ਸਕੂਲ ਪੜ੍ਹਦੀ 10 ਸਾਲਾ ਲੜਕੀ ਅਗਵਾ
Thursday, Jul 26, 2018 - 11:01 AM (IST)
ਤਰਨਤਾਰਨ (ਰਾਜੂ)—ਸਥਾਨਕ ਕਾਜ਼ੀਕੋਟ ਰੋਡ 'ਤੇ ਪ੍ਰਾਈਵੇਟ ਸਕੂਲ 'ਚ ਪੜ੍ਹਦੀ 10 ਸਾਲਾ ਲੜਕੀ ਨੂੰ ਕੋਈ ਨਸ਼ੇ ਵਾਲੀ ਚੀਜ਼ ਸੁੰਘਾ ਕੇ ਅਗਵਾ ਕਰ ਲਿਆ ਗਿਆ ਪਰ ਉਸ ਨੂੰ ਇਕ ਘੰਟੇ ਬਾਅਦ ਇਸ ਕਰ ਕੇ ਛੱਡ ਦਿੱਤਾ ਗਿਆ ਕਿਉਂਕਿ ਉਸੇ ਸਕੂਲ ਦੇ ਐਡਰੈੱਸ 'ਤੇ ਕਿਸੇ ਹੋਰ ਲੜਕੀ ਨੂੰ ਅਗਵਾ ਕਰਨਾ ਸੀ। ਪ੍ਰਾਪਤ ਜਾਣਕਾਰੀ
ਅਨੁਸਾਰ ਕਾਜ਼ੀਕੋਟ ਰੋਡ ਦੀ ਪੰਜਵੀਂ ਕਲਾਸ 'ਚ ਪੜ੍ਹਦੀ ਇਕ 10 ਸਾਲਾ ਲੜਕੀ ਜਦੋਂ ਵਾਪਸ 1.30 ਵਜੇ ਆਪਣੀ ਸਹੇਲੀ ਨਾਲ ਘਰ ਆ ਰਹੀ ਸੀ ਤਾਂ ਤਿੰਨ ਨਕਾਬਪੋਸ਼ ਉਸ ਨੂੰ ਨਸ਼ੇ ਵਾਲੀ ਚੀਜ਼ ਸੁੰਘਾ ਕੇ ਗੱਡੀ ਵਿਚ
ਸੁੱਟ ਲੈ ਗਏ। ਜਦੋਂ ਲੜਕੀ ਨੂੰ ਅੱਧੇ ਘੰਟੇ ਬਾਅਦ ਹੋਸ਼ ਆਈ ਤਾਂ ਲੜਕੀ ਦੇ ਸਾਹਮਣੇ ਅਗਵਾਕਾਰ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੇ ਸੀ ਕਿ ਤੁਹਾਡਾ ਕੰਮ ਹੋ ਗਿਆ ਹੈ ਪਰ ਜਦੋਂ ਉਨ੍ਹਾਂ ਵਟਸਐਪ 'ਤੇ ਲੜਕੀ ਦੀ ਫੋਟੋ ਦੇਖੀ ਤਾਂ ਦੇਖਿਆ ਕਿ ਉਨ੍ਹਾਂ ਕਿਸੇ ਗਲਤ ਲੜਕੀ ਨੂੰ ਅਗਵਾ ਕਰ ਲਿਆ ਹੈ ਤਾਂ ਅਗਵਾਕਾਰ ਤੁਰੰਤ ਉਸ ਨੂੰ ਉਸ ਦੇ ਘਰ ਤੋਂ ਦੂਰ ਕਾਜ਼ੀਕੋਟ ਰੋਡ ਪੋਲਟਰੀ ਫਾਰਮ ਦੇ ਨਜ਼ਦੀਕ ਸੁੱਟ ਗਏ। ਜਦੋਂ ਕਿਸੇ ਰਾਹਗੀਰ ਨੇ ਉਸ ਨੂੰ ਵੇਖਿਆ ਕਿ ਲੜਕੀ ਪੂਰੀ ਤਰ੍ਹਾਂ ਹੋਸ਼ 'ਚ ਨਹੀਂ ਹੈ ਤਾਂ ਉਸ ਦੇ ਮੂੰਹ 'ਤੇ ਪਾਣੀ ਮਾਰ ਕੇ ਉਸ ਨੂੰ ਹੋਸ਼ 'ਚ ਲਿਆਂਦਾ ਤੇ ਲੜਕੀ ਨੂੰ ਉਸ ਦੇ ਮਾਪਿਆਂ ਤੱਕ ਪੁੱਜਦਾ ਕੀਤਾ।
ਕੀ ਕਹਿਣੈ ਇੰਸਪੈਕਟਰ ਚੰਦਰ ਭੂਸ਼ਣ ਦਾ :
ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਚੰਦਰ ਭੂਸ਼ਣ ਦਾ ਕਹਿਣਾ ਹੈ ਕਿ ਮੈਨੂੰ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਮੈਂ ਫਿਰ ਵੀ ਬਾਹਰੋਂ ਪਤਾ ਲੱਗਣ 'ਤੇ ਇਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰ ਰਿਹਾ ਹਾਂ ਤੇ ਜਿਹੜੀ ਦੂਸਰੀ ਲੜਕੀ ਹੈ, ਜਿਸ ਨੂੰ ਅਗਵਾਕਾਰ ਚੁੱਕਣ ਆਏ ਸੀ, ਉਸ ਦੀ ਸੁਰੱਖਿਆ ਲਈ ਇੰਤਜ਼ਾਮ ਕੀਤੇ ਜਾਣਗੇ ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
