ਘਰ ''ਚ ਹੀ ਬਣਾਓ ''ਚਵਨਪ੍ਰਾਸ਼’

Sunday, Nov 29, 2026 - 02:52 PM (IST)

ਘਰ ''ਚ ਹੀ ਬਣਾਓ ''ਚਵਨਪ੍ਰਾਸ਼’

ਵੈੱਬ ਡੈਸਕ - ਸਰਦੀਆਂ ਵਿਚ ਬਹੁਤ ਸਾਰੇ ਲੋਕ ਇਮਿਊਨਿਟੀ ਨੂੰ ਮਜ਼ਬੂਤ ਰੱਖਣ ਲਈ ਚਵਨਪ੍ਰਾਸ਼ ਖਾਂਦੇ ਹਨ । ਬਾਜ਼ਾਰ ਤੋਂ ਖਰੀਦਣ ਦੀ ਬਜਾਏ ਤੁਸੀਂ ਇਸ ਨੂੰ ਘਰ ਵਿਚ ਵੀ ਬਣਾ ਸਕਦੇ ਹੋ। ਆਂਵਲਾ, ਗੁੜ, ਘਿਓ, ਸੁੱਕੇ ਮੇਵੇ ਅਤੇ ਮਸਾਲਿਆਂ ਨਾਲ ਤਿਆਰ ਕੀਤਾ ਇਹ ਚਵਨਪ੍ਰਾਸ਼ ਸੁਆਦੀ ਹੋਣ ਦੇ ਨਾਲ-ਨਾਲ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ।

ਸਮੱਗਰੀ :-
1 ਕਿਲੋ ਆਂਵਲਾ, 500-700 ਗ੍ਰਾਮ ਦੇਸੀ ਗੁੜ ਸੁਆਦ ਅਨੁਸਾਰ), 100 ਗ੍ਰਾਮ ਦੇਸੀ ਘਿਓ, 50 ਗ੍ਰਾਮ ਬਦਾਮ, 50 ਗ੍ਰਾਮ ਕਾਜੂ, 25 ਗ੍ਰਾਮ ਪਿਸਤਾ, 50 ਗ੍ਰਾਮ ਕਿਸ਼ਮਿਸ਼, 100 ਗ੍ਰਾਮ ਖਜੂਰ, 50 ਗ੍ਰਾਮ ਮਖਾਣੇ, 10-12 ਇਲਾਇਚੀਆਂ, ਦਾਲਚੀਨੀ ਦਾ ਇਕ ਛੋਟਾ ਟੁਕੜਾ, ਅੱਧਾ ਛੋਟਾ ਚੱਮਚ ਕਾਲੀ ਮਿਰਚ, ਇਕ ਛੋਟਾ ਚੱਮਚ ਸੁੱਕੇ ਅਦਰਕ ਦਾ ਪਾਊਡਰ ਅਤੇ 2 ਵੱਡੇ ਚੱਮਚ ਸ਼ਹਿਦ।

ਵਿਧੀ :-
1. ਆਂਵਲੇ ਧੋ ਕੇ ਕੁੱਕਰ ਵਿਚ 2-3 ਸੀਟੀਆਂ ਆਉਣ ਤੱਕ ਉਬਾਲ ਲਓ। ਠੰਢੇ ਹੋਣ 'ਤੇ ਬੀਜ ਕੱਢ ਕੇ ਪੇਸਟ ਬਣਾ ਲਓ।
2. ਬਦਾਮ, ਕਾਜੂ, ਪਿਸਤਾ ਅਤੇ ਮਖਾਣਿਆਂ ਨੂੰ ਹਲਕਾ ਭੁੰਨ ਕੇ ਛੋਟੇ ਟੁਕੜਿਆਂ ਵਿਚ ਕੱਟ ਲਓ। ਖਜੂਰ ਦੇ ਬੀਜ ਕੱਢ ਕੇ ਉਸ ਨੂੰ ਪੀਸ ਲਓ।
3. ਕੜਾਹੀ ਵਿਚ ਘਿਓ ਗਰਮ ਕਰ ਕੇ ਆਂਵਲੇ ਦਾ ਪੋਸਟ ਹੌਲੀ ਅੱਗ 'ਤੇ ਪਕਾਓ। ਵਾਧੂ ਪਾਣੀ ਸੁੱਕਣ ਅਤੇ ਮਿਸ਼ਰਣ ਗਾੜ੍ਹਾ ਹੋਣ ਤੱਕ ਹਿਲਾਉਂਦੇ ਰਹੋ। 
4. ਗੁੜ ਨੂੰ ਥੋੜ੍ਹੇ ਜਿਹੇ ਪਾਣੀ ਵਿਚ ਗਰਮ ਕਰ ਕੇ ਪਿਘਲਾ ਲਓ ਅਤੇ ਛਾਣ ਕੇ ਆਂਵਲੇ ਦੇ ਪੇਸਟ ਵਿਚ ਮਿਲਾ ਦਿਓ।
5. ਹੁਣ ਇਸ ਵਿਚ ਖਜੂਰ, ਸਾਰੇ ਸੁੱਕੇ ਮੇਵੇ, ਕਿਸ਼ਮਿਸ਼ ਅਤੇ ਮਖਾਣੇ ਪਾ ਦਿਓ। ਨਾਲ ਹੀ ਇਲਾਇਚੀ, ਦਾਲਚੀਨੀ, ਕਾਲੀ ਮਿਰਚ ਅਤੇ ਸੁੱਕੇ ਅਦਰਕ ਦਾ ਪਾਊਡਰ ਮਿਲਾਓ।
6. ਮਿਸ਼ਰਣ ਨੂੰ ਹਲਕੀ ਅੱਗ 'ਤੇ ਗਾੜ੍ਹਾ ਹੋਣ ਤੱਕ ਪਕਾਓ। ਗੈਸ ਬੰਦ ਕਰਕੇ ਠੰਢਾ ਹੋਣ ਦਿਓ। ਹਲਕਾ ਕੋਸਾ ਰਹਿਣ 'ਤੇ ਸ਼ਹਿਦ ਮਿਲਾ ਦਿਓ।
ਲਓ ਜੀ, ਤੁਹਾਡਾ ਘਰ ਵਿਚ ਬਣਿਆ ਆਂਵਲੇ ਦਾ ਚਵਨਪ੍ਰਾਸ਼ ਤਿਆਰ ਹੈ।

ਸੰਭਾਲਣ ਦਾ ਤਰੀਕਾ
ਚਵਨਪ੍ਰਾਸ਼ ਨੂੰ ਸਾਫ਼ ਅਤੇ ਸੁੱਕੇ ਕੱਚ ਦੇ ਜਾਰ ਵਿਚ ਭਰ ਕੇ ਫਰਿੱਜ ਵਿਚ ਰੱਖੋ। ਇਸ ਨੂੰ ਕੱਢਣ ਲਈ ਹਮੇਸ਼ਾ ਸੁੱਕੇ ਚੱਮਚ ਦੀ ਵਰਤੋਂ ਕਰੋ । ਇਸ ਵਿਚ ਗੁੜ ਅਤੇ ਖਜੂਰ ਹੋਣ ਕਾਰਨ ਖੰਡ ਦੀ ਮਾਤਰਾ ਹੁੰਦੀ ਹੈ। ਸ਼ੂਗਰ ਦੇ ਮਰੀਜ਼ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣ।   


author

Sunaina

Content Editor

Related News