ਖੇਮਕਰਨ ਰੇਲਵੇ ਸਟੇਸ਼ਨ ਨੂੰ ਮਾਡਲ ਰੇਲਵੇ ਸਟੇਸ਼ਨ ਬਣਾਉਣ ਦੀ ਮੰਗ ਨੇ ਜ਼ੋਰ ਫੜ੍ਹਿਆ
Saturday, Aug 29, 2026 - 02:13 PM (IST)
ਖੇਮਕਰਨ(ਗੁਰਮੇਲ,ਅਵਤਾਰ)- ਖੇਮਕਰਨ ਰੇਲਵੇ ਸਟੇਸ਼ਨ ਨੂੰ ਉੱਤਰੀ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਕਿਹਾ ਜਾਂਦਾ ਹੈ ਪਰ ਇਹ ਗੱਲ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਆਜ਼ਾਦੀ ਦੇ ਕਈ ਸਾਲ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਖੇਮਕਰਨ ਰੇਲਵੇ ਸਟੇਸ਼ਨ ’ਚ ਬੁਨਿਆਦੀ ਸਹੂਲਤਾਂ ਨਹੀਂ ਮਿਲ ਸਕੀਆਂ ਹਨ। ਇਸ ਸਬੰਧੀ ਜਦੋਂ ਸ਼ਹਿਰ ਖੇਮਕਰਨ ਦੇ ਜਾਣਕਾਰ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ’ਚ ਰਣਜੀਤ ਸਿੰਘ ਪੱਤੂ, ਹਜੂਰੀ ਲਾਲ ਚੌਧਰੀ, ਤਜਿੰਦਰ ਕੁਮਾਰ ਗੋਰਖਾ ਨੇ ਦੱਸਿਆ ਕਿ ਅੰਗਰੇਜ਼ਾਂ ਦੇ ਰਾਜ ’ਚ ਖੇਮਕਰਨ ਦੀ ਇਕ ਬੇਟੀ ਅੰਮ੍ਰਿਤਾ ਸਾਹਨੀ ਨੇ 1924 ’ਚ ਅੰਮ੍ਰਿਤਸਰ-ਖੇਮਕਰਨ ਕਸੂਰ ਮਾਰਗ ਰਾਹੀਂ ਰੇਲਵੇ ਮਾਰਗ ਨੂੰ ਸ਼ੁਰੂ ਕਰਵਾਇਆ ਸੀ, ਆਜ਼ਾਦੀ ਤੋਂ ਪਹਿਲਾਂ ਇਸ ਰਸਤੇ ਵਪਾਰ ਚੱਲਦਾ ਸੀ, ਇਸ ਰੇਲਵੇ ਸਟੇਸ਼ਨ ’ਤੇ ਕਰੀਬ 15 ਦੇ ਕਰੀਬ ਕਰਮਚਾਰੀ ਕੰਮ ਕਰਦੇ ਸਨ ਅਤੇ ਇਹ ਰੇਲਵੇ ਸਟੇਸ਼ਨ ਵੱਡਾ ਰੇਲਵੇ ਸਟੇਸ਼ਨ ਮੰਨਿਆ ਜਾਂਦਾ ਸੀ, ਕੋਲੇ ਦੇ ਇੰਜ਼ਨ ਨਾਲ ਚੱਲਣ ਵਾਲੀ ਰੇਲ ਗੱਡੀ ਕਰੀਬ ਆਉਣ-ਜਾਣ ਦੇ ਅੱਠ ਚੱਕਰ ਲਗਾਉਂਦੀ ਸੀ।
ਇਹ ਵੀ ਪੜ੍ਹੋ- ਪੰਜਾਬ: ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼, ਬੰਦ ਦੁਕਾਨ 'ਚ ਤਾੜ ਕੇ ਰੱਖੇ 16 ਮਰੀਜ਼ ਕਰਵਾਏ ਰੈਸਕਿਊ
ਆਜ਼ਾਦੀ ਤੋਂ ਬਾਅਦ ਇਹ ਇਲਾਕਾ ਭਾਰਤ-ਪਾਕਿਸਤਾਨ ਦੀ ਸਰਹੱਦ ਬਣਨ ਨਾਲ ਰੇਲਵੇ ਪੱਖੋਂ ਪਛੜੇਪਨ ਦਾ ਕਾਰਨ ਬਣਿਆ ਪਰ ਹੁਣ ਜ਼ਮੀਨੀ ਪੱਧਰ ’ਤੇ ਹਕੀਕਤ ਇਹ ਹੈ ਕਿ ਇਹ ਰੇਲਵੇ ਸਟੇਸ਼ਨ ਸਬ ਰੇਲਵੇ ਸਟੇਸ਼ਨ ਦੇ ਰੂਪ ’ਚ ਬਦਲ ਚੁੱਕਾ ਹੈ। ਬੇਸ਼ੱਕ ਪਿਛਲੇ ਲੰਬੇ ਸਮੇਂ ਤੋਂ ਇਸ ਰੇਲ ਮਾਰਗ ’ਤੇ ਬਿਜਲੀ ਕਰਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਪਰ ਅਜੇ ਤੱਕ ਬਿਜਲੀ ਨਾਲ ਚੱਲਣ ਵਾਲੀ ਰੇਲ ਗੱਡੀ ਨਹੀਂ ਚੱਲੀ ਹੈ, ਇਸ ਮੁਸ਼ਕਿਲ ਨੂੰ ਲੈ ਕੇ ਸ਼ਹਿਰ ਵਾਸੀਆਂ ਦਾ ਵਫਦ ਫਿਰੋਜ਼ਪੁਰ ਉੱਤਰ ਡਵੀਜ਼ਨ ਰੇਲਵੇ ਨੂੰ ਵੀ ਮਿਲ ਚੁੱਕਾ ਹੈ ਪਰ ਪਰਨਾਲਾ ਉਥੇ ਦਾ ਉਥੇ ਹੈ ਮੌਜੂਦਾ ਸਮੇਂ ਖੇਮਕਰਨ-ਅੰਮ੍ਰਿਤਸਰ ਰੇਲ ਮਾਰਗ ’ਤੇ ਡੀ.ਐੱਮ.ਯੂ. ਰੇਲ ਗੱਡੀ ਹਰ ਰੋਜ਼ ਚਾਰ ਚੱਕਰ ਲਗਾ ਰਹੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਨਕਲੀ ਪਨੀਰ ਬਣਾਉਣ ਤੇ ਵੇਚਣ ਵਾਲਿਆਂ ਦੀ ਖੈਰ ਨਹੀਂ, ਸਿਹਤ ਵਿਭਾਗ ਦੀ ਸਖ਼ਤ ਐਡਵਾਈਜ਼ਰੀ ਜਾਰੀ
ਇਸ ਮਾਰਗ ’ਤੇ ਕਰੀਬ 50 ਪਿੰਡਾਂ ਦੇ ਲੋਕ ਹਰ ਰੋਜ਼ ਸਫਰ ਕਰਦੇ ਹਨ ਤੇ ਕਿਰਾਇਆ ਵੀ ਨਾ-ਮਾਤਰ ਹੈ ਪਰ ਬਦਕਿਸਮਤੀ ਇਹ ਹੈ ਕਿ ਇਸ ਰੇਲਵੇ ਸਟੇਸ਼ਨ ’ਤੇ ਨਾ ਤਾਂ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਹੈ ਅਤੇ ਨਾ ਹੀ ਸਟਰੀਟ ਲਾਈਟਾਂ ਦਾ ਪ੍ਰਬੰਧ ਹੈ। ਬਾਥਰੂਮ ਦੀ ਹਾਲਤ ਤਰਸਣਯੋਗ ਬਣੀ ਹੋਈ ਹੈ ਅਤੇ ਰੇਲਵੇ ਸਟੇਸ਼ਨ ਨਜ਼ਦੀਕ ਬਣਿਆ ਛੱਪੜ ਓਵਰ ਫਲੋ ਹੋਣ ਕਰਕੇ ਰੇਲਵੇ ਸਟੇਸ਼ਨ ਖੇਮਕਰਨ ਦੀ ਦਿੱਖ ਖਰਾਬ ਕਰ ਰਿਹਾ ਹੈ। ਇਸ ਵੱਡੀ ਮੁਸ਼ਕਿਲ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਰੇਲਵੇ ਰਾਜ ਮੰਤਰੀ ਦੇ ਨਾਮ ’ਤੇ ਇਕ ਚਿੱਠੀ ਵੀ ਲਿਖੀ ਜਾ ਚੁੱਕੀ ਹੈ ਤੇ ਇਲਾਕੇ ਭਰ ਦੇ ਰਸੂਖਦਾਰ ਵਿਅਕਤੀਆਂ ਦੇ ਧਿਆਨ ’ਚ ਮਾਮਲਾ ਲਿਆ ਕੇ ਜਲਦ ਹੀ ਇਹ ਚਿੱਠੀ ਰੇਲਵੇ ਮੰਤਰੀ ਤੱਕ ਪਹੁੰਚਾਈ ਜਾ ਰਹੀ ਹੈ ਤਾਂ ਜੋ ਇਸ ਸਰਹੱਦੀ ਸ਼ਹਿਰ ਰੇਲਵੇ ਸਟੇਸ਼ਨ ਖੇਮਕਰਨ ਨੂੰ ਜਲਦ ਮਾਡਲ ਰੇਲਵੇ ਸਟੇਸ਼ਨ ਬਣਾਉਣ ਵਾਸਤੇ ਕੰਮ ਸ਼ੁਰੂ ਕਰਵਾਇਆ ਜਾ ਸਕੇ।
ਇਹ ਵੀ ਪੜ੍ਹੋ- ਪੰਜਾਬ: ਘਰ ’ਚ ਇਕੱਲੀ ਔਰਤ ਦਾ ਕਰੰਟ ਲਗਾ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
