ਦੀਵਾਲੀ ਤਿਉਹਾਰ ਸਿਰ ’ਤੇ, ਮਿਲਾਵਟੀ ਦੁੱਧ ਦੀਆਂ ਮਠਿਆਈਆਂ ਜ਼ੋਰਾਂ ’ਤੇ

Saturday, Oct 26, 2024 - 06:26 PM (IST)

ਦੀਵਾਲੀ ਤਿਉਹਾਰ ਸਿਰ ’ਤੇ, ਮਿਲਾਵਟੀ ਦੁੱਧ ਦੀਆਂ ਮਠਿਆਈਆਂ ਜ਼ੋਰਾਂ ’ਤੇ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਜੇਕਰ ਵੇਖਿਆ ਜਾਵੇ ਤਾਂ ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ। ਪਰ ਅਜੇ ਤੱਕ ਸਿਹਤ ਵਿਭਾਗ ਦੇ ਅਮਲੇ ਵੱਲੋਂ ਖਾਣ ਪੀਣ ਵਾਲੀਆਂ ਵਸਤੂਆਂ ਦੀ ਇਸ ਸਰਹੱਦੀ ਖੇਤਰ ਵਿੱਚ ਕੋਈ ਵੀ ਚੈਕਿੰਗ ਨਹੀਂ ਕੀਤੀ ਜਾ ਰਹੀ। ਜੇਕਰ ਆਉਣ ਵਾਲੇ ਦਿਨਾਂ ਦੇ ਵਿਚ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਪ੍ਰਸ਼ਾਸ਼ਨ ਵੱਲੋਂ ਜਾਂ ਸਿਹਤ ਵਿਭਾਗ ਵੱਲੋਂ ਕੋਈ ਚੈਕਿੰਗ ਨਾ ਕੀਤੀ ਗਈ ਤਾਂ ਮਿਲਾਵਟੀ ਮਠਿਆਈਆਂ ਤੇ ਮਿਲਾਵਟੀ ਚੀਜ਼ਾਂ ਨਾਲ ਲੋਕ ਬਿਮਾਰ ਹੋਣਗੇ। ਬੇਸ਼ੱਕ ਕੁਝ ਸਮਾਂ ਪਹਿਲਾਂ ਜਦ ਵੀ ਤਿਉਹਾਰਾਂ ਦੇ ਦਿਨ ਨਜ਼ਦੀਕ ਆਉਂਦੇ ਸਨ ਤਾਂ ਸਿਹਤ ਵਿਭਾਗ ਤੁਰੰਤ ਹਰਕਤ ਵਿਚ ਆ ਜਾਂਦਾ ਸੀ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਚੈਕਿੰਗ ਕਰਦਾ ਸੀ, ਪਰ ਬੀਤੇ ਕੁਝ ਸਮੇ ਤੋਂ ਇੰਝ ਲੱਗ ਰਿਹਾ ਹੈ ਕਿ ਇਹ ਚੈਕਿੰਗ ਅਭਿਆਨ ਵੀ ਸਿਹਤ ਵਿਭਾਗ ਵੱਲੋਂ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਹੈ। ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ।

ਜੇਕਰ ਵੇਖਿਆ ਜਾਵੇ ਤਾਂ ਸਿਹਤ ਵਿਭਾਗ ਵੱਲੋਂ ਤਿਉਹਾਰਾਂ ਦੇ ਨਜ਼ਦੀਕ ਆਉਂਦੇ ਮਠਿਆਈਆਂ ਵਾਲੀਆਂ ਦੁਕਾਨਾਂ, ਡੇਅਰੀਆਂ ਸਮੇਤ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ, ਪਰ ਜਦੋਂ ਤਿਉਹਾਰ ਲੰਘ ਜਾਂਦੇ ਹਨ, ਤਾਂ ਸਿਹਤ ਵਿਭਾਗ ਵੀ ਕੁੰਭਕਰਨੀ ਨੀਂਦ ਸੋ ਜਾਂਦਾ ਹੈ। ਜਿਸ ਕਾਰਨ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਰਹਿੰਦਾ ਹੈ। ਜਦ ਕੋਈ ਉੱਚ ਅਧਿਕਾਰੀ ਦੁਕਾਨਾਂ ਦੀ ਚੈਕਿੰਗ ਕਰਨ ਦਾ ਆਦੇਸ ਦਿੰਦਾ ਹੈ ਤਾਂ ਸਿਹਤ ਵਿਭਾਗ ਦੇ ਅਧਿਕਾਰੀ ਇਕ-ਦੋ ਦੁਕਾਨਾਂ ਦੀ ਚੈਕਿੰਗ ਕਰਕੇ ਸਿਰਫ ਖਾਨਾ ਪੂਰਤੀ ਜਾਂ ਗੋਲੂਆਂ ਤੋਂ ਮਿੱਟੀ ਝਾੜ ਕੇ ਸ਼ਾਂਤ ਹੋ ਕੇ ਬੈਠ ਜਾਂਦਾ ਹੈ।

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ 3 ਘਰਾਂ 'ਚ ਪਏ ਵੈਣ, ਬੁਝਾਰਤ ਬਣਿਆ ਮਾਮਲਾ

ਕੁਝ ਸਮੇਂ ਤੋਂ ਵੇਖਿਆ ਜਾਵੇ ਤਾਂ ਸਥਾਨਕ ਦੀਨਾਨਗਰ, ਪੁਰਾਣਾ ਸਾਲਾ,  ਬਹਿਰਾਮਪੁਰ, ਦੋਰਾਂਗਲਾ ਸਮੇਤ ਸਰਹੱਦੀ ਇਲਾਕੇ ਇਲਾਕਿਆਂ ’ਚ ਮਿਲਾਵਟੀ ਦੁੱਧ, ਮਿਲਾਵਟੀ ਮਠਿਆਈਆਂ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਕਾਰਨ ਕਿਸੇ ਸਮੇਂ ਵੀ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋ ਸਕਦਾ ਹੈ। ਅੱਜ ਜੇਕਰ ਦੁਕਾਨਾਂ ’ਤੇ ਵੇਖਿਆ ਜਾਵੇ ਤਾਂ ਰੰਗ ਬਿਰੰਗੀਆਂ ਮਿਠਾਈਆਂ ਮਿੱਠੇ ਜ਼ਹਿਰ ਦੇ ਰੂਪ ਵਿਚ ਕੁੱਝ ਦੁਕਾਨਾਂ ’ਤੇ ਸੱਜ ਕੇ ਲੋਕਾਂ ਦਾਂ ਇੰਤਜ਼ਾਰ ਕਰ ਰਹੀਆਂ ਹਨ ,ਪਰ ਇਸ ਦੇ ਬਾਵਜੂਦ ਸਿਹਤ ਵਿਭਾਗ ਵੱਲੋਂ  ਸਰਹੱਦੀ ਕਸਬੇ ਦੇ ਇਲਾਵਾ ਆਸਪਾਸ ਖੇਤਰਾਂ ਦੇ ਅਧੀਨ ਪੈਂਦੀਆਂ ਮਠਿਆਈਆਂ ਵਾਲੀਆਂ ਦੁਕਾਨਾਂ, ਡੇਅਰੀਆਂ ਸਮੇਤ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਕੋਈ ਵੀ ਚੈਕਿੰਗ ਨਹੀਂ ਕੀਤੀ ਜਾ ਰਹੀ ਹੈ। ਜਿਸ ਕਾਰਨ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਨਾਂ ਤਿਉਹਾਰਾਂ ਦੇ ਸੀਜ਼ਨ ’ਤੇ ਸਭ ਤੋਂ ਜ਼ਿਆਦਾ ਇਕ ਦੂਜੇ ਨੂੰ ਗਿਫ਼ਟ ਦੇ ਰੂਪ ’ਚ ਮਠਿਆਈਆਂ ਹੀ ਦਿੱਤੀਆਂ ਜਾਂਦੀਆਂ ਹਨ। ਇਸ ਲਈ ਹਰ ਆਮ ਤੇ ਖਾਸ ਵਿਅਕਤੀ ਵੱਲੋਂ ਇਨਾਂ ਦਿਨਾਂ ’ਚ ਮਠਿਆਈਆਂ ਦੀ ਖਰੀਦੋ ਫਰੋਖਤ ਤਿਉਹਾਰਾਂ ਨੂੰ ਮੁੱਖ ਰੱਖ ਕੇ ਆਪਣੇ ਨੇੜਲੇ ਕਸਬਿਆਂ ’ਚੋਂ ਜ਼ਿਆਦਾ ਹੀ ਕੀਤੀ ਜਾਂਦੀ ਹੈ ਪਰ ਕਦੀ ਕਿਸੇ ਨੇ ਇਹ ਨਹੀਂ ਸੋਚਿਆ ਕਿ ਜਿਹੜੀ ਮਠਿਆਈ ਅਸੀਂ ਖਾ ਰਹੇ ਹਾਂ, ਇਹ ਸਾਡੀ ਸਿਹਤ ਲਈ ਕਿੰਨੀਆਂ ਕੁ ਫਾਇਦੇਮੰਦ ਹਨ ਤੇ ਕਿੰਨੀਆਂ ਕੁ ਨੁਕਸਾਨਦਾਇਕ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ?

ਅੱਜ ਦੇ ਮਿਲਾਵਟਖੋਰੀ ਯੁੱਗ ਵਿਚ ਤਾਂ ਸਾਫ ਵਿਖਾਈ ਦਿੰਦਾ ਹੈ ਕਿ ਇਹ ਬਹੁਤੀਆਂ ਮਠਿਆਈਆਂ ਸਾਡੀ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਹਨ। ਮਾਹਿਰ ਦੱਸਦੇ ਹਨ ਕਿ ਇਹ ਨਕਲੀ (ਸਿੰਧੇਕੇਟ) ਖੋਆ, ਦੁੱਧ ਯੂਰੀਆ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ,  ਕਿਉਂਕਿ ਅਸਲੀ ਰੰਗ ਮਹਿੰਗੇ ਹੋਣ ਕਾਰਨ ਕਈ ਹਲਵਾਈ ਤਕਰੀਬਨ ਨਕਲੀ ਰੰਗ ਹੀ ਵਰਤਦੇ ਹਨ। ਇਹ ਨਕਲੀ ਰੰਗ ਲੱਡੂ, ਜਲੇਬੀ ਵੇਚਣ, ਗੁਲਾਬ ਜਾਮਨ ਤੇ ਰਸਗੁੱਲੇ ਆਦਿ ’ਚ ਧੜੱਲੇ ਨਾਲ ਵਰਤੇ ਜਾਂਦੇ ਹਨ।

ਕੀ ਕਹਿਣਾ ਹੈ ਇਲਾਕਾ ਵਾਸੀਆਂ ਦਾ

ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਹਰ ਸ਼ਹਿਰ ’ਚ ਚੈਕਿੰਗ ਅਭਿਆਨ ਚਲਾਇਆ ਰਿਹਾ ਹੈ। ਪਰ ਇਸ ਇਲਾਕ ਵਿੱਚ ਕੋਈ ਚੈਕਿੰਗ ਨਾ ਹੋਣ ਕਾਰਨ ਹਲਵਾਈਆਂ, ਦੁੱਧ ਡੇਅਰੀ ਸਮੇਤ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਘਟੀਆ ਕਿਸਮ ਵਿੱਚ ਧੜੱਲੇ ਨਾਲ ਵਿਕਰੀ ਹੋ ਰਹੀ ਹੈ, ਪਰ ਫਿਰ ਵੀ ਕੋਈ ਚੈਕਿੰਗ ਨਹੀਂ ਹੋ ਰਹੀ ਹੈ  ਦੂਜੇ ਪਾਸੇ ਹੁਣ ਵੇਖਣਾ ਹੋਵੇਗਾ ਕਿ ਬਾਜ਼ਾਰ ’ਚ ਮਠਿਆਈਆਂ ਦੇ ਰੂਪ ਵਿਚ ਵਿਕ ਰਹੇ ਮਿੱਠੇ ਜ਼ਹਿਰ ’ਤੇ ਕਿੰਨੀ ਕੀ ਕਾਰਵਾਈ ਹੁੰਦੀ ਹੈ ਜਾਂ ਫਿਰ ਖਾਨਾਪੂਰਤੀ ਤੱਕ ਹੀ ਰਹਿ ਜਾਵੇਗੀ।

ਇਹ ਵੀ ਪੜ੍ਹੋ-  ਪੰਜਾਬ 'ਚ ਦੀਵਾਲੀ ਤੋਂ ਪਹਿਲਾਂ ਜਾਰੀ ਹੋਏ ਵੱਡੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News