅਤੇ ਹੋਰ ਕਈ ਰਸਤਿਆਂ ਵਿਚ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਸ਼ਹਿਰ ਵਾਸੀਆਂ ਵਾਸਤੇ ਸਿਰਦਰਦੀ ਬਣਿਆ ਹੋਇਆ ਹੈ। ਇਸ ਰਸਤੇ ਤੋਂ ਕਰੀਬ ਪੰਜ ਪਿੰਡਾਂ ਦੇ ਲੋਕ ਹਰ ਰੋਜ਼ ਗੁਜਰਦੇ ਹਨ। ਮੁਹੱਲਾ ਵਾਸੀਆਂ ਨੇ ਹਲਕਾ ਵਿਧਾਇਕ ਅਤੇ ਡੀ.ਸੀ ਤਰਨਤਾਰਨ ਤੋਂ ਮੰਗ ਕੀਤੀ ਕਿ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਅਤੇ ਪਾਣੀ ਦੀ ਨਿਕਾਸੀ ਲਈ ਤੁਰੰਤ ਠੋਸ ਪ੍ਰਬੰਧ ਕੀਤੇ ਜਾਣ। ਇਸ ਮੁਸ਼ਕਿਲ ਨੂੰ ਲੈ ਕੇ ਜਦੋਂ ਕਾਰਜ ਸਾਧਕ ਅਫਸਰ ਖੇਮਕਰਨ ਧਰਮਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਖਿਆ ਕਿ ਪਾਣੀ ਦੀ ਨਿਕਾਸੀ ਵਾਸਤੇ ਮਸ਼ੀਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਪਾਣੀ ਦੀ ਨਿਕਾਸੀ ਕਰਵਾ ਕੇ ਸ਼ਹਿਰ ਵਾਸੀਆਂ ਦੀ ਮੁਸ਼ਕਿਲ ਦਾ ਹੱਲ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਸੀਵਰੇਜ ਬੋਰਡ ਦੇ ਐੱਸ.ਡੀ.ਓ ਨਾਲ ਫੋਨ ’ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।


author

Shivani Bassan

Content Editor

Related News