ਪਤੀ ਪਤਨੀ ਦਾ ਰਿਸ਼ਤਾ ਦੋਸਤੀ ਦਾ ਜੋ ਮਹਿਕਾ ਦਿੰਦਾ ਹੈ ਜ਼ਿੰਦਗੀ
Thursday, Aug 08, 2024 - 03:25 PM (IST)
ਜਲੰਧਰ- ਪਤੀ ਪਤਨੀ ਦੇ ਰਿਸ਼ਤੇ 'ਚ ਜੇ ਦੋਸਤੀ ਵੀ ਜੁੜ ਜਾਵੇ ਤਾਂ ਇਸ ਦੀ ਖੁਸ਼ਬੂ ਜ਼ਿੰਦਗੀ ਮਹਿਕਾ ਦਿੰਦੀ ਹੈ। ਇਹ ਉਹ ਰਿਸ਼ਤਾ ਹੈ, ਜੋ ਜ਼ਿੰਦਗੀ ਦਾ ਰੂਪ ਬਦਲ ਸਕਦਾ ਹੈ। ਇਨਸਾਨ ਦੀ ਜ਼ਿੰਦਗੀ 'ਚ ਦੋਸਤਾਂ ਮਿੱਤਰਾਂ ਦੀ ਬਹੁਤ ਖਾਸ ਥਾਂ ਹੁੰਦੀ ਹੈ। ਰਿਸ਼ਤੇਦਾਰਾਂ ਤੋਂ ਬਿਨਾਂ ਦੋਸਤਾਂ ਦੀ ਥਾਂ ਹੋਰ ਕੋਈ ਨਹੀਂ ਲੈ ਸਕਦਾ। ਹਰ ਬੰਦੇ ਦੀ ਜ਼ਿੰਦਗੀ 'ਚ ਇਕ ਸੱਚਾ ਦੋਸਤ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਅਜਿਹੇ ਦੋਸਤ ਤੋਂ ਬਿਨਾਂ ਜ਼ਿੰਦਗੀ ਖਾਲੀ ਖਾਲੀ ਲੱਗਦੀ ਹੈ। ਸਕੂਲ-ਕਾਲਜ ਵਾਲੇ ਮਿੱਤਰ, ਸਮਾਜਿਕ ਮਿੱਤਰ ਅਤੇ ਕੰਮਕਾਜੀ ਮਿੱਤਰ, ਜਿਨ੍ਹਾਂ ਬਿਨਾਂ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਅਧੂਰੀ ਹੈ। ਇਹ ਸਾਰੇ ਰਿਸ਼ਤੇ ਤਾਂ ਜ਼ਿੰਦਗੀ 'ਚ ਖਾਸ ਅਹਿਮੀਅਤ ਰੱਖਦੇ ਹੀ ਹਨ ਪਰ ਇਨ੍ਹਾਂ ਸਾਰਿਆਂ 'ਚੋਂ ਇਕ ਖਾਸ ਰਿਸ਼ਤਾ ਹੈ ਪਤੀ ਪਤਨੀ ਦਾ। ਇਹ ਬਹੁਤ ਹੀ ਪਾਕ-ਪਵਿੱਤਰ ਰਿਸ਼ਤਾ ਹੈ। ਪਤੀ-ਪਤਨੀ ਇਕ-ਦੂਜੇ ਦੇ ਸਭ ਤੋਂ ਕਰੀਬੀ ਦੋਸਤ ਹੁੰਦੇ ਹਨ। ਭਾਵੇਂ ਅਸੀਂ ਆਪਣੇ ਸਾਕ-ਸਬੰਧੀਆਂ ਜਾਂ ਪਰਿਵਾਰ ਵਿਚ ਰਹਿੰਦੇ ਹਾਂ ਪਰ ਜੋ ਵਿਚਾਰ ਅਸੀਂ ਆਪਣੇ ਜੀਵਨ ਸਾਥੀ ਨਾਲ ਸਾਂਝੇ ਕਰ ਸਕਦੇ ਹਾਂ। ਉਹ ਕਿਸੇ ਹੋਰ ਨਾਲ ਨਹੀਂ ਕਰ ਸਕਦੇ। ਉਹ ਇਕ ਅਜਿਹਾ ਦੋਸਤ ਹੁੰਦਾ ਹੈ, ਜਿਸ ਨੂੰ ਅਸੀਂ ਸਾਰੀ ਉਮਰ ਆਪਣੇ ਨਾਲ ਰੱਖਦੇ ਹਾਂ।
ਜੋ ਇਨਸਾਨ ਆਪਣੀ ਪਤਨੀ ਨੂੰ ਆਪਣੇ ਮਿੱਤਰ ਦੇ ਤੌਰ 'ਤੇ ਜਾਣਦਾ ਹੈ, ਸਮਝਦਾ ਹੈ, ਉਸ ਦਾ ਜੀਵਨ ਖੁਸ਼ੀਆਂ ਭਰਿਆ ਹੁੰਦਾ ਹੈ ਪਰ ਜਿਸ ਨੇ ਆਪਣੀ ਪਤਨੀ ਤੋਂ ਓਹਲਾ ਰੱਖਿਆ, ਉਹ ਵਿਅਕਤੀ ਸੰਪੂਰਨ ਇਨਸਾਨ ਨਹੀਂ ਬਣ ਸਕਦਾ। ਅਜਿਹੀ ਹੀ ਭਾਵਨਾ ਪਤਨੀ ਵਿਚ ਵੀ ਹੋਣੀ ਚਾਹੀਦੀ ਹੈ। ਜਦੋਂ ਸਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਪਹਿਲਾ ਦੁੱਖ ਪਤਨੀ ਨੂੰ ਹੁੰਦਾ ਹੈ। ਇਸ ਦਾ ਅਨੁਭਵ ਉਸ ਸਮੇਂ ਵੀ ਹੁੰਦਾ ਹੈ, ਜਦੋਂ ਕੋਈ ਬਿਮਾਰੀ ਜਾਂ ਫਿਰ ਸਮਾਜਿਕ ਅੌਕੜ ਜਾਂ ਕੋਈ ਵੱਡੀ ਪਰੇਸ਼ਾਨੀ ਪੈਦਾ ਹੁੰਦੀ ਹੈ। ਉਸ ਸਮੇਂ ਮਰਦ ਦਾ ਸਹਾਰਾ ਉਸ ਦੀ ਜੀਵਨ ਸਾਥਣ ਬਣਦੀ ਹੈ ਅਤੇ ਪਤਨੀ ਦੇ ਦੁੱਖ ਸਮੇਂ ਸਹਾਰਾ ਉਸ ਦਾ ਪਤੀ ਬਣਦਾ ਹੈ। ਜਿਹੜੇ ਵਿਅਕਤੀ ਬਾਹਰੀ ਪਿਆਰ ਦੀ ਉਮੀਦ ਰੱਖਦੇ ਹਨ, ਉਹ ਆਪਣੇ ਪੈਰਾਂ 'ਤੇ ਖੁਦ ਕੁਹਾੜੀ ਮਾਰ ਰਹੇ ਹੁੰਦੇ ਹਨ। ਅਜਿਹਾ ਵਰਤਾਰਾ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਹੈ। ਜੇਕਰ ਪਤੀ ਅਤੇ ਪਤਨੀ ਦਾ ਆਪਸੀ ਰਿਸ਼ਤਾ ਪੱਕਾ ਹੈ ਤਾਂ ਸਾਡਾ ਸਮਾਜ ਵੀ ਉਨ੍ਹਾਂ ਨੂੰ ਚੰਗੇ ਨਾਗਰਿਕ ਵਜੋਂ ਮਾਨਤਾ ਦੇਵੇਗਾ। ਪਰਿਵਾਰ ਜੇਕਰ ਇਕ ਹੈ ਤਾਂ ਮਨ ਦੀ ਸ਼ਾਂਤੀ 'ਚ ਕੋਈ ਵਿਘਨ ਨਹੀਂ ਪਾ ਸਕਦਾ। ਇਕ ਦੂਜੇ 'ਤੇ ਭਰੋਸਾ ਤੇ ਆਪਸੀ ਪਿਆਰ ਹੀ ਇਸ ਰਿਸ਼ਤੇ ਨੂੰ ਹਮੇਸ਼ਾ ਪਿਆਰ ਭਰਿਆ ਤੇ ਖੁਸ਼ਹਾਲ ਰੱਖ ਸਕਦਾ ਹੈ।