J&K ’ਚ ਧਮਾਕਿਆਂ ਅਤੇ 26 ਜਨਵਰੀ ਦੇ ਮੱਦੇਨਜ਼ਰ ਪੰਜਾਬ ’ਚ ਸੁਰੱਖਿਆ ਏਜੰਸੀਆਂ ਲਈ ਸਮਾਂ ਰਹੇਗਾ ਚੁਣੌਤੀਪੂਰਨ
Sunday, Jan 22, 2023 - 11:14 AM (IST)

ਪਠਾਨਕੋਟ (ਸ਼ਾਰਦਾ)- ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ‘ਭਾਰਤ ਜੋੜੋ ਯਾਤਰਾ’, ਜੋ ਕੰਨਿਆ ਕੁਮਾਰੀ ਤੋਂ ਲੈ ਕੇ ਸ਼੍ਰੀਨਗਰ ਜਾ ਰਹੀ ਹੈ, ਪੰਜਾਬ ’ਚ ਲਗਭਗ 10 ਦਿਨ ਰਹੀ। ਪੰਜਾਬ ਸਰਕਾਰ ਅਤੇ ਵਿਸ਼ੇਸ਼ ਕਰ ਕੇ ਪੰਜਾਬ ਪੁਲਸ ਲਈ ਇਸ ਯਾਤਰਾ ਨੂੰ ਲੈ ਕੇ ਇਕ ਵੱਡੀ ਚੁਣੌਤੀ ਸੀ। ਪੰਜਾਬ ਪੁਲਸ ਵਧਾਈ ਦੀ ਪਾਤਰ ਹੈ ਕਿ ਯਾਤਰਾ ਦੌਰਾਨ ਉਨ੍ਹਾਂ ਨੇ ਪਰਿੰਦੇ ਨੂੰ ਵੀ ਪਰ ਨਹੀਂ ਮਾਰਨ ਦਿੱਤਾ ਅਤੇ ਇੰਨਾ ਵਧੀਆ ਸਿਸਟਮ ਰੱਖਿਆ ਕਿ ਕੋਈ ਵੀ ਵਿਅਕਤੀ ਘੇਰੇ ’ਚ ਸੁਰੱਖਿਆ ਬਲਾਂ ਦੀ ਮਰਜ਼ੀ ਦੇ ਬਿਨਾਂ ਨਹੀਂ ਪਹੁੰਚ ਪਾਇਆ, ਜਿਸਦਾ ਨਤੀਜਾ ਹੈ ਕਿ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੂੰ ਸੁਰੱਖਿਆ ਬਲਾਂ ਦੇ ਹੱਥੋਂ ਧੱਕੇ ਤੱਕ ਖਾਣੇ ਪਏ।
ਇਸ ਦੇ ਬਾਵਜੂਦ ਵੀ ਮਾਧੋਪੁਰ ਤੋਂ ਜਿਉਂ ਹੀ ਯਾਤਰਾ ਜੰਮੂ-ਕਸ਼ਮੀਰ ’ਚ ਐਂਟਰ ਹੋਈ, ਪੰਜਾਬ ਪੁਲਸ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਯਾਤਰਾ ਅਤੇ 26 ਜਨਵਰੀ ਦਾ ਸਮਾਂ ਸੁਰੱਖਿਆ ਦੇ ਲਿਹਾਜ ਨਾਲ ਬਹੁਤ ਚੁਣੌਤੀਪੂਰਨ ਹੁੰਦਾ ਹੈ। ਪਾਕਿਸਤਾਨ ਦੀ ਏਜੰਸੀ ਆਈ. ਐੱਸ. ਆਈ. ਅਜਿਹੇ ਮੌਕਿਆਂ ’ਤੇ ਕੋਈ ਨਾ ਕੋਈ ਵੱਡਾ ਕਾਂਡ ਕਰਨ ਦੀ ਫ਼ਿਰਾਕ ’ਚ ਰਹਿੰਦੀ ਹੈ। ਹੁਣ ਜਦੋਂ ਕਿ ਡਰੋਨ ਦਾ ਇਕ ਅਜਿਹਾ ਰਸਤਾ ਨਿਕਲ ਆਇਆ ਹੈ ਕਿ ਆਸਾਨੀ ਨਾਲ ਹਥਿਆਰ ਅਤੇ ਨਸ਼ਾ ਪੰਜਾਬ ’ਚ ਕਿਤੇ ਵੀ ਭੇਜਿਆ ਜਾ ਸਕਦਾ ਹੈ। ਅਜਿਹੇ ਹਾਲਾਤਾਂ ’ਚ ਯਾਤਰਾ ਦਾ ਸਫ਼ਲ ਢੰਗ ਨਾਲ ਜੰਮੂ-ਕਸ਼ਮੀਰ ’ਚ ਜਾਣਾ ਪੰਜਾਬ ਸਰਕਾਰ ਲਈ ਇਕ ਸੁਖ਼ਦ ਪਹਿਲੂ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਬਿਆਸ ਨੇੜੇ ਗੈਂਗਸਟਰ ਅਤੇ ਪੁਲਸ ਵਿਚਾਲੇ ਮੁਕਾਬਲਾ, ਪੁਲਸ ਮੁਲਾਜ਼ਮ ਨੂੰ ਲੱਗੀ ਗੋਲੀ
ਜੰਮੂ-ਕਸ਼ਮੀਰ ’ਚ ਹੋਏ ਧਮਾਕਿਆਂ ਨਾਲ ਪਾਕਿ ਦੇ ਮਨਸੂਬੇ ਸਾਹਮਣੇ ਆਏ
ਬੀਤੇ ਦਿਨ ਜੰਮੂ ਦੇ ਬਾਹਰ ਮੁੱਖ ਮਾਰਗ ਨਰਵਾਲ ’ਤੇ 2 ਧਮਾਕੇ ਇਕੱਠੇ ਕੁਝ ਸਮੇਂ ਦੇ ਅੰਤਰ ਬਾਅਦ ਹੋਏ, ਜਿਸ ’ਚ ਲਗਭਗ 6 ਲੋਕਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਹੁਣ ਯਾਤਰਾ ਜੰਮੂ-ਕਸ਼ਮੀਰ ਪਹੁੰਚ ਗਈ ਹੈ ਅਤੇ ਸੁਰੱਖਿਆ ਦੇ ਹੋਰ ਸਖ਼ਤ ਪ੍ਰਬੰਧ ਜੰਮੂ-ਕਸ਼ਮੀਰ ਸਰਕਾਰ ਨੂੰ ਕਰਨੇ ਪੈਣਗੇ, ਉਪਰੋਂ 26 ਜਨਵਰੀ ਨੂੰ ਲੈ ਕੇ ਵੀ ਸੁਰੱਖਿਆ ਵਧਾਉਣੀ ਸਰਕਾਰ ਦੀ ਮਜ਼ਬੂਰੀ ਹੈ। ਹੁਣ ਸਾਰੇ ਲੋਕਾਂ ਦੀ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਯਾਤਰਾ ਸ਼ਾਂਤੀਪੂਰਨ ਢੰਗ ਨਾਲ ਅਗਲੇ 8 ਦਿਨ ਚੱਲ ਕੇ ਸ਼੍ਰੀਨਗਰ ਪੁੱਜੇ ਅਤੇ ਸ਼ਾਂਤੀਪੂਰਨ ਸਮਾਪਤ ਹੋਵੇ। ਅਜੇ ਵੀ ਪੰਜਾਬ ’ਚ ਚੁਣੌਤੀ ਖ਼ਤਮ ਨਹੀਂ ਹੋਈ ਕਿਉਂਕਿ ਪਾਕਿਸਤਾਨ ਦੇ ਸਮਰਥਨ, ਖਾਲਿਸਤਾਨੀ ਵਿਚਾਰਧਾਰਾ ਵਾਲੇ ਲੋਕ ਅਤੇ ਗੈਂਗਸਟਰ ਕੋਈ ਨਾ ਕੋਈ ਅਜਿਹੀ ਕਾਰਵਾਈ ਕਰਨ ਦੀ ਫ਼ਿਰਾਕ ’ਚ ਰਹਿਣਗੇ ਕਿ ਲੋਕਾਂ ਦਾ ਹੌਸਲਾ ਟੁੱਟੇ ਅਤੇ ਲਾਅ ਐਂਡ ਸਥਿਤੀ ਖ਼ਰਾਬ ਹੋਵੇ।
ਕੀ ਕਹਿਣਾ ਹੈ ਐੱਸ. ਐੱਸ. ਪੀ. ਪਠਾਨਕੋਟ ਦਾ?
ਇਸ ਸਬੰਧੀ ਪਠਾਨਕੋਟ ਦੇ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਯਾਤਰਾ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਸ਼ਾਂਤੀਪੂਰਨ ਢੰਗ ਨਾਲ ਯਾਤਰਾ ਜੰਮੂ-ਕਸ਼ਮੀਰ ’ਚ ਚਲੀ ਗਈ। ਪੁਲਸ ਦੇ ਮੁਲਾਜ਼ਮਾਂ ਨੇ ਦਿਨ-ਰਾਤ ਮਿਹਨਤ ਕਰ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ ਪਰ ਅਜੇ ਵੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਅਤੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਆਦੇਸ਼ ਅਨੁਸਾਰ ਹਰ ਸਾਲ ਦੀ ਤਰ੍ਹਾਂ ਗਣਤੰਤਰ ਦਿਵਸ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਲੱਖਾਂ ਦੇ ਸੋਨੇ ਦੀ ਲੁੱਟ, ਦੁਕਾਨਦਾਰ ਨੇ ਚੋਰਾਂ ਨੂੰ ਫੜਨ ਵਾਲਿਆਂ ਲਈ ਕਰ ਦਿੱਤਾ ਵੱਡਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।