ਔਰਤਾਂ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਰਹੇ ਲਾਂਗ ਫ਼ਰਾਕ ਸੂਟ

Wednesday, May 06, 2026 - 09:38 AM (IST)

ਔਰਤਾਂ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਰਹੇ ਲਾਂਗ ਫ਼ਰਾਕ ਸੂਟ

ਵੈੱਬ ਡੈਸਕ- ਇੰਡੀਅਨ ਡਰੈੱਸਾਂ ’ਚ ਔਰਤਾਂ ਕੋਲ ਆਪਸ਼ਨਜ਼ ਦੀ ਕੋਈ ਕਮੀ ਨਹੀਂ ਹੈ। ਸਾੜ੍ਹੀ ਤੋਂ ਲੈ ਕੇ ਲਹਿੰਗਾ-ਚੋਲੀ ਅਤੇ ਤਰ੍ਹਾਂ-ਤਰ੍ਹਾਂ ਦੇ ਸੂਟ ਹਰ ਮੌਕੇ ਲਈ ਮੌਜੂਦ ਹਨ। ਸੂਟਾਂ ’ਚ ਵੀ ਵੰਨ-ਸੁਵੰਨਤਾ ਭਰਪੂਰ ਹੈ। ਸਿੰਪਲ ਸੂਟ, ਪਟਿਆਲਾ ਸੂਟ, ਨਾਇਰਾ ਕੱਟ, ਸ਼ਰਾਰਾ, ਪਲਾਜ਼ੋ, ਆਲੀਆ ਕੱਟ ਅਤੇ ਫ਼ਰਾਕ ਸੂਟ ਤੱਕ ਹਰ ਸਟਾਈਲ ਟਰੈਂਡ ’ਚ ਹੈ। ਇਨ੍ਹਾਂ ’ਚੋਂ ਹੀ ਲਾਂਗ ਫ਼ਰਾਕ ਸੂਟ ਹਮੇਸ਼ਾ ਤੋਂ ਔਰਤਾਂ ਅਤੇ ਮੁਟਿਆਰਾਂ ਦੀ ਖ਼ਾਸ ਪਸੰਦ ਰਿਹਾ ਹੈ। ਲਾਂਗ ਫ਼ਰਾਕ ਸੂਟ ਦੀ ਗੱਲ ਹੀ ਵੱਖਰੀ ਹੈ। ਇਸ ਦਾ ਲਾਂਗ ਪੈਟਰਨ ਇਸ ਨੂੰ ਬਾਕੀ ਸੂਟਾਂ ਨਾਲੋਂ ਵੱਖਰਾ ਅਤੇ ਜ਼ਿਆਦਾ ਗ੍ਰੇਸਫੁੱਲ ਬਣਾਉਂਦਾ ਹੈ। ਇਹ ਔਰਤਾਂ ਨੂੰ ਕਲਾਸੀ ਲੁੱਕ ਦਿੰਦਾ ਹੈ ਅਤੇ ਉਨ੍ਹਾਂ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦਾ ਹੈ।

ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਕੈਜ਼ੂਅਲ ਤੋਂ ਲੈ ਕੇ ਖ਼ਾਸ ਮੌਕਿਆਂ ਤੱਕ ਆਸਾਨੀ ਨਾਲ ਕੈਰੀ ਕੀਤਾ ਜਾ ਸਕਦਾ ਹੈ। ਲਾਂਗ ਫ਼ਰਾਕ ਸੂਟ ’ਚ ਵੀ ਕਈ ਆਪਸ਼ਨ ਮਿਲਦੇ ਹਨ। ਇਨ੍ਹਾਂ ’ਚ ਫ਼ਰਾਕ, ਬਾਟਮ ਅਤੇ ਦੁਪੱਟਾ ਸ਼ਾਮਲ ਹੁੰਦਾ ਹੈ। ਫ਼ਰਾਕ ਦਾ ਪੈਟਰਨ ਵੱਖ-ਵੱਖ ਹੁੰਦਾ ਹੈ। ਕੁਝ ਪਲੇਨ, ਕੁਝ ਪਲੇਟਿਡ ਅਤੇ ਕੁਝ ਹਾਈ ਵਾਲਿਊਮ ਵਾਲੀਆਂ ਹੁੰਦੀਆਂ ਹਨ। ਬਾਟਮ ’ਚ ਚੂੜੀਦਾਰ, ਪਲਾਜ਼ੋ, ਪੈਂਟ ਜਾਂ ਸਟ੍ਰੇਟ ਪੈਂਟ ਦਾ ਆਪਸ਼ਨ ਮਿਲਦਾ ਹੈ। ਕਈ ਫ਼ਰਾਕਾਂ ’ਚ ਜੇਬ ਦੀ ਸਹੂਲਤ ਵੀ ਹੁੰਦੀ ਹੈ, ਜੋ ਇਸ ਨੂੰ ਹੋਰ ਵਿਹਾਰਕ ਬਣਾਉਂਦੀ ਹੈ। ਦੁਪੱਟੇ ਵੀ ਵਰਾਇਟੀ ’ਚ ਆਉਂਦੇ ਹਨ। ਕੁਝ ਜ਼ਿਆਦਾ ਲੰਬੇ-ਚੌੜੇ ਅਤੇ ਹੈਵੀ ਵਰਕ ਵਾਲੇ ਤੇ ਕੁਝ ਸਿੰਪਲ ਅਤੇ ਸਧਾਰਨ। ਲਾਂਗ ਫ਼ਰਾਕ ਸੂਟ ਪ੍ਰਿੰਟਿਡ ਅਤੇ ਪਲੇਨ ਦੋਵਾਂ ਤਰ੍ਹਾਂ ਨਾਲ ਉਪਲਬਧ ਹਨ। ਪ੍ਰਿੰਟਿਡ ਫ਼ਰਾਕ ਸੂਟ ਗਰਮੀਆਂ ’ਚ ਕੂਲ ਅਤੇ ਕਿਊਟ ਲੁੱਕ ਦਿੰਦੇ ਹਨ, ਜਦਕਿ ਪਲੇਨ ਫ਼ਰਾਕ ਸੂਟ ਫਾਰਮਲ, ਪ੍ਰੋਫੈਸ਼ਨਲ ਅਤੇ ਰਾਇਲ ਲੁੱਕ ਲਈ ਸਭ ਤੋਂ ਵਧੀਆ ਹਨ। ਪਲੇਨ ਸੂਟ ’ਤੇ ਕੀਤਾ ਗਿਆ ਲੈਸ ਵਰਕ, ਮਿਰਰ ਵਰਕ ਜਾਂ ਨੈੱਟਵਰਕ ਇਨ੍ਹਾਂ ਨੂੰ ਹੋਰ ਖ਼ੂਬਸੂਰਤ ਬਣਾ ਦਿੰਦਾ ਹੈ। ਨੈੱਕਲਾਈਨ ਦੇ ਡਿਜ਼ਾਈਨਾਂ ਦੀ ਵੀ ਭਰਮਾਰ ਹੈ।

ਵੀ ਨੈੱਕ, ਰਾਊਂਡ ਨੈੱਕ, ਸਕੇਅਰ ਅਤੇ ਸਵੀਟਹਾਰਟ ਨੈੱਕਲਾਈਨ ਕਾਫ਼ੀ ਟਰੈਂਡ ’ਚ ਹਨ। ਕਈ ਸੂਟਾਂ ਦੀ ਬੈਕ ਸਾਈਡ ’ਤੇ ਡੋਰੀ ਦਾ ਡਿਜ਼ਾਈਨ ਹੁੰਦਾ ਹੈ, ਜੋ ਲੁੱਕ ਨੂੰ ਹੋਰ ਐਲੀਗੈਂਟ ਬਣਾਉਂਦਾ ਹੈ। ਕੁਝ ਫ਼ਰਾਕ ਸੂਟਾਂ ’ਚ ਕਮਰ ’ਤੇ ਬੈਲਟ ਜਾਂ ਡੋਰੀ ਦਿੱਤੀ ਹੁੰਦੀ ਹੈ, ਜਿਸ ਨਾਲ ਫਿਟਿੰਗ ਐਡਜਸਟ ਕਰਨੀ ਸੌਖੀ ਹੋ ਜਾਂਦੀ ਹੈ। ਲਾਂਗ ਫ਼ਰਾਕ ਸੂਟ ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਆਫ਼ਿਸ ਜਾਣ ਵਾਲੀਆਂ ਔਰਤਾਂ ਤੱਕ ਹਰ ਕਿਸੇ ਦੀ ਪਸੰਦ ਹੈ। ਰੰਗਾਂ ਦੀ ਗੱਲ ਕਰੀਏ ਤਾਂ ਮੁਟਿਆਰਾਂ ਨੂੰ ਲਾਈਟ ਪਿੰਕ, ਲਾਈਟ ਗ੍ਰੀਨ, ਯੈਲੋ, ਵ੍ਹਾਈਟ ਅਤੇ ਪੀਚ ਵਰਗੇ ਸ਼ੇਡ ਪਸੰਦ ਆ ਰਹੇ ਹਨ, ਜਦਕਿ ਔਰਤਾਂ ਮੈਰੂਨ, ਰੈੱਡ ਅਤੇ ਡਾਰਕ ਸ਼ੇਡ ਦੇ ਫ਼ਰਾਕ ਸੂਟਾਂ ਨੂੰ ਜ਼ਿਆਦਾ ਤਰਜੀਹ ਦੇ ਰਹੀਆਂ ਹਨ। ਅਸੈਸਰੀਜ਼ ’ਚ ਇਸ ਦੇ ਨਾਲ ਈਅਰਰਿੰਗਜ਼, ਨੈੱਕਪੀਸ ਅਤੇ ਬ੍ਰੈਸਲੇਟ ਖ਼ੂਬ ਚੱਲ ਰਹੇ ਹਨ। ਧੁੱਪ ’ਚ ਸਟਾਈਲਿਸ਼ ਦਿਸਣ ਲਈ ਕਈ ਔਰਤਾਂ ਗਾਗਲਜ਼ ਵੀ ਕੈਰੀ ਕਰਦੀਆਂ ਹਨ। ਫੁੱਟਵੀਅਰ ’ਚ ਬੈਲੀ, ਹੀਲਜ਼, ਪਲੇਟਫਾਰਮ ਸੈਂਡਲ ਤੋਂ ਲੈ ਕੇ ਪੰਜਾਬੀ ਜੁੱਤੀ ਤੱਕ ਸਭ ਕੁਝ ਇਸ ਦੇ ਨਾਲ ਬਹੁਤ ਵਧੀਆ ਲੱਗਦਾ ਹੈ। ਕੁੱਲ ਮਿਲਾ ਕੇ, ਲਾਂਗ ਫ਼ਰਾਕ ਸੂਟ ਕੰਫਰਟ ਅਤੇ ਸਟਾਈਲ ਦਾ ਪਰਫੈਕਟ ਕੰਬੀਨੇਸ਼ਨ ਹੈ। ਇਹੀ ਵਜ੍ਹਾ ਹੈ ਕਿ ਇਹ ਕਦੇ ਆਊਟ ਆਫ਼ ਫੈਸ਼ਨ ਨਹੀਂ ਹੁੰਦਾ ਅਤੇ ਹਰ ਸੀਜ਼ਨ ’ਚ ਔਰਤਾਂ ਦੀ ਪਹਿਲੀ ਪਸੰਦ ਬਣਿਆ ਰਹਿੰਦਾ ਹੈ।


author

DIsha

Content Editor

Related News