ਜਗਬਾਣੀ ਕਹਾਣੀਨਾਮਾ-9 : ਜੰਗ

Monday, May 04, 2020 - 03:37 PM (IST)

ਹਰਪ੍ਰੀਤ ਬਾਵਾ 

ਤਰਸੇਮ ਸਿੰਘ ਆਪਣੀ ਟੁਕੜੀ ਨਾਲ ਗੋਡਿਆਂ ਤੱਕ ਨੱਪ ਲੈਣ ਵਾਲੀ ਬਰਫ ਬਰਫ ਵਿਚ ਮਾਰਚ ਕਰਦੇ ਹੋਏ ਪਹਾੜੀ ਦੀ ਟੀਸੀ ਵੱਲ ਵਧ ਰਿਹਾ ਸੀ। ਇਕੋ ਰੱਸੇ ਨਾਲ ਬੱਧੇ ਹੋਏ ਲੱਕ ਲਾਇਨ ਬਣਾ ਕੇ ਉਸਦੇ ਪਿੱਛੇ ਚੱਲ ਰਹੇ ਸਨ। ਇੰਝ ਜਾਪ ਰਿਹਾ ਸੀ ਜਿਵੇਂ ਉਹ ਪਿਛਲਿਆਂ ਨੂੰ ਰੇਲ ਦੇ ਇੰਜਣ ਵਾਂਗ ਖਿੱਚ ਕੇ ਲਿਜਾ ਰਿਹਾ ਹੋਵੇ। ਪਿੱਠਾਂ ’ਤੇ ਰਸਦ ਤੇ ਅਸਲਾ ਚੱਕੀ ਉਸਦੇ ਪਿੱਛੇ ਵਲੀ ਅਹਿਮਦ, ਜਾਵੇਦ ਮੁਹੱਮਦ, ਜੈ ਰਾਮ, ਕਸ਼ਮੀਰ ਸਿੰਘ ਅਤੇ ਪ੍ਰੇਮ ਲਾਲ ਆਦਿ ਚੱਲ ਰਹੇ ਸਨ। ਜਾਵੇਦ ਗੀਤ ਗਾ ਰਿਹਾ ਸੀ "ਇਹ ਪੰਜਾਬ ਵੀ ਮੇਰਾ ਏ, ਉਹ ਪੰਜਾਬ ਵੀ ਮੇਰਾ ਏ" ਗੀਤ ਦੇ ਬੋਲ ਤੇ ਜਾਵੇਦ ਦੀ ਮਿੱਠੀ ਅਵਾਜ਼ ਮੀਲਾਂ ਦਾ ਥਕੇਵਾਂ ਦੂਰ ਕਰਦੀ ਸੀ।

ਟੀ.ਸੀ. ’ਤੇ ਆਪਣੀ ਕੰਪਨੀ ਦੇ ਸ਼ਮਿਆਨਿਆਂ ਵਿਚ ਪਹੁੰਚਣ ਤੋਂ ਪਹਿਲਾਂ ਹੀ ਕੁਝ ਦੂਰ ਤੋਂ ਹਲਕੀ ਗੋਲੀ ਬਾਰੀ ਦੀ ਅਵਾਜ਼ ਆਉਣ ਲੱਗ ਪਈ। ਸਿਰਫ ਅਵਾਜ ਹੀ ਉਨ੍ਹਾਂ ਦੇ ਖੂਨ ਦਾ ਦੌਰ ਤੇਜ ਕਰਨ ਲਈ ਕਾਫੀ ਸੀ। ਆਪਣੇ ਆਪ ਕਦਮਾਂ ਵਿਚ ਕਾਹਲ ਪੈਦਾ ਹੋ ਗਈ। ਇਹ ਦਿਲ ਤੇਜ਼ ਧੜ੍ਹਕ ਰਿਹਾ ਸੀ। ਹਰ ਇਕ ਨੂੰ ਪਹੁੰਚਣ ਦੀ ਕਾਹਲ ਪੈ ਗਈ। 

ਬਰਫ ਵਿਚੋਂ ਜੋਰ ਨਾਲ ਪੈਰ ਖਿੱਚਦਿਆਂ ਪ੍ਰੇਮ ਲਾਲ ਨੇ ਗੱਲ ਕਰਦਿਆਂ ਕਿਹਾ "ਇਹ ਦੁਸ਼ਮਨ ਚਾਹੁੰਦਾ ਕੀ ਹੈ ਇੱਥੇ ਬਰਫ ਦਾ ਬੰਜਰ ਰੇਗਿਸਤਾਨ ਹੈ। ਇੱਥੇ ਉਹ ਕੀ ਕਰੇਗਾ ਅਧਿਕਾਰ ਜਮਾ ਕੇ" ਕਸ਼ਮੀਰ ਸਿੰਘ ਜੋ ਉਸਤੋਂ ਅੱਗੇ ਚੱਲ ਰਿਹਾ ਸੀ ਰੱਸੀ ਤੇ ਆਪਣਾ ਹੱਥ ਘੁੱਟਦਾ ਹੋਇਆ ਬੋਲਿਆ "ਇਹ ਦੁਸ਼ਮਣ ਜੋ ਮਰਜੀ ਚਾਹੁੰਦਾ ਹੋਵੇ ਪਰ ਮੈਂ ਨਹੀਂ ਚਾਹੁੰਦਾ। ਇਹ ਮੇਰੇ ਦੇਸ਼ ਦੀ ਇਕ ਮੁੱਠ ਮਿੱਟੀ ’ਤੇ ਵੀ ਅਧਿਕਾਰ ਕਰੇ। ਇਹ ਮਿੱਟੀ ਵਿਚੋਂ ਮੇਰੀ ਮਾਂ ਪੈਦਾ ਹੋਈ ਹੈ ਅਤੇ ਮੇਰੀ ਮਾਂ ਵਿਚੋਂ ਮੈਂ ਪੈਦਾ ਹੋਇਆ ਹਾਂ ਹੁਣ ਇਸ ਮਿੱਟੀ ਅਤੇ ਮੇਰੀ ਤੇਰੀ ਸਾਡੀ ਸਭ ਦੀ ਔਲਾਦ ਦਾ ਹੱਕ ਹੈ ਇਹ ਮਿੱਟੀ ਜਿਸਦੀ ਅਸੀਂ ਸੇਵਾ ਕਰਦੇ ਹਾਂ ਇਹ ਆਪਣੇ ਵਰਗੇ ਕਰੋੜਾਂ ਧੀਆਂ ਪੁੱਤ ਪਾਲਦੀ ਹੈ।" ਕਸ਼ਮੀਰ ਸਿੰਘ ਦੀਆਂ ਗੱਲਾਂ ਸੁਣ ਕੇ ਹਰ ਇੱਕ ਮਨ ਵਿੱਚ ਇਹੀ ਖਿਆਲ ਵਸ ਗਿਆ ਸੀ 'ਸਾਡੀ ਧਰਤੀ,ਸਾਡੀ ਮਾਂ,ਸਾਡੇ ਧੀਆਂ ਪੁੱਤ,  ਅਸੀਂ ਲੜ੍ਹਾਂਗੇ ਇਸ ਧਰਤੀ ਲਈ ਇਸ ਮਿੱਟੀ ਲਈ ਆਪਣੇ ਬੱਚਿਆਂ ਲਈ ਧੀਆਂ ਪੁੱਤਾਂ ਲਈ, ਇਸ ਮਿੱਟੀ ਤੇ ਵਸਦੇ ਹਰ ਭੈਣ ਭਰਾ ਲਈ ਹਾਂ ਅਸੀਂ ਲੜ੍ਹਾਂਗੇ ਆਪਣੇ ਪਿਆਰ ਲਈ, ਆਪਣੇ ਬੱਚਿਆਂ ਦੇ ਭਵਿੱਖ ਲਈ, ਹਰ ਪੜ੍ਹੇ ਲਿਖੇ ਲਈ, ਹਰੇਕ ਭੁੱਖੇ ਲਈ। 

ਪੜ੍ਹੋ ਇਹ ਵੀ ਖਬਰ - ਜਾਣੋ ਬਿਨਾਂ ਲੱਛਣਾਂ ਵਾਲਾ ਕੋਰੋਨਾ ਵਾਇਰਸ ਕਿੰਨਾ ਕੁ ਹੈ ‘ਖਤਰਨਾਕ’ (ਵੀਡੀਓ)

ਪੜ੍ਹੋ ਇਹ ਵੀ ਖਬਰ - ਦਿਲ ਹੈ ਕਿ ਮਾਨਤਾ ਨਹੀਂ : ‘ਗਰਾਊਂਡ ਜ਼ੀਰੋ ਵਿਚ ਦਿਲ’

ਅਗਲੇ ਕੁਝ ਦਿਨਾਂ ਵਿਚ ਗੋਲੀਆਂ ਸ਼ਾਂਤ ਹੋ ਗਈਆਂ ਤਾਂ ਸੂਬੇਦਾਰ ਸਾਹਬ ਨੇ ਐਲਾਨ ਕੀਤਾ 'ਜੰਗ ਫਤਹਿ ਹੋਈ ਹੈ' ਹਰ ਚਿਹਰੇ ਤੇ ਖੁਸ਼ੀ ਦੀ ਲਹਿਰ ਹਾਸੀਆਂ ਚਾਅ ਹੋਰ ਗੂੜ੍ਹੇ ਹੋ ਗਏ। ਹੁਣ ਛੁੱਟੀਆਂ ਵੀ ਮਿਲ ਜਾਣਗੀਆਂ ਤੇ ਘਰ ਆਪਣੇ ਪਿਆਰਿਆਂ ਨੂੰ ਮਿਲਣ ਦਾ ਸਮਾਂ ਆਗਿਆ ਹੈ, ਬਜੁਰਗਾਂ ਦਾ ਦੁੱਖ ਦਰਦ ਸੁਣਨ ਦਾ ਸਮਾਂ ਆਗਿਆ ਹੈ। ਤਰਸੇਮ ਸਿੰਘ ਨੇ ਆਪਣਾ ਸੂਟਕੇਸ ਤੇ ਬਿਸਤਰਾ ਬੰਨ ਕੇ ਘਰ ਵੱਲ ਕੂਚ ਕਰ ਦਿੱਤੀ ਸੀ ਬਾਰ ਬਾਰ ਮਾਪਿਆਂ, ਬੱਚਿਆਂ, ਤੇ ਘਰ ਵਾਲੀ ਮਨਜੀਤ ਦਾ ਖਿਆਲ ਆ ਰਿਹਾ ਸੀ ਹਾਂ ਗਵਾਂਢੀ ਹਮੀਰ ਚੰਦ ਪੁੱਤਰ ਸੁਨੀਲ ਦਾ ਵੀ ਖਿਆਲ ਆਇਆ ਇਕੱਠੇ ਜੰਮੇ ਪਲ੍ਹੇ ਭਰਾਵਾਂ ਵਰਗੇ ਮਿੱਤਰ ਜੋ ਸਨ। 

ਪਿੰਡ ਵਾਲੀ ਬੱਸੋਂ ਉੱਤਰ ਕੇ ਕਾਹਲੇ ਕਦਮਾਂ ਨਾਲ ਘਰ ਪਹੁੰਚ ਬੱਚਿਆਂ ਨੂੰ ਜੱਫੀ ਵਿਚ ਲਿਆ ਪਿਆਰ ਕੀਤਾ ਮਨਜੀਤ ਨਾਲ ਪਿਆਰ ਭਰੀਆਂ ਅੱਖਾਂ ਮਿਲਾਈਆਂ ਬੇਬੇ ਬਾਪੂ ਦੇ ਪੈਰ ਛੂਹ ਕੇ ਹਾਲ ਚਾਲ ਪੁੱਛਿਆ ਕੱਪੜੇ ਬਦਲੇ ਸ਼ਾਮ ਦੀ ਰੋਟੀ ਖਾਧੀ ਤੇ ਮਨਜੀਤ ਨੂੰ ਇਹ ਕਹਿ ਘਰੋਂ ਜਾਣ ਲੱਗਾ ਕਿ ਪਿੰਡ ਦਾ ਗੇੜਾ ਲਾ ਆਵਾਂ ਤੇ ਸੁਨੀਲ ਨੂੰ ਮਿਲ ਆਵਾਂ ਪਰ ਮਨਜੀਤ ਦੱਸਿਆ ਕਿ ਉਹ ਹੁਣ ਪਿੰਡ ਛੱਡ ਗਏ ਹਨ ਕਾਰੋਬਾਰ ਵਿਚ ਘਾਟਾ, ਕਰਜਾ,  ਜਿੰਮੇਵਾਰੀਆਂ ਤੇ ਵੱਡੇ ਲਾਲੇ ਦੀ ਬਿਮਾਰੀ ਨੇ ਪਿੰਡ ਛਡਵਾ ਦਿੱਤਾ। ਉੱਠਦਾ-ਉੱਠਦਾ ਤਰਸੇਮ ਸਿੰਘ ਫੇਰ ਬੈਠ ਗਿਆ ਅਚਾਨਕ ਕਸ਼ਮੀਰ ਸਿੰਘ ਦੀਆਂ ਗੱਲਾਂ ਯਾਦ ਆਉਣ ਲੱਗੀਆਂ ' ਜੰਗ' ਪਿਆਰ ਲਈ, ਆਪਣਿਆ ਲਈ, ਭੁੱਖਿਆਂ ਲਈ, ਬੀਮਾਰਾਂ ਲਈ, ਬੇਰੁਜ਼ਗਾਰਾਂ ਲਈ,'ਤਰਸੇਮ ਸਿੰਘ ਉੱਠਿਆ ਤੇ ਚੁੱਪ ਚਾਪ ਘਰੋਂ ਬਾਹਰ ਨਿਕਲ ਗਿਆ.. ਉਹ ਸਮਝ ਗਿਆ ਸੀ ....ਜੰਗ ਅਜੇ ਖਤਮ ਨਹੀਂ ਹੋਈ ।

ਪੜ੍ਹੋ ਇਹ ਵੀ ਖਬਰ - ਸਾਹਿਤਨਾਮਾ : ‘ਮੈਨੂੰ ਪੰਜਾਬੀ ਕਿਉਂ ਚੰਗੀ ਲੱਗਦੀ ਹੈ’ 

ਪੜ੍ਹੋ ਇਹ ਵੀ ਖਬਰ - ਮੀਂਹ, ਝੱਖੜ ਨੇ ਪ੍ਰਭਾਵਿਤ ਕੀਤੀ ਕਣਕ ਦੀ ਵਾਢੀ ਤੇ ਮੰਡੀਕਰਨ ਦੇ ਨਾਲ ਸਾਉਣੀ ਦੀ ਬਿਜਾਈ 
 


rajwinder kaur

Content Editor

Related News