ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗੁਰਪੁਰਬ ਦੂਜ : ਡਾ. ਵਿਜੇ ਸਤਬੀਰ

Tuesday, Nov 05, 2024 - 05:19 AM (IST)

ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗੁਰਪੁਰਬ ਦੂਜ : ਡਾ. ਵਿਜੇ ਸਤਬੀਰ

ਅੰਮ੍ਰਿਤਸਰ (ਵਾਲੀਆ) - ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਗੁਰਪੁਰਬ ਦੂਜ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। 3 ਨਵੰਬਰ ਨੂੰ ਗੁਰਦੁਆਰਾ ਨਗੀਨਾ ਘਾਟ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿੁਨਮਾਈ ਅਤੇ ਤਖ਼ਤ ਸੱਚਖੰਡ ਸਾਹਿਬ ਦੇ ਮਾਨਯੋਗ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਸਮੂੰਹ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਮਹਾਨ ਨਗਰ ਕੀਰਤਨ ਆਰੰਭ ਹੋਇਆ। ਜਿਸ ਵਿੱਚ ਗੁਰੂ ਮਹਾਰਾਜ ਦੇ ਘੋੜੇ, ਨਿਸ਼ਾਨਚੀ ਸਿੰਘ, ਗੱਤਕਾ ਪਾਰਟੀਆਂ, ਕੀਰਤਨੀ ਜੱਥੇ ਤੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸੰਗਤਾਂ ਸ਼ਾਮਲ ਹੋਈਆਂ। ਨਗਰ ਕੀਰਤਨ ਤਖ਼ਤ ਸੱਚਖੰਡ ਸਾਹਿਬ ਪੁੱਜਣ ਉਪਰੰਤ ਪੁਰਾਤਨ ਚਲੀ ਆ ਰਹੀ ਮਰਿਯਾਦਾ ਅਨੁਸਾਰ ਗੁਰਤਾਗੱਦੀ ਦੀ ਰਸਮ ਪੰਜ ਪਿਆਰੇ ਸਾਹਿਬਾਨ ਵਲੋਂ ਕੀਤੀ ਗਈ।

ਡਾ. ਵਿਜੇ ਸਤਬੀਰ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਸੱਚਖੰਡ ਬੋਰਡ ਨਾਦੇੜ ਨੇ ਕਿਹਾ ਕਿ ਕੱਤਕ ਸੁਦੀ ਦੂਜ ਸੰਨ 1708 ਈਸਵੀ ਨੂੰ ਅੱਜ ਦੇ ਦਿਨ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰਤਾਗੱਦੀ ਅਰਪਨ ਕਰਕੇ ਹੁਕਮ ਕੀਤਾ ‘ਆਗਿਆ ਭਈ ਅਕਾਲੀ ਕੀ, ਤਬੀ ਚਲਾਯੋ ਪੰਥ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ‘। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਸਿੱਖਾਂ ਦੇ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਗੁਰੂ ਹਨ ਤੇ ਸਰਬਸਾਂਝੀ ਵਾਲਤਾ ਦੇ ਪ੍ਰਤੀਕ ਹਨ। ਗੁਰਤਾਗੱਦੀ ਦੇ ਇਤਿਹਾਸਕ ਦਿਹਾੜੇ ਨੂੰ ਸਮਰਪਿਤ 3 ਨਵੰਬਰ ਤੋਂ 7 ਨਵੰਬਰ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਹੋ ਰਹੇ ਹਨ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥੇ, ਵਿਦਵਾਨ ਕਥਾਕਾਰ, ਸੰਤ ਮਹਾਪੁਰਸ਼ ਉਚੇਚੇ ਤੌਰ ‘ਤੇ ਪੁੱਜ ਰਹੇ ਹਨ। ਇਸ ਮੌਕੇ ਡਾ. ਵਿਜੇ ਸਤਬੀਰ ਸਿੰਘ ਅਤੇ ਜਸਵੰਤ ਸਿੰਘ ਨੇ ਗੁਰਤਾਗੱਦੀ ਗੁਰਪੁਰਬ ਦੂਜ ਦੀਆਂ ਸਮੂੰਹ ਸੰਗਤਾਂ ਨੂੰ ਵਧਾਈਆਂ ਦਿਤੀਆਂ।


author

Inder Prajapati

Content Editor

Related News