ਸਮਾਜਕ ਕੁਰੀਤੀਆਂ ਖਿਲਾਫ ਕੱਢਿਆ ਸਾਈ ਮਾਰਚ
Monday, Nov 05, 2018 - 10:50 AM (IST)

ਲੁਧਿਆਣਾ (ਅਜਮੇਰ)- ਇਥੋਂ ਨਜ਼ਦੀਕੀ ਪਿੰਡ ਲਸਾਡ਼ਾ ਵਿਖੇ ਏਕਤਾ ਕਲਾ ਮੰਚ (ਰਜਿ.) ਲਸਾਡ਼ਾ ਵਲੋਂ ਗ੍ਰੀਨ ਦੀਵਾਲੀ ਦੇ ਹੱਕ ਵਿਚ ਅਤੇ ਸਮਾਜਕ ਕੁਰੀਤੀਆਂ ਖਿਲਾਫ ਸਾਈਕਲ ਮਾਰਚ ਕੱਢਿਆ ਗਿਆ, ਜਿਸ ਵਿਚ ਵੱਖ-ਵੱਖ ਪਿੰਡਾਂ ਦੀਆਂ ਜਥੇਬੰਦੀਆਂ ਵਲੋਂ ਹਿੱਸਾ ਲਿਆ ਗਿਆ। ਇਸ ਮੌਕੇ ਹਰਿਆਵਲ ਲਹਿਰ ਪੰਜਾਬ ਦੇ ਮੁਖੀ ਰਮਨ ਰੇਤੀ ਵਲੋਂ ਇਸ ਸਾਈਕਲ ਮਾਰਚ ਨੂੰ ਹਰੀ ਝੰਡੀ ਦਿੰਦਿਅਾਂ ਕਿਹਾ ਕਿ ਸਾਨੂੰ ਇਹੋ ਜਿਹੇ ਉਪਰਾਲਿਆਂ ਰਾਹੀਂ ਹੀ ਦੇਸ਼ ਵਾਸੀਆਂ ਨੂੰ ਜਾਗਰੂਕ ਕਰਨਾ ਪਵੇਗਾ, ਨਹੀਂ ਤਾਂ ਇਹ ਧਰਤੀ ਵੀ ਸਾਡੇ ਰਹਿਣਯੋਗ ਨਹੀਂ ਰਹੇਗੀ। ਇਸ ਸਾਈਕਲ ਮਾਰਚ ਵਿਚ 50 ਤੋਂ ਵੱਧ ਸਾਈਕਲ ਸਵਾਰ ਨੌਜਵਾਨਾਂ ਅਤੇ ਬੱਚਿਆਂ ਨੇ ਹਿੱਸਾ ਲਿਆ, ਜਿਨ੍ਹਾਂ ਦੇ ਹੱਥਾਂ ’ਚ ਪ੍ਰਦੂਸ਼ਣ ਅਤੇ ਨਸ਼ਿਆਂ ਸਬੰਧੀ ਸਲੋਗਨਾਂ ਵਾਲੀਆਂ ਤਖਤੀਆਂ ਫੜੀਅਾਂ ਸਨ।
ਇਸ ਰੈਲੀ ਵਿਚ ਬੀਰ ਚੰਦ (ਐਡਵੋਕੇਟ), ਦਸਮੇਸ਼ ਸੇਵਾਵਾਂ ਕਲੱਬ ਨੰਗਲ ਜੱਟਾਂ ਦੇ ਪ੍ਰਧਾਨ ਗੁਰਪ੍ਰੀਤ ਬਾਂਸਲ, ਜਤਿੰਦਰ ਕੁਮਾਰ, ਰੋਹਿਤ ਕੁਮਾਰ, ਨਿੱਕਾ ਜੈਲਦਾਰ, ਅਵਤਾਰ ਸਿੰਘ, ਨਵਦੀਪ ਸਿੰਘ, ਗੁਰਮੁਖ ਮਹੇ, ਸਤਪਾਲ, ਲੱਲਿਤ ਸਾਗਰ, ਬੁਗਲੀ ਪੁਆਰੀ, ਲਸ਼ਮਣ, ਰੋਹਿਤ, ਗੁਰਪ੍ਰੀਤ ਲੋਚਨ, ਨਰੇਸ਼ ਮਹੇ, ਸ਼ਮਸ਼ੇਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਨੌਜਵਾਨ ਅਤੇ ਬੱਚਿਆਂ ਨੇ ਹਿੱਸਾ ਲਿਆ। ਸੰਸਥਾ ਦੇ ਨਿਰਦੇਸ਼ਕ ਗੁਰਦੀਪ ਲਸਾਡ਼ਾ ਨੇ ਕਿਹਾ ਕਿ ਸਾਨੂੰ ਇਹ ਉਮੀਦ ਹੈ ਕਿ ਸਾਡੇ ਇਨ੍ਹਾਂ ਉੱਦਮਾਂ ਦੇ ਸਦਕਾ ਸਮਾਜ ’ਚ ਜ਼ਰੂਰ ਕ੍ਰਾਂਤੀ ਆਏਗੀ। ਇਸ ਸਾਈਕਲ ਮਾਰਚ ਵਿਚ ਵਿਸ਼ੇਸ਼ ਸਹਿਯੋਗੀ ਸੰਸਥਾਵਾਂ ਵਿਚੋਂ ਦਸਮੇਸ਼ ਯੂਥ ਸੇਵਾਵਾਂ ਕਲੱਬ ਨੰਗਲ ਜੱਟਾਂ, ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਪੁਆਰੀ, ਡਾ. ਬੀ.ਆਰ.ਅੰਬੇਡਕਰ ਕਲੱਬ ਤਾਜਪੁਰ ਅਤੇ ਦਸਮੇਸ਼ ਸਪੋਰਟਸ ਕਲੱਬ ਪੰਦਰਾਵਲ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਸਾਈਕਲ ਮਾਰਚ ਦੀ ਸਮਾਪਤੀ ’ਤੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀ ਵਰਣਮਾਲਾ ਦੀਆਂ ਕਿਤਾਬਾਂ ਦਿੱਤੀਆਂ ਗਈਆਂ।