ਪਰਾਲੀ ਸਾੜਨ ਦੇ ਮਾਮਲਿਆਂ ''ਚ ਵਾਧੇ ਦੇ ਬਾਵਜੂਦ ਸੜੇ ਹੋਏ ਰਕਬੇ ''ਚ 23.5 ਫੀਸਦੀ ਦੀ ਵੱਡੀ ਗਿਰਾਵਟ
Tuesday, Nov 24, 2026 - 05:43 PM (IST)
ਗੁਰਦਾਸਪੁਰ (ਹਰਮਨ): ਪੰਜਾਬ ਵਿੱਚ ਇਸ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ ਹੈ, ਪਰ ਹੈਰਾਨੀਜਨਕ ਤੱਥ ਇਹ ਸਾਹਮਣੇ ਆਇਆ ਹੈ ਕਿ ਅੱਗ ਨਾਲ ਪ੍ਰਭਾਵਿਤ ਹੋਣ ਵਾਲੇ ਅਸਲ ਖੇਤੀਬਾੜੀ ਰਕਬੇ ਵਿੱਚ 23.5 ਫੀਸਦੀ ਦੀ ਵੱਡੀ ਗਿਰਾਵਟ ਆਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਵੱਲੋਂ ਸੈਟੇਲਾਈਟ ਰਾਹੀਂ ਇਕੱਤਰ ਕੀਤੇ ਗਏ ਅੰਕੜਿਆਂ ਦੇ ਵੇਰਵਿਆਂ ਅਨੁਸਾਰ, ਅੱਗ ਲੱਗਣ ਦੀਆਂ ਘਟਨਾਵਾਂ ਅਤੇ ਸੜੀ ਹੋਈ ਜ਼ਮੀਨ ਦੇ ਰਕਬੇ ਵਿਚਕਾਰ ਇੱਕ ਵੱਡਾ ਅੰਤਰ ਦੇਖਣ ਨੂੰ ਮਿਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, 15 ਸਤੰਬਰ ਤੋਂ 15 ਨਵੰਬਰ ਤੱਕ ਦੇ ਸੈਟੇਲਾਈਟ ਅੰਕੜਿਆਂ ਮੁਤਾਬਕ ਪੂਰੇ ਪੰਜਾਬ ਵਿੱਚ ਪਰਾਲੀ ਸਾੜਨ ਨਾਲ ਪ੍ਰਭਾਵਿਤ ਕੁੱਲ ਰਕਬਾ ਸਾਲ 2025 ਦੇ 19.41 ਲੱਖ ਹੈਕਟੇਅਰ ਤੋਂ ਘਟ ਕੇ ਇਸ ਸਾਲ 14.84 ਲੱਖ ਹੈਕਟੇਅਰ ਰਹਿ ਗਿਆ ਹੈ। ਇਸ ਤਰ੍ਹਾਂ ਸੂਬੇ ਵਿੱਚ ਕੁੱਲ 4.57 ਲੱਖ ਹੈਕਟੇਅਰ ਰਕਬੇ ਦੀ ਕਮੀ ਦਰਜ ਕੀਤੀ ਗਈ ਹੈ। ਦੂਜੇ ਪਾਸੇ, ਇਸੇ ਸਮੇਂ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ 4,877 ਤੋਂ ਵਧ ਕੇ 5,972 (22.4 ਫੀਸਦੀ ਵਾਧਾ) ਹੋ ਗਈਆਂ, ਜੋ 19 ਨਵੰਬਰ ਤੱਕ 6,874 ਤੱਕ ਪਹੁੰਚ ਗਈਆਂ ਹਨ।
ਕਿਉਂ ਵਧੀਆਂ ਘਟਨਾਵਾਂ ਪਰ ਘਟਿਆ ਸੜਿਆ ਰਕਬਾ?
ਖੇਤੀਬਾੜੀ ਮਾਹਿਰਾਂ ਅਤੇ ਪ੍ਰਾਪਤ ਵੇਰਵਿਆਂ ਅਨੁਸਾਰ, ਇਸ ਵਿਰੋਧਾਭਾਸ ਦਾ ਮੁੱਖ ਕਾਰਨ ਕਿਸਾਨਾਂ ਵੱਲੋਂ ਪੂਰੇ ਖੇਤ ਨੂੰ ਅੱਗ ਲਗਾਉਣ ਦੀ ਬਜਾਏ ਪਰਾਲੀ ਦੇ ਕੁਝ ਹਿੱਸਿਆਂ ਨੂੰ ਅੰਸ਼ਕ ਤੌਰ 'ਤੇ ਸਾੜਨਾ ਹੈ। ਸੈਟੇਲਾਈਟ ਪ੍ਰਣਾਲੀ ਖੇਤ ਦੇ ਇੱਕ ਛੋਟੇ ਜਿਹੇ ਹਿੱਸੇ ਵਿੱਚ ਲੱਗੀ ਅੱਗ ਨੂੰ ਵੀ ਇੱਕ ਪੂਰੀ ਘਟਨਾ ਵਜੋਂ ਗਿਣਦੀ ਹੈ, ਭਾਵੇਂ ਕਿ ਪੂਰਾ ਖੇਤ ਨਾ ਸੜਿਆ ਹੋਵੇ। ਇਸੇ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਦੀ ਗਿਣਤੀ ਤਾਂ ਵਧੀ ਹੈ, ਪਰ ਸੜੀ ਹੋਈ ਜ਼ਮੀਨ ਦਾ ਅਸਲ ਘੇਰਾ ਕਾਫੀ ਘੱਟ ਗਿਆ ਹੈ।
ਗੁਰਦਾਸਪੁਰ 'ਚ ਸੁਧਾਰ
ਪੰਜਾਬ ਦੇ 23 ਵਿੱਚੋਂ 21 ਜ਼ਿਲ੍ਹਿਆਂ ਵਿੱਚ ਸੜੇ ਹੋਏ ਰਕਬੇ ਵਿੱਚ ਕਮੀ ਆਈ ਹੈ, ਜਦਕਿ ਸਿਰਫ਼ ਐਸ.ਏ.ਐਸ. ਨਗਰ (9.6 ਫੀਸਦੀ) ਅਤੇ ਹੁਸ਼ਿਆਰਪੁਰ (0.8 ਫੀਸਦੀ) ਵਿੱਚ ਮਾਮੂਲੀ ਵਾਧਾ ਹੋਇਆ ਹੈ। ਸੂਬੇ ਦੇ ਪ੍ਰਮੁੱਖ ਝੋਨਾ ਉਤਪਾਦਕ ਜ਼ਿਲ੍ਹਿਆਂ ਵਿੱਚੋਂ ਫਿਰੋਜ਼ਪੁਰ ਵਿੱਚ ਸਭ ਤੋਂ ਵੱਧ 61,320 ਹੈਕਟੇਅਰ (45 ਫੀਸਦੀ) ਰਕਬਾ ਘਟਿਆ ਹੈ। ਇਸ ਤੋਂ ਬਾਅਦ ਸੰਗਰੂਰ ਵਿੱਚ 53,450 ਹੈਕਟੇਅਰ ਅਤੇ ਮੋਗਾ ਵਿੱਚ 51,770 ਹੈਕਟੇਅਰ (47.7 ਫੀਸਦੀ) ਦੀ ਕਮੀ ਆਈ ਹੈ। ਗੁਆਂਢੀ ਜ਼ਿਲ੍ਹੇ ਪਠਾਨਕੋਟ ਨੇ ਵੀ 44 ਫੀਸਦੀ ਕਮੀ ਦਰਜ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਸੜੇ ਹੋਏ ਰਕਬੇ ਵਿੱਚ ਸਿਰਫ਼ 2.2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਸਾਲ ਗੁਰਦਾਸਪੁਰ ਵਿੱਚ 1.03 ਲੱਖ ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਸੀ, ਜੋ ਇਸ ਸਾਲ ਘਟ ਕੇ 1 ਲੱਖ ਹੈਕਟੇਅਰ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਪੰਜਾਬ ਵਿੱਚ ਕੁੱਲ 32.87 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਹੋਈ ਸੀ, ਜਿਸ ਵਿੱਚੋਂ 26 ਲੱਖ ਹੈਕਟੇਅਰ ਗੈਰ-ਬਾਸਮਤੀ ਅਤੇ ਬਾਕੀ ਬਾਸਮਤੀ ਹੇਠ ਸੀ।
ਕਿਸਾਨਾਂ ਦੀ ਜਾਗਰੂਕਤਾ ਅਤੇ ਮਸ਼ੀਨਰੀ ਦੀ ਵਰਤੋਂ ਨਾਲ ਆ ਰਹੀ ਤਬਦੀਲੀ : ਡਾ. ਸ਼ਾਹਬਾਜ਼ ਸਿੰਘ ਚੀਮਾ
ਜ਼ਿਲ੍ਹਾ ਗੁਰਦਾਸਪੁਰ ਦੀ ਸਥਿਤੀ ਬਾਰੇ ਗੱਲਬਾਤ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਸ਼ਾਹਬਾਜ਼ ਸਿੰਘ ਚੀਮਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਇਸ ਦੇ ਸੁਚੱਜੇ ਪ੍ਰਬੰਧਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸੁਪਰ ਸੀਡਰ, ਹੈਪੀ ਸੀਡਰ ਅਤੇ ਬੇਲਰਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹੁਣ ਜਾਂ ਗੱਠਾਂ ਬਣਾਉਣ ਨੂੰ ਤਰਜੀਹ ਦਿੱਤੀ ਹੈ। ਡਾ. ਚੀਮਾ ਨੇ ਸਪੱਸ਼ਟ ਕੀਤਾ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਾਸਮਤੀ ਹੇਠ ਰਕਬਾ ਜ਼ਿਆਦਾ ਹੋਣ ਕਾਰਨ ਇਸ ਦੀ ਕਟਾਈ ਪਛੇਤੀ ਹੁੰਦੀ ਹੈ ਅਤੇ ਕਿਸਾਨ ਜ਼ਿਆਦਾਤਰ ਪਰਾਲੀ ਪਸ਼ੂਆਂ ਦੇ ਚਾਰੇ ਲਈ ਸੰਭਾਲ ਲੈਂਦੇ ਹਨ, ਪਰ ਜਿਨ੍ਹਾਂ ਥਾਵਾਂ ''''ਤੇ ਝੋਨੇ ਦੀ ਰਹਿੰਦ-ਖੂੰਹਦ ਬਚੀ ਸੀ, ਉੱਥੇ ਵੀ ਕੁਝ ਥਾਵਾਂ ’ਤੇ ਹੀ ਕਿਸਾਨਾਂ ਨੇ ਅੱਗ ਲਗਾਈ ਹੈ ਜਦੋਂ ਕਿ ਬਾਕੀ ਜਿਆਦਾਤਰ ਕਿਸਾਨਾਂ ਨੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਤਰਜੀਹ ਦਿੱਤੀ ਹੈ। ਇਸ ਵਾਰ ਜੋ ਕੁਝ ਮਾਮਲੇ ਸਾਹਮਣੇ ਆਏ ਹਨ ਉਥੇ ਵੀ ਤਸੱਲੀ ਦੀ ਗੱਲ ਇਹ ਵੀ ਹੈ ਕਿ ਕਿਸਾਨਾਂ ਨੇ ਪੂਰੇ ਖੇਤ ਸਾੜਨ ਦੀ ਬਜਾਏ ਸਿਰਫ਼ ਪਰਾਲੀ ਦੇ ਛੋਟੇ ਛੋਟੇ ਢੇਰਾਂ ਨੂੰ ਹੀ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ, ਉਮੀਦ ਹੈ ਕਿ ਆਉਣ ਵਾਲੇ ਸਮੇ ਵਿਚ ਇਹ ਰੁਝਾਨ ਵਿ ਪੂਰੀ ਤਰਾਂ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਟੀਮਾਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜ਼ਮੀਨ ਦੀ ਉਪਜਾਊ ਸ਼ਕਤੀ ਬਚਾਉਣ ਲਈ ਜਾਗਰੂਕ ਕਰ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਚੌਕਸੀ ਲਗਾਤਾਰ ਜਾਰੀ ਰਹੇਗੀ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
