ਬਾਦਲਾਂ ਨੇ ਸ਼੍ਰੋਮਣੀ ਕਮੇਟੀ ਦੇ ਸੁਨਹਿਰੀ ਇਤਿਹਾਸ ਨੂੰ ਕੀਤਾ ਕਲੰਕਤ : ਜਥੇਦਾਰ ਹਵਾਰਾ ਕਮੇਟੀ

Monday, Nov 16, 2020 - 03:08 PM (IST)

ਬਾਦਲਾਂ ਨੇ ਸ਼੍ਰੋਮਣੀ ਕਮੇਟੀ ਦੇ ਸੁਨਹਿਰੀ ਇਤਿਹਾਸ ਨੂੰ ਕੀਤਾ ਕਲੰਕਤ : ਜਥੇਦਾਰ ਹਵਾਰਾ ਕਮੇਟੀ

ਅੰਮ੍ਰਿਤਸਰ (ਅਨਜਾਣ): ਸ਼੍ਰੋਮਣੀ ਕਮੇਟੀ ਦੇ 100 ਸਾਲਾ ਇਤਿਹਾਸ ਦਾ ਸੰਖੇਪ ਵਿਸ਼ਲੇਸ਼ਣ ਕਰਦਿਆਂ ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਸਰਪ੍ਰਸਤੀ ਹੇਠ ਚੱਲ ਰਹੀ ਹਵਾਰਾ ਕਮੇਟੀ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਹਿੱਤਾਂ ਦੀ ਖ਼ਾਤਰ ਸ਼੍ਰੋਮਣੀ ਕਮੇਟੀ ਦੇ ਸੁਨਹਿਰੀ ਇਤਿਹਾਸ ਨੂੰ ਪੰਥ ਵਿਰੋਧੀ ਤਾਕਤਾਂ ਦੇ ਨਾਲ ਮਿਲ ਕੇ ਇਸ ਸੰਸਥਾ ਨੂੰ ਕਲੰਕਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਲਹਿਰਾਂ, ਮੋਰਚਿਆਂ ਤੇ ਸਾਕਿਆਂ ਦੇ ਸਨਮੁੱਖ ਜੂਝਦਿਆਂ ਕੁਰਬਾਨੀ ਭਰਿਆ ਸੁਨਹਿਰੀ ਇਤਿਹਾਸ ਸਿਰਜਿਆ, ਜਿਸ 'ਚੋਂ ਸੰਨ 1920 'ਚ ਸ਼੍ਰੋਮਣੀ ਕਮੇਟੀ ਹੋਂਦ 'ਚ ਆਈ। ਇਸ ਦਾ ਮੁੱਖ ਉਦੇਸ਼ ਗੁਰਦੁਆਰਿਆਂ ਦਾ ਸੁਚਾਰੂ ਪ੍ਰਬੰਧ, ਧਰਮ ਪ੍ਰਚਾਰ ਤੇ ਸਿੱਖ ਧਾਰਮਿਕ ਸਮੱਸਿਆਵਾਂ ਦਾ ਸਮਾਧਾਨ ਕਰਨਾ ਸੀ। ਨਨਕਾਣਾ ਸਾਹਿਬ ਦਾ ਸਾਕਾ, ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ ਆਦਿ ਦੀ ਸਫ਼ਲਤਾ ਨੇ ਸ਼੍ਰੋਮਣੀ ਕਮੇਟੀ ਦੇ ਰੁਤਬੇ ਤੇ ਸ਼ਕਤੀ 'ਚ ਪ੍ਰਸਾਰ ਕੀਤਾ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਨੇ ਅੰਗਰੇਜ਼ ਹਕੂਮਤ ਤੇ ਦੇਸ਼ ਦੀ ਵੰਡ ਤੋਂ ਬਾਅਦ ਭਾਰਤੀ ਹਕੂਮਤ ਅੱਗੇ ਸਿਰ ਚੁੱਕ ਕੇ ਸੀਨਾ ਤਾਣ ਕੇ ਸਿੱਖਾਂ ਦੀ ਨੁਮਾਇੰਦਗੀ ਕਈ ਦਹਾਕਿਆਂ ਤੱਕ ਕੀਤੀ। 

ਇਹ ਵੀ ਪੜ੍ਹੋ :  ਰੂਹ ਕੰਬਾਊ ਵਾਰਦਾਤ: ਸਿਰਫ਼ਿਰੇ ਨੇ ਨਾਬਾਲਗ ਦੇ ਗੁਪਤ ਅੰਗ 'ਚ ਭਰੀ ਹਵਾ, ਮੌਤ

ਉਨ੍ਹਾਂ ਕਿਹਾ ਕਿ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਣ ਨਾਲ ਕਮੇਟੀ ਦੀ ਆਮਦਨ 'ਚ ਵਾਧਾ ਹੋਇਆ ਪਰ ਬਦਕਿਸਮਤੀ ਨਾਲ ਮਾਇਆ ਦੇ ਲੋਭ ਕਾਰਨ ਭ੍ਰਿਸ਼ਟਾਚਾਰ 'ਚ ਵੀ ਵਾਧਾ ਹੋਇਆ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਲੀਡਰਸ਼ਿਪ ਨੇ 1996 'ਚ ਮੋਗਾ ਕਾਨਫਰੰਸ ਦੌਰਾਨ ਅਕਾਲੀ ਦਲ ਦਾ ਪੰਥਕ ਚਿਹਰਾ ਬਾਦਲ ਕੇ ਇਸ ਨੂੰ ਪੰਜਾਬੀ ਪਾਰਟੀ 'ਚ ਤਬਦੀਲ ਕਰ ਦਿੱਤਾ। ਸਿੱਟੇ ਵਜੋਂ ਪੰਥ ਤੇ ਗ੍ਰੰਥ ਦੀ ਪਹਿਰੇਦਾਰੀ ਕਰਨ ਵਾਲੀ ਸਿੱਖਾਂ ਦੀ ਸਿਆਸੀ ਪਾਰਟੀ ਵਿਕਾਸ, ਸੁਰੱਖਿਆ, ਚੰਗਾ ਪ੍ਰਸ਼ਾਸਨ ਤੇ ਰਾਸ਼ਟਰ ਪਹਿਲ ਦੇ ਮੁੱਦਿਆਂ ਤੱਕ ਹੀ ਸਿਮਟ ਕੇ ਰਹਿ ਗਈ। ਬਾਦਲਾਂ ਦੇ ਰਾਜ ਦੌਰਾਨ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਨੂੰ ਵਧਾਵਾ ਦੇਣ ਲਈ ਸਾਲ 2002 'ਚ ਮਤਾ ਪਾਸ ਕੀਤਾ ਗਿਆ, ਜਿਸ ਤਹਿਤ ਸ਼੍ਰੋਮਣੀ ਕਮੇਟੀ ਤੇ ਉਸਦੇ ਅਦਾਰਿਆਂ 'ਚ ਮੈਂਬਰਾਂ ਤੇ ਰਿਸ਼ਤੇਦਾਰਾਂ ਦੀ ਭਰਤੀ ਨੂੰ ਖੁੱਲ੍ਹ ਦਿੱਤੀ ਗਈ। ਬਾਦਲ ਦਲ ਦੀ ਜੇਬ• 'ਚੋਂ ਨਿਕਲੇ ਸਿਆਸੀ ਮੁਹਰਿਆਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਥਾਪਿਆ ਜਾਂਦਾ ਹੈ, ਜੋ ਗੁਰੂ ਘਰ ਦੇ ਵਫ਼ਾਦਾਰ ਨਾ ਹੋ ਕੇ ਬਾਦਲਾਂ ਦੇ ਵਫ਼ਾਦਾਰ ਬਨਣ ਦਾ ਮਾਣ ਮਹਿਸੂਸ ਕਰਦੇ ਹਨ। 

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆ ਦਾ ਗੱਭਰੂ ਪੁੱਤ

ਹਵਾਰਾ ਕਮੇਟੀ ਦੇ ਬੁਲਾਰੇ ਤੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਖ਼ਾਲਸਾ ਪੰਥ ਨਿਯੁਕਤੀਆਂ ਦੀ ਧਾਂਦਲੀ, ਗੋਲਕਾਂ ਦੀ ਦੁਰਵਰਤੋਂ ਲੰਮੇ ਸਮੇਂ ਤੋਂ ਬਰਦਾਸ਼ਤ ਕਰਦਾ ਆ ਰਿਹਾ ਹੈ। ਹੁਣ ਤਾਂ ਪਾਣੀ ਸਿਰ ਤੋਂ ਲੰਘ ਗਿਆ ਹੈ ਜਦ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਹੋ ਗਏ ਹਨ ਜਿਸ ਦਾ ਇਨਸਾਫ਼ ਕੌਮ ਨੂੰ ਹਾਲੇ ਤੱਕ ਨਹੀਂ ਮਿਲਿਆ। ਇਨਸਾਫ਼ ਲੈਣ ਲਈ ਸ਼ਾਂਤਮਈ ਢੰਗ ਨਾਲ ਬੈਠੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਨਰੈਣੂ ਮਹੰਤ ਦੀ ਤਰਜ਼ 'ਤੇ ਚੱਲਦਿਆਂ ਤੇਜਾ ਸਿੰਘ ਸਮੁੰਦਰੀ ਹਾਲ 'ਚ ਵਹਿਸ਼ੀਆਣਾ ਢੰਗ ਨਾਲ ਕੁੱਟਮਾਰ ਕਰਕੇ ਸਿੱਖ ਇਤਿਹਾਸ ਨੂੰ ਕਲੰਕਤ ਕੀਤਾ ਹੈ। ਉਨ੍ਹਾਂ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਲਈ ਇਕਸਤਰਤਾ ਤੇ ਆਪਸੀ ਇਤਫ਼ਾਕ ਪੈਦਾ ਕਰਨ।


author

Baljeet Kaur

Content Editor

Related News