ਰਿਸ਼ਤਿਆਂ ਤੋਂ ਡਰ ਦੇ ਮਾਨਸਿਕ ਕਾਰਨ ਤੇ ਇਨ੍ਹਾਂ ਰੁਕਾਵਟਾਂ ਦੂਰ ਕਰਨ ਦੇ ਉਪਾਅ

Sunday, Sep 01, 2024 - 04:44 PM (IST)

ਨਵੀਂ ਦਿੱਲੀ : ਰਿਸ਼ਤਿਆਂ-ਨਾਤਿਆਂ ਨਾਲ ਹੀ ਇਕ ਸਮਾਜ ਬਣਦਾ ਹੈ। ਰਿਸ਼ਤੇ ਸਾਡੀ ਸਾਰੀ ਉਮਰ ਦਾ ਸਹਾਰਾ ਹੁੰਦੇ ਹਨ। ਪਰ ਕੁਝ ਲੋਕ ਨਵੇਂ ਰਿਸ਼ਤੇ ਬਣਾਉਣ ਤੋਂ ਬਹੁਤ ਡਰਦੇ ਹਨ। ਉਹ ਦੂਜਿਆਂ ਨਾਲ ਰਿਸ਼ਤਾ ਬਣਾਉਣ ਦੀ ਦੁਬਿਧਾ ਵਿੱਚ ਰਹਿੰਦੇ ਹਨ। ਜੇਕਰ ਉਨ੍ਹਾਂ ਦਾ ਕਿਸੇ ਨਾਲ ਗੂੜ੍ਹਾ ਰਿਸ਼ਤਾ ਬਣ ਜਾਵੇ, ਤਾਂ ਉਹ ਇਸ ਗੱਲ ਉੱਤੇ ਘਬਰਾ ਜਾਂਦੇ ਹਨ ਅਤੇ ਉਹ ਆਪਣੇ ਆਪ ਨੂੰ ਉਸ ਰਿਸ਼ਤੇ ਤੋਂ ਦੂਰ ਕਰਨ ਲੱਗਦੇ ਹਨ। ਅਜਿਹਾ ਕਰਨ ਪਿੱਛੇ ਕਈ ਮਾਨਸਿਕ ਕਾਰਨ ਹੋ ਸਕਦੇ ਹਨ। ਆਓ ਜਾਣਦੇ ਹਾਂ ਇਸ ਸੰਬੰਧੀ ਅਹਿਮ ਜਾਣਕਾਰੀ-

ਰਿਸ਼ਤਿਆਂ ਤੋਂ ਦੂਰ ਭੱਜਣ ਦੇ ਕਾਰਨ

ਦੁਖੀ ਜਾਂ ਦੂਰ ਹੋਣ ਦਾ ਡਰ

ਕਈ ਲੋਕ ਦੂਜਿਆਂ ਨਾਲ ਗਹਿਰਾ ਸੰਬੰਧ ਬਣਾਉਣ ਤੋਂ ਇਸ ਲਈ ਡਰਦੇ ਹਨ, ਕਿਉਂਕਿ ਉਨ੍ਹਾਂ ਦੇ ਮਨ ਵਿੱਚ ਫੀਲਿੰਗਸ ਹਰਟ ਹੋਣ ਦਾ ਡਰ ਹੁੰਦਾ ਹੈ। ਜਦੋਂ ਹੀ ਉਹ ਕਿਸੇ ਰਿਸ਼ਤੇ ਵਿੱਚ ਗਹਿਰਾ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਦੁਖੀ ਹੋਣ ਦਾ ਖਿਆਲ ਉਨ੍ਹਾਂ ਦੇ ਮਨ ਉੱਤੇ ਭਾਰੂ ਹੋ ਜਾਂਦਾ ਹੈ। ਅਜਿਹੇ ਲੋਕਾਂ ਦੇ ਮਨ ਵਿੱਚ ਡਰ ਰਹਿਣ ਲੱਗਦਾ ਹੈ, ਕਿ ਉਨ੍ਹਾਂ ਦਾ ਸਾਥੀ ਦਾ ਦੋਸਤ ਉਨ੍ਹਾਂ ਨੂੰ ਛੱਡ ਕੇ ਨਾ ਚਲਾ ਜਾਵੇ। ਜਿਸ ਕਾਰਨ ਉਹ ਆਪਣੇ ਆਪ ਨੂੰ ਦੂਜਿਆਂ ਤੋਂ ਦੂਰ ਹੀ ਰੱਖਦੇ ਹਨ।

ਵਿਸ਼ਵਾਸ ਦੀ ਕਮੀਂ

ਕਈ ਵਾਰ ਕਿਸੇ ਵਿਅਕਤੀ ਨੂੰ ਉਸਦਾ ਆਪਣਾ ਧੋਖਾ ਦੇ ਦਿੰਦਾ ਹੈ। ਇਸਦੀ ਸੱਟ ਮਨ ਉੱਤੇ ਗਹਿਰੀ ਵੱਜਦੀ ਹੈ। ਜਿਨ੍ਹਾਂ ਲੋਕਾਂ ਨਾਲ ਅਜਿਹਾ ਹੋਇਆ ਹੁੰਦਾ ਹੈ, ਉਨ੍ਹਾਂ ਨੂੰ ਹਮੇਸ਼ਾ ਲੱਗਦਾ ਰਹਿੰਦਾ ਹੈ ਕਿ ਕਿਤੇ ਉਸਦਾ ਆਪਣਾ ਉਸਨੂੰ ਛੱਡ ਕੇ ਨਾ ਚਲਾ ਜਾਵੇ। ਅਜਿਹੇ ਲੋਕ ਛੇਤੀ-ਛੇਤੀ ਦੂਜਿਆਂ ਨਾਲ ਗਹਿਰਾ ਸੰਬੰਧ ਨਹੀਂ ਬਣਾ ਪਾਉਂਦੇ। ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਉਨ੍ਹਾਂ ਨੂੰ ਫਿਰ ਤੋਂ ਅਸਹਿ ਦੁੱਖ ਵਿੱਚੋਂ ਗੁਜਰਨਾ ਪੈ ਸਕਦਾ ਹੈ।

ਵਧੇਰੇ ਸੰਵੇਦਨਸ਼ੀਲਤਾ

ਕਈ ਲੋਕ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਅਜਿਹੇ ਲੋਕਾਂ ਦੀਆਂ ਭਾਵਨਾਵਾਂ ਨੂੰ ਬਹੁਤ ਛੇਤੀ ਸੱਟ ਲੱਗਦੀ ਹੈ। ਅਜਿਹੇ ਲੋਕ ਗੂੜ੍ਹੇ ਰਿਸ਼ਤੇ ਬਣਾਉਣ ਤੋਂ ਘਬਰਾਉਂਦੇ ਹਨ। ਉਹ ਆਪਣੇ ਮਨ ਦੀ ਗੱਲ ਛੇਤੀ-ਛੇਤੀ ਕਿਸੇ ਦੂਜੇ ਨੂੰ ਸਮਝਾ ਨਹੀਂ ਪਾਉਂਦੇ। ਉਹ ਆਪਣੇ ਆਪ ਨੂੰ ਦੂਜਿਆਂ ਤੋਂ ਦੂਰ ਕਰ ਲੈਂਦੇ ਹਨ, ਕਿਉਂਕਿ ਉਹ ਦੁਖੀ ਨਹੀਂ ਹੋਣਾ ਚਾਹੁੰਦੇ।

ਆਪਣੇ ਆਪ ਉੱਤੇ ਅਵਿਸ਼ਵਾਸ

ਜਿਨ੍ਹਾਂ ਨੂੰ ਆਪਣੇ ਆਪ ਉੱਤੇ ਵਿਸ਼ਵਾਸ ਨਹੀਂ ਹੁੰਦਾ, ਉਹ ਇਸ ਡਰ ਵਿੱਚ ਰਹਿਣ ਲੱਗਦੇ ਹਨ ਕਿ ਸ਼ਾਇਦ ਉਹ ਮੈਨੂੰ ਪਸੰਦ ਨਾ ਕਰੇ। ਸ਼ਾਇਦ ਉਹ ਮੇਰੀਆਂ ਆਦਤਾਂ ਨੂੰ ਪਸੰਦ ਨਾ ਕਰੇ। ਹੋ ਸਕਦਾ ਹੈ ਕਿ ਉਹ ਮੈਨੂੰ ਅੰਦਰੋਂ-ਅੰਦਰੀ ਨਾਪਸੰਦ ਕਰਦਾ ਹੋਵੇ ਅਤੇ ਮੈਨੂੰ ਪਿਆਰ ਕਰਨ ਦਾ ਦਿਖਾਵਾ ਕਰ ਰਿਹਾ ਹੋਵੇ। ਅਜਿਹੀਆਂ ਗੱਲਾਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀਆਂ ਰਹਿੰਦੀਆਂ ਹਨ। ਜਿਸ ਕਰਕੇ ਉਹ ਰਿਸ਼ਤੇ ਤੋਂ ਦੂਰੀ ਬਣਾਉਣ ਲੱਗਦੇ ਹਨ।

ਰਿਸ਼ਤਿਆਂ ਦੇ ਡਰ ਨੂੰ ਕਿਵੇਂ ਕਰੀਏ ਦੂਰ

ਜੇਕਰ ਤੁਸੀਂ ਵੀ ਅਜਿਹੀ ਸਥਿਤੀ ਵਿੱਚ ਹੀ ਹੋ। ਤੁਹਾਨੂੰ ਕਿਸੇ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਤੋਂ ਡਰ ਲੱਗਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਕੁਝ ਚੀਜ਼ਾਂ ਨੂੰ ਸੁਚੇਤ ਹੋ ਕੇ ਅਪਣਾਉਣਾ ਚਾਹੀਦਾ ਹੈ। ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਇਕ ਦੂਜੇ ਨਾਲ ਕੁਆਲਿਟੀ ਟਾਈਮ ਬਤੀਤ ਕਰੋ। ਆਪਣੀਆਂ ਚੀਜ਼ਾਂ ਇਕ ਦੂਜੇ ਨਾਲ ਸਾਂਝੀਆਂ ਕਰੋ। ਆਪਣੇ ਰਿਸ਼ਤੇ ਨੂੰ ਸਮਾਂ ਦਿਓ। ਇਸਦੇ ਨਾਲ ਹੀ ਆਪਣੇ ਅਤੀਤ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰੋ। ਆਪਣੇ ਅਤੀਤ ਨੂੰ ਕਿਸੇ ਵੀ ਰਿਸ਼ਤੇ ਦੇ ਵਿਚਕਾਰ ਨਾ ਲਿਆਓ।


Tarsem Singh

Content Editor

Related News