ਆਨਲਾਈਨ AC ਸਰਵਿਸ ਕਰਵਾਉਣ ਦਾ ਝਾਂਸਾ ਦੇ ਕੇ ਤੋੜੀ FD, ਮਾਰੀ ਵੱਡੀ ਠੱਗੀ
Thursday, Nov 13, 2025 - 02:15 PM (IST)
ਗੁਰਦਾਸਪੁਰ (ਹਰਮਨ, ਵਿਨੋਦ)-ਆਨਲਾਈਨ ਠੱਗਾਂ ਵੱਲੋਂ ਇਕ ਹੋਰ ਵਿਅਕਤੀ ਨੂੰ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਏ. ਸੀ. ਸਰਵਿਸ ਦੇ ਨਾਂ ’ਤੇ ਗੁਰਦਾਸਪੁਰ ਦੇ ਇਕ ਵਿਅਕਤੀ ਤੋਂ 2 ਲੱਖ 45 ਹਜ਼ਾਰ 487 ਰੁਪਏ ਠੱਗ ਲਏ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮਨਦੀਪ ਸਿੰਘ ਪੁੱਤਰ ਰਾਮ ਲਾਲ ਵਾਸੀ ਹਰਦੋਛੰਨੀ ਰੋਡ ਗੁਰਦਾਸਪੁਰ ਨੇ ਦੱਸਿਆ ਕਿ 28 ਅਕਤੂਬਰ 2024 ਨੂੰ ਉਸਨੇ ਆਪਣਾ ਵੋਲਟਾਸ ਏ. ਸੀ. ਸਰਵਿਸ ਕਰਵਾਉਣ ਲਈ ਗੂਗਲ ਵੈਬਸਾਈਟ ’ਤੇ ਦਿੱਤੇ ਕਸਟਮਰ ਕੇਅਰ ਨੰਬਰ ’ਤੇ ਫ਼ੋਨ ਕੀਤਾ। ਉਸ ਤੋਂ ਬਾਅਦ ਠੱਗਾਂ ਨੇ ਉਸਨੂੰ ਵਟਸਐਪ ’ਤੇ ਇਕ ਐਪ ਭੇਜੀ, ਜਿਸਨੂੰ ਡਾਊਨਲੋਡ ਕਰ ਕੇ ਆਪਣਾ ਨਾਮ ਅਤੇ ਪਤਾ ਭਰਨ ਲਈ ਕਿਹਾ ਗਿਆ। ਫਿਰ ਉਸਨੂੰ 2 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਅਤੇ ਕਿਹਾ ਗਿਆ ਕਿ ਦੋ ਘੰਟਿਆਂ ’ਚ ਕੰਪਨੀ ਦਾ ਕਰਮਚਾਰੀ ਏ. ਸੀ. ਦੀ ਸਰਵਿਸ ਕਰਨ ਆਵੇਗਾ।
ਇਹ ਵੀ ਪੜ੍ਹੋ- ਪੰਜਾਬ: ਮੈਰਿਜ ਪੈਲੇਸ, ਹੋਟਲ ਤੇ ਰਿਜ਼ੋਰਟ ਮਾਲਕਾਂ ਨੂੰ ਰਹਿਣਾ ਹੋਵੇਗਾ ਚੌਕਸ ! ਹੁਣ ਸ਼ਰਾਬ ਦੀ ਖਪਤ ਦੱਸੇਗੀ...
ਸ਼ਿਕਾਇਤਕਰਤਾ ਨੇ ਠੱਗਾਂ ਦੀਆਂ ਗੱਲਾਂ ’ਤੇ ਭਰੋਸਾ ਕਰਦੇ ਹੋਏ 2 ਰੁਪਏ ਭੁਗਤਾਨ ਕਰ ਦਿੱਤੇ ਪਰ ਕੋਈ ਕਰਮਚਾਰੀ ਨਹੀਂ ਆਇਆ। ਜਦੋਂ ਉਸਨੇ ਆਪਣਾ ਬੈਂਕ ਖਾਤਾ ਚੈੱਕ ਕੀਤਾ ਤਾਂ ਉਸ ’ਚ ਸਿਰਫ਼ 13 ਰੁਪਏ ਬਾਕੀ ਸਨ, ਜਦਕਿ ਖਾਤੇ ’ਚ 8,500 ਰੁਪਏ ਨਕਦ ਅਤੇ 2,37,000 ਰੁਪਏ ਦੀ ਐੱਫ. ਡੀ. ਸੀ। ਜਦੋਂ ਉਸਨੇ ਬੈਂਕ ’ਚ ਪੁੱਛਗਿੱਛ ਕੀਤੀ ਤਾਂ ਬੈਂਕ ਕਰਮਚਾਰੀ ਨੇ ਦੱਸਿਆ ਕਿ ਉਸਦੀ ਐੱਫ. ਡੀ. ਤੋੜ ਕੇ ਪੈਸੇ ਕੱਢ ਲਏ ਗਏ ਹਨ। ਇਸ ਤਰ੍ਹਾਂ ਅਣਪਛਾਤੇ ਵਿਅਕਤੀ ਵੱਲੋਂ ਕੁੱਲ 2,45,487 ਰੁਪਏ ਦੀ ਆਨਲਾਈਨ ਠੱਗੀ ਕੀਤੀ ਗਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ 15 ਤਰੀਕ ਤੱਕ ਵੱਡੀ ਭਵਿੱਖਬਾਣੀ
