ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ’ਚ ਪ੍ਰਾਈਵੇਟ ਵਿਅਕਤੀਆਂ ਦੀ ਵੱਧ ਰਹੀ ਦਖਲਅੰਦਾਜ਼ੀ

Monday, Oct 07, 2024 - 11:26 AM (IST)

ਅੰਮ੍ਰਿਤਸਰ (ਛੀਨਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ’ਚ ਅੱਜ ਕੱਲ ਕੁਝ ਪ੍ਰਾਈਵੇਟ ਵਿਅਕਤੀਆਂ ਦੀਆਂ ਲੋੜ ਤੋਂ ਵੱਧ ਹੋ ਰਹੀ ਦਖਲਅੰਦਾਜ਼ੀ ਨੂੰ ਲੈ ਕੇ ਖੂਬ ਚਰਚਾ ਹੈ, ਜਿਨ੍ਹਾਂ ’ਚੋਂ ਇਕ ਵਿਅਕਤੀ ਨੂੰ ਤਾਂ ਹਰ ਵੇਲੇ ਗੁ. ਸ਼ਹੀਦਗੰਜ ਸਾਹਿਬ ਦੇ ਮੈਨੇਜਰ ਅਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੇ ਦਫਤਰਾਂ ’ਚ ਹੀ ਘੁੰਮਦੇ ਹੋਏ ਦੇਖਿਆ ਜਾਂਦਾ ਹੈ। ਇਹ ਪ੍ਰਾਈਵੇਟ ਵਿਅਕਤੀ ਇੰਨੇ ਤੇਜਤਰਾਰ ਹਨ ਕਿ ਸ਼੍ਰੋਮਣੀ ਕਮੇਟੀ ਵਲੋਂ ਕਿਸੇ ਵੀ ਸਮਾਗਮ ਲਈ ਲਗਾਈ ਹੋਈ ਸਟੇਜ ’ਤੇ ਚੌਧਰੀ ਬਣੇ ਦਿਖਾਈ ਦਿੰਦੇ ਹਨ ਤਾਂ ਜੋ ਲੋਕਾਂ ’ਚ ਭਰਮ ਬਣਿਆ ਰਹੇ ਕਿ ਇਨ੍ਹਾਂ ਦਾ ਸ਼੍ਰੋਮਣੀ ਕਮੇਟੀ ਵਿਚ ਚੰਗਾ ਆਧਾਰ ਹੈ।

ਇਥੇ ਦੇਖਣ ’ਚ ਇਹ ਵੀ ਆਇਆ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਦਾ ਕੋਈ ਅਧਿਕਾਰੀ ਇਨ੍ਹਾਂ ਦੀ ਹੱਦੋਂ ਵੱਧ ਰਹੀ ਦਖਲਅੰਦਾਜ਼ੀ ’ਤੇ ਰੋਕ ਵੀ ਲਗਾਉਣਾ ਚਾਹੁੰਦਾ ਹੈ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਪਾਈ ਗੂੜੀ ਸਾਂਝ ਦਾ ਫਾਇਦਾ ਲੈਂਦੇ ਹੋਏ ਉਕਤ ਅਧਿਕਾਰੀ ’ਤੇ ਮੈਂਬਰ ਰਾਹੀਂ ਦਬਾਅ ਬਣਾ ਲੈਂਦੇ ਹਨ ਤਾਂ ਜੋ ਇਨ੍ਹਾਂ ਦਾ ਤੋਰੀ ਫੁਲਕਾ ਚੱਲਦਾ ਰਹੇ। ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਤੇ ਪਿਆਰ ਰੱਖਣ ਵਾਲੇ ਕੁਝ ਸ਼ਰਧਾਲੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੁ. ਸ਼ਹੀਦਗੰਜ ਸਾਹਿਬ ਵਿਖੇ ਹੋਣ ਵਾਲੇ ਸਾਲਾਨਾ ਸਮਾਗਮ ’ਚ ਇਕ ਜਥੇਬੰਦੀ ਦਾ ਸਰਪ੍ਰਸਤ ਅਖਵਾਉਣ ਵਾਲਾ ਵਿਅਕਤੀ ਆਪਣੇ ਵੱਲੋਂ ਸਟੇਜ, ਸਾਉਂਡ ਤੇ ਬਾਹਰੋਂ ਪ੍ਰਸਿੱਧ ਰਾਗੀ ਜਥੇ ਮੰਗਵਾਉਣ ਦੀ ਜ਼ਿੰਮੇਵਾਰੀ ਚੁੱਕ ਲੈਂਦਾ ਹੈ, ਜਿਸ ਲਈ ਸੰਗਤਾਂ ਕੋਲੋਂ ਮੋਟੀ ਉਗਰਾਹੀ ਵੀ ਕੀਤੀ ਜਾਂਦੀ ਹੈ, ਇਹ ਉਗਰਾਹੀ ਕਿਹੜੇ ਵਿਅਕਤੀਆਂ ਕੋਲੋਂ ਕੀਤੀ ਗਈ ਤੇ ਕਿੰਨੀ ਕੀਤੀ ਗਈ ਇਹ ਵੀ ਦੱਸਣ ਦੀ ਕਦੇ ਖੇਚਲ ਨਹੀਂ ਕੀਤੀ ਜਾਂਦੀ।

ਇਹ ਵੀ ਪੜ੍ਹੋ- ਕੱਪੜਾ ਵਪਾਰੀ ਦੇ ਮੁੰਡੇ ਨੇ ਆਪਣੇ ਆਪ ਨੂੰ ਮਾਰੀ ਗੋਲੀ

ਸ਼ਰਧਾਲੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਉਲੀਕੇ ਜਾਣ ਵਾਲੇ ਲੜੀਵਾਰ ਧਾਰਮਿਕ ਸਮਾਗਮਾਂ ਦੀ ਸਾਰੀ ਡੋਰ ਵੀ ਇਨ੍ਹਾਂ ਪ੍ਰਾਈਵੇਟ ਵਿਅਕਤੀਆਂ ਦੇ ਹੱਥ ਹੀ ਹੁੰਦੀ ਹੈ ਜਿਨ੍ਹਾਂ ਦੀ ਮਨਮਰਜ਼ੀ ਮੁਤਾਬਕ ਹੀ ਸ਼ਖਸੀਅਤਾਂ ਨੂੰ ਸਟੇਜ ’ਤੇ ਬੁਲਾ ਕੇ ਸਨਮਾਨ ਦਿੱਤਾ ਜਾਂਦਾ ਹੈ, ਜਿਸ ਕਾਰਨ ਵੀ ਸੰਗਤਾਂ ’ਚ ਭਾਰੀ ਰੋਸ ਹੈ।

ਸ਼ਰਧਾਲੂਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕਰਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ’ਚ ਲੋੜ ਤੋਂ ਜ਼ਿਆਦਾ ਵੱਧ ਚੁੱਕੀ ਪ੍ਰਾਈਵੇਟ ਵਿਅਕਤੀਆਂ ਦੀ ਦਖਲਅੰਦਾਜ਼ੀ ’ਤੇ ਸਖਤੀ ਨਾਲ ਤੁਰੰਤ ਰੋਕ ਲਗਾਈ ਜਾਵੇ ਕਿਉਂਕਿ ਇਹ ਗੁਰੂ ਘਰ ਦੇ ਕਾਰਜਾਂ ਦੀ ਆੜ ਹੇਠ ਮੋਟੀਆਂ ਉਗਰਾਹੀਆਂ ਕਰਨ ਵਾਲੇ ਕਾਰੋਬਾਰੀ ਬਣ ਚੁੱਕੇ ਹਨ।

ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਅਪਡੇਟ, ਪੰਜਾਬ 'ਚ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ

ਕੀ ਕਹਿੰਦੇ ਨੇ ਮੁੱਖ ਸਕੱਤਰ?

ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਪ੍ਰਤਾਪ ਸਿੰਘ ਦੇ ਜਦੋਂ ਧਿਆਨ ’ਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਗੁ. ਸ਼ਹੀਦਗੰਜ ਸਾਹਿਬ ਵਿਖੇ ਹੋਣ ਵਾਲੇ ਸਾਲਾਨਾ ਕੀਰਤਨ ਸਮਾਗਮ ਲਈ ਅੱਗੇ ਤੋਂ ਟੈਂਟ ਲਗਾਉਣ, ਸਾਉਂਡ ਤੇ ਬਾਹਰੋਂ ਰਾਗੀ ਜਥੇ ਮੰਗਵਾਉਣ ਸਮੇਤ ਬਾਕੀ ਦੇ ਸਾਰੇ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਖੁਦ ਹੀ ਕਰੇਗੀ ਹੁਣ ਕਿਸੇ ਵੀ ਪ੍ਰਾਈਵੇਟ ਵਿਅਕਤੀ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਅੱਗ ’ਚ ਸੜਨ ਕਾਰਨ ਵਿਆਹੁਤਾ ਔਰਤ ਦੀ ਮੌਤ, 2 ਸਾਲ ਪਹਿਲਾਂ ਹੋਇਆ ਸੀ ਵਿਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News