ਘਰ ਦੀ ਸਫ਼ਾਈ ਨੂੰ ਕਰੋ ਆਸਾਨ
Thursday, Oct 29, 2026 - 11:09 AM (IST)
ਵੈੱਬ ਡੈਸਕ - ਘਰ ਵਿਚ ਬਹੁਤ ਸਾਰਾ ਅਜਿਹਾ ਸਾਮਾਨ ਹੁੰਦਾ ਹੈ, ਜਿਸ ਦੀ ਲੋੜ ਲੰਬੇ ਸਮੇਂ ਤੋਂ ਨਹੀਂ ਪਈ ਹੁੰਦੀ, ਪਰ ਫਿਰ ਵੀ ਲੱਗਦਾ ਹੈ ਕਿ ਕਦੇ ਵੀ ਇਸ ਦੀ ਲੋੜ ਪੈ ਸਕਦੀ ਹੈ। ਇਹ ਸੋਚ ਕੇ ਅਸੀਂ ਉਸ ਸਾਮਾਨ ਨੂੰ ਸੰਭਾਲ ਕੇ ਰੱਖਦੇ ਰਹਿੰਦੇ ਹਾਂ ਅਤੇ ਆਪਣੇ ਸਟੋਰ ਵਿਚ ਭੀੜ ਵਧਾਉਂਦੇ ਰਹਿੰਦੇ ਹਾਂ ਜਾਂ ਫਿਰ ਸਮੇਂ ਦੀ ਘਾਟ ਦਾ ਬਹਾਨਾ ਬਣਾ ਕੇ ਉਸ ਦੀ ਛਾਂਟੀ ਨਹੀਂ ਕਰਦੇ।
ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਦੋਂ ਕਿਸੇ ਚੀਜ਼ ਦੀ ਲੋੜ ਪੈਂਦੀ ਹੈ, ਤਾਂ ਉਹ ਭੀੜ ਵਿਚ ਹੀ ਗੁਆਚ ਜਾਂਦੀ ਹੈ। ਅਜਿਹੇ ਵਿਚ ਆਪਣੇ ਮਨ ਨੂੰ ਪੱਕਾ ਕਰਕੇ ਬੇਲੋੜੇ ਸ਼ਾਮਾਨ ਦੀ ਛਾਂਟੀ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈ। ਇਕ ਵਾਰ ਪੱਕਾ ਇਰਾਦਾ ਕਰਕੇ ਦੇਖੋ। ਤੁਹਾਡਾ ਸਟੋਰ, ਰਸੋਈ, ਅਲਮਾਰੀਆਂ ਅਤੇ ਕਿਤਾਬਾਂ ਵਾਲੀ ਸ਼ੈਲਫ਼ ਹਲਕੀ ਅਤੇ ਵਿਵਸਥਿਤ ਨਜ਼ਰ ਆਵੇਗੀ। ਆਪਣੇ ਬੈੱਡ ਦੇ ਬਕਸਿਆਂ ਵਿਚ ਪਏ ਸਾਮਾਨ ਨਾਲ ਵੀ ਅਜਿਹਾ ਹੀ ਕਰੋ । ਜਿਹੜੀਆਂ ਬੈੱਡਸ਼ੀਟਾਂ ਪੁਰਾਣੀਆਂ ਹੋ ਗਈਆਂ ਹਨ, ਉਨ੍ਹਾਂ ਨੂੰ ਬਾਹਰ ਕੱਢ ਦਿਓ।
ਮੌਸਮ ਅਨੁਸਾਰ ਸਾਮਾਨ ਸੰਭਾਲੋ
ਕੁਝ ਸਾਮਾਨ ਅਜਿਹਾ ਵੀ ਹੁੰਦਾ ਹੈ, ਜਿਸ ਦੀ ਲੋੜ ਸਿਰਫ਼ ਹੋਲੀ ਅਤੇ ਦੀਵਾਲੀ ਵਰਗੇ ਤਿਉਹਾਰਾਂ 'ਤੇ ਹੀ ਪੈਂਦੀ ਹੈ। ਜਿਵੇਂ ਬੱਚਿਆਂ ਦੀਆਂ ਪਿਚਕਾਰੀਆਂ ਅਤੇ ਰੰਗ, ਦੀਵਾਲੀ 'ਤੇ ਲਗਾਈਆਂ ਜਾਣ ਵਾਲੀਆਂ ਲਾਈਟਾਂ, ਕੂਲਰ ਵਿਚ ਪਾਣੀ ਭਰਨ ਵਾਲੀ ਪਾਈਪ ਅਤੇ ਬੱਚਿਆਂ ਦੇ ਮੀਂਹ ਵਿਚ ਵਰਤਣ ਵਾਲੇ ਰੇਨਕੋਟ ਆਦਿ। ਇਨ੍ਹਾਂ ਚੀਜ਼ਾਂ ਦੀ ਲੋੜ ਸਾਲ ਵਿਚ ਕਦੇ-ਕਦਾਈਂ ਹੀ ਪੈਂਦੀ ਹੈ।
ਅਜਿਹੇ ਸਾਮਾਨ ਨੂੰ ਡੱਬੇ ਵਿਚ ਰੱਖ ਕੇ ਉਸ ਦੇ ਉੱਪਰ ਸਟਿੱਕਰ ਲਗਾਓ ਅਤੇ ਸਾਮਾਨ ਦਾ ਨਾਂ ਲਿਖ ਦਿਓ। ਫਿਰ ਇਸ ਨੂੰ ਇਕ ਨਿਸ਼ਚਿਤ ਜਗ੍ਹਾ 'ਤੇ ਰੱਖੋ, ਤਾਂ ਜੋ ਲੋੜ ਪੈਣ 'ਤੇ ਦੁਬਾਰਾ ਵਰਤਿਆ ਜਾ ਸਕੇ। ਪੁਰਾਣੇ ਰੰਗ ਆਦਿ ਸੰਭਾਲ ਕੇ ਨਾ ਰੱਖੋ, ਸਗੋਂ ਉਨ੍ਹਾਂ ਨੂੰ ਸੁੱਟ ਦਿਓ। ਜੇਕਰ ਸਾਮਾਨ ਸਹੀ ਜਗ੍ਹਾ 'ਤੇ ਰੱਖਿਆ ਹੋਵੇਗਾ, ਤਾਂ ਘਰ ਬੇਤਰਤੀਬ ਨਹੀਂ ਲੱਗੇਗਾ।
