ਪਰਿਣੀਤੀ : ਪ੍ਰਸ਼ੰਸਕ ਵਧੇ, ਫਿਲਮਾਂ ਘਟੀਆਂ
Thursday, Jul 16, 2015 - 07:58 AM (IST)

ਹਿੱਟ ਫਿਲਮ ''ਇਸ਼ਕਜ਼ਾਦੇ'' ਨਾਲ ਬਾਲੀਵੁੱਡ ''ਚ ਪਛਾਣ ਬਣਾਉਣ ਵਾਲੀ ਪਰਿਣੀਤੀ ਚੋਪੜਾ ਦੀ ਪਿਛਲੀ ਫਿਲਮ ਬੀਤੇ ਸਾਲ ਨਵੰਬਰ ''ਚ ਰਿਲੀਜ਼ ਹੋਈ ''ਕਿਲ ਦਿਲ'' ਸੀ, ਜਿਸ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਉਦੋਂ ਤੋਂ ਨਵੀਂ ਫਿਲਮ ਸਾਈਨ ਕਰਨ ''ਚ ਬਹੁਤ ਦਿੱਕਤ ਆ ਰਹੀ ਹੈ।
ਹੁਣੇ ਹੀ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ''ਤੇ ਪਰਿਣੀਤੀ ਦੇ ਪ੍ਰਸ਼ੰਸਕਾਂ ਦੀ ਗਿਣਤੀ 50 ਲੱਖ ਨੂੰ ਪਾਰ ਕਰ ਗਈ। ਇਸ ਨੂੰ ਇਕ ਤ੍ਰਾਸਦੀ ਹੀ ਕਹਾਂਗੇ ਕਿ ਜਿਥੇ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਉਥੇ ਹੀ 26 ਸਾਲਾ ਇਸ ਸੁੰਦਰੀ ਕੋਲ ਫਿਲਹਾਲ ਇਕ ਵੀ ਫਿਲਮ ਨਹੀਂ ਹੈ।
ਹਾਲ ਹੀ ਵਿਚ ਉਸ ਨੂੰ ਸੈਫ ਅਲੀ ਖਾਨ ਦੇ ਲੀਡ ਰੋਲ ਵਾਲੀ ਫਿਲਮ ''ਜੁਗਲਬੰਦੀ'' ''ਚ ਲਏ ਜਾਣ ਦੀ ਚਰਚਾ ਸੀ ਪਰ ਸਲਮਾਨ ਖਾਨ ਨੇ ਆਪਣੇ ਪ੍ਰੋਡਕਸ਼ਨ ਦੀ ਇਸ ਫਿਲਮ ਵਿਚ ਪਰਿਣੀਤੀ ਦੀ ਥਾਂ ''ਤੇ ਆਪਣੀ ਚਹੇਤੀ ਹੀਰੋਇਨ ਜੈਕਲੀਨ ਨੂੰ ਲੈਣ ਦਾ ਫੈਸਲਾ ਕੀਤਾ ਹੈ।
ਉਥੇ ਹੀ ਉਸ ਨੂੰ ਸਲਮਾਨ ਖਾਨ ਦੀ ਲੀਡ ਰੋਲ ਵਾਲੀ ਫਿਲਮ ''ਸੁਲਤਾਨ'' ਲਈ ਵੀ ਲਏ ਜਾਣ ਦੀ ਚਰਚਾ ਹੈ ਕਿਉਂਕਿ ਇਸ ਨੂੰ ਪਰਿਣੀਤੀ ਦੇ ਕਰੀਬੀ ਆਦਿੱਤਯ ਚੋਪੜਾ ਬਣਾ ਰਹੇ ਹਨ ਪਰ ਖ਼ਬਰ ਹੈ ਕਿ ਸਲਮਾਨ ਇਸ ਵਿਚ ਕ੍ਰਿਤੀ ਸੈਨਨ ਨੂੰ ਲੈਣਾ ਚਾਹੁੰਦਾ ਹੈ। ਦੇਖਣਾ ਦਿਲਚਸਪ ਰਹੇਗਾ ਕਿ ਇਸ ਫਿਲਮ ਨੂੰ ਲੈ ਕੇ ਪਰਿਣੀਤੀ ਦੀ ਕਿਸਮਤ ਉਸ ਦਾ ਸਾਥ ਦਿੰਦੀ ਹੈ ਜਾਂ ਨਹੀਂ।
ਉਂਝ ਪਰਿਣੀਤੀ ਵਿਹਲੇ ਸਮੇਂ ਦੀ ਠੀਕ ਵਰਤੋਂ ਕਰ ਰਹੀ ਹੈ। ਮੁੰਬਈ ਵਿਚ ਖਰੀਦੇ ਆਪਣੇ ਨਵੇਂ ਫਲੈਟ ਨੂੰ ਸਜਾਉਣ ਅਤੇ ਉਥੇ ਸ਼ਿਫਟ ਹੋਣ ਦੇ ਨਾਲ ਹੀ ਉਹ ਇਨ੍ਹੀਂ ਦਿਨੀਂ ਪਹਿਲਾਂ ਤੋਂ ਜ਼ਿਆਦਾ ਫਿੱਟ ਦਿਖਾਈ ਦੇ ਰਹੀ ਹੈ। ਉਹ ਕਹਿੰਦੀ ਹੈ, ''''ਅਸਲ ਵਿਚ ਇਸ ਤੋਂ ਪਹਿਲਾਂ ਮੈਨੂੰ ਆਪਣੇ ਲਈ ਇੰਨਾ ਸਮਾਂ ਨਹੀਂ ਮਿਲਿਆ। ਹਮੇਸ਼ਾ ਸ਼ੂਟਿੰਗ ਵਿਚ ਰੁੱਝੀ ਰਹਿੰਦੀ ਸੀ। ਉਦੋਂ ਇਹੀ ਸੋਚ ਕੇ ਖੁਸ਼ ਹੁੰਦੀ ਕਿ ਮੈਂ ਕੰਮ ਕਰ ਰਹੀ ਹਾਂ, ਜਿਵੇਂ ਜ਼ਿੰਦਗੀ ਵਿਚ ਕੰਮ ਹੀ ਸਭ ਤੋਂ ਅਹਿਮ ਹੋਵੇ।'''' ''ਕਿਲ ਦਿਲ'' ਦੀ ਰਿਲੀਜ਼ ਤੋਂ ਬਾਅਦ ਮੈਂ ਆਪਣੇ ਲਈ ਸਮਾਂ ਕੱਢ ਸਕੀ। ਅੱਜ ਮੈਂ ਆਪਣੀ ਲੁਕ ਤੋਂ ਖੁਸ਼ ਹਾਂ। ਆਪਣੀ ਫਿੱਗਰ ''ਤੇ ਕੀਤੀ ਮੇਰੀ ਮਿਹਨਤ ਹੁਣ ਦਿਖਾਈ ਦੇਣ ਲੱਗੀ ਹੈ।
ਹੁਣ ਕੁਝ ਫਿਲਮਾਂ ਦੀ ਸਕ੍ਰਿਪਟ ਪੜ੍ਹਨ ਦਾ ਦਾਅਵਾ ਕਰਨ ਵਾਲੀ ਪਰਿਣੀਤੀ ਕਹਿੰਦੀ ਹੈ, ''''ਇਨ੍ਹੀਂ ਦਿਨੀਂ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਸਮਾਂ ਦੇ ਰਹੀ ਹਾਂ। ਮੇਰੇ ਕੋਲ ਆਪਣੀਆਂ ਵਿਗਿਆਪਨ ਫਿਲਮਾਂ ਦਾ ਕੰਮ ਪੂਰਾ ਕਰਨ ਲਈ ਵੀ ਹੁਣ ਪੂਰਾ ਸਮਾਂ ਹੈ।''''