ਜੇਕਰ ਜੀਵਨ ਸਾਥੀ ਨਾਲ ਬਣਾਈ ਰੱਖਣਾ ਚਾਹੁੰਦੇ ਹੋ ਖੁਸ਼ਨੁਮਾ ਰਿਸ਼ਤਾ ਤਾਂ ਅਪਣਾਓ ਇਹ ਟਿਪਸ
Wednesday, Aug 07, 2024 - 06:26 PM (IST)
ਨਵੀਂ ਦਿੱਲੀ- ਕੋਈ ਇਨਸਾਨ ਇਕੱਲਾ ਨਹੀਂ ਜੀਅ ਸਕਦਾ। ਉਸਨੂੰ ਜਿਉਣ ਲਈ ਰੋਟੀ, ਪਾਣੀ, ਹਵਾ ਦੇ ਨਾਲੋ ਨਾਲ ਹੋਰਨਾਂ ਲੋਕਾਂ ਦੇ ਸੰਗ-ਸਾਥ ਦੀ ਵੀ ਲੋੜ ਹੁੰਦੀ ਹੈ। ਇਸੇ ਲੋੜ ਵਿਚੋਂ ਹੀ ਰਿਸ਼ਤੇ ਨਾਤੇ ਪੈਦਾ ਹੋਏ ਹਨ। ਸਾਰੇ ਰਿਸ਼ਤਿਆਂ ਵਿਚੋਂ ਸਭ ਤੋਂ ਬੁਨਿਆਦੀ ਤੇ ਅਹਿਮ ਰਿਸ਼ਤਾ ਔਰਤ ਮਰਦ ਦਾ ਹੈ। ਇਹ ਰਿਸ਼ਤਾ ਪਤੀ ਪਤਨੀ ਜਾਂ ਪ੍ਰੇਮੀ ਪ੍ਰੇਮਿਕਾ ਦੇ ਰੂਪ ਵਿਚ ਹੋ ਸਕਦਾ ਹੈ, ਜਿਸ ਲਈ ਸ਼ਬਦ ਜੀਵਨ ਸਾਥੀ ਵਰਤ ਲਿਆ ਜਾਂਦਾ ਹੈ। ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦਾ ਆਪਣੇ ਜੀਵਨ ਸਾਥੀ ਨਾਲ ਰਿਸ਼ਤਾ ਮੋਹ ਭਰਿਆ ਤੇ ਸਕੂਨ ਦੇਣ ਵਾਲਾ ਹੋਵੇ।
ਪਰ ਕਈ ਵਾਰ ਨਾ ਚਾਹੁੰਦੇ ਹੋਏ ਵੀ ਰਿਸ਼ਤਿਆਂ ਵਿਚ ਖਟਾਸ ਆਉਣ ਲਗਦੀ ਹੈ। ਅਜਿਹੇ ਵਿਚ ਇਕ ਭਰਪੂਰ ਜ਼ਿੰਦਗੀ ਵੀ ਸੱਖਣੀ ਲੱਗਣ ਲਗਦੀ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਤੇ ਤੁਹਾਡੇ ਜੀਵਨ ਸਾਥੀ ਵਿਚ ਮੋਹ ਪਿਆਰ ਬਣਿਆ ਰਹੇ ਤਾਂ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਕ ਸਫਲ ਰਿਸ਼ਤਾ ਕਾਇਮ ਕਰ ਸਕਦੇ ਹੋ। ਆਓ ਦੱਸੀਏ ਇਹ ਟਿਪਸ –
ਸਾਥੀ ਦੀਆਂ ਗੱਲਾਂ ਸੁਣੋ
ਜੀਵਨ ਵਿਚ ਬੋਲਣਾ ਜਿਨ੍ਹਾਂ ਅਹਿਮ ਹੈ, ਕਿਸੇ ਦੂਜੇ ਨੂੰ ਸੁਣਨਾ ਉਸ ਤੋਂ ਵੀ ਜ਼ਰੂਰੀ ਹੈ। ਜਦ ਅਸੀਂ ਕਿਸੇ ਦੂਜੇ ਨੂੰ ਧਿਆਨ ਨਾਲ ਸੁਣਦੇ ਹਾਂ ਤਾਂ ਸਾਡੇ ਵਿਚਕਾਰ ਸਾਂਝ ਬਣਦੀ ਹੈ। ਦੂਜੇ ਨੂੰ ਤੁਹਾਡੇ ਉੱਤੇ ਭੋਰਸਾ ਬੱਝਦਾ ਹੈ ਕਿ ਮੇਰੇ ਦਿਲ ਦੀ ਸੁਣਨ ਸਮਝਣ ਵਾਲਾ ਵੀ ਕੋਈ ਹੈ। ਇਕ ਜੀਵਨ ਸਾਥੀ ਆਪਣੇ ਸਾਥ ਤੋਂ ਪਹਿਲੀ ਉਮੀਦ ਇਹੀ ਕਰਦਾ ਹੈ ਕਿ ਉਸ ਦੀ ਹਰ ਸਥਿਤੀ ਨੂੰ ਸੁਣਿਆ ਸਮਝਿਆ ਜਾਵੇ। ਇਸ ਲਈ ਆਪਣੇ ਜੀਵਨ ਸਾਥੀ ਨਾਲ ਬੈਠਕੇ ਗੱਲਾਂ ਕਰੋ। ਉਸ ਦੇ ਜੀਵਨ ਦੇ ਹਰ ਪੱਖ ਬਾਰੇ ਗੱਲ ਕਰੋ। ਉਸ ਦੇ ਦੁੱਖ ਦਰਦ ਸਮਝਣ ਦੀ ਕੋਸ਼ਿਸ਼ ਕਰੋ। ਇਸ ਨਾਲ ਦੋਹਾਂ ਜੀਆਂ ਵਿਚ ਆਪਸੀ ਪਿਆਰ ਵਧਦਾ ਹੈ।
ਭਾਵਨਾਵਾਂ ਦੀ ਕਦਰ ਕਰੋ
ਆਪਣੇ ਜੀਵਨ ਸਾਥੀ ਦੀ ਗੱਲ ਸੁਣਨ ਤੋਂ ਵੀ ਵਧੇਰੇ ਜ਼ਰੂਰੀ ਹੁੰਦਾ ਹੈ, ਗੱਲਾਂ ਪਿੱਛੀ ਛੁਪੀ ਭਾਵਨਾ ਨੂੰ ਸਮਝਣਾ। ਕੋਈ ਇਨਸਾਨ ਇਹ ਬੋਲ ਕੇ ਕਦੇ ਨਹੀਂ ਦੱਸਦਾ ਕਿ ਮੈਂ ਦੁੱਖੀ ਹਾਂ, ਕਿਸੇ ਚਿੰਤਾ ਵਿਚ ਹਾਂ ਜਾਂ ਖੁਸ਼ ਹਾਂ। ਜਦ ਕੋਈ ਆਪਣੇ ਜੀਵਨ ਸਾਥੀ ਦੀਆਂ ਗੱਲਾਂ ਵਿਚੋਂ ਉਸ ਦੀ ਮਨੋ ਸਥਿਤੀ ਨੂੰ ਸਮਝਦਾ ਹੈ ਤਾਂ ਇਸ ਨਾਲ ਦੁੱਖ ਵੰਡਿਆ ਜਾਂਦਾ ਹੈ। ਆਪਣੇ ਜੀਵਨ ਸਾਥੀ ਦੀ ਭਾਵਨਾ ਸਮਝੋ ਤੇ ਉਸ ਦੀ ਕਦਰ ਕਰੋ। ਤੁਹਾਡੇ ਲਈ ਕੋਈ ਗੱਲ ਨਿੱਕੀ ਤੇ ਮਾਮੂਲੀ ਹੋ ਸਕਦੀ ਹੈ ਪ੍ਰੰਤੂ ਸੰਭਵ ਹੈ ਕਿ ਤੁਹਾਡੀ ਜੀਵਨ ਸਾਥੀ ਉੱਤੇ ਉਸੇ ਗੱਲ ਦਾ ਗਹਿਰਾ ਪ੍ਰਭਾਵ ਹੋਵੇ। ਇਸ ਲਈ ਸਾਥੀ ਦੀਆਂ ਭਾਵਨਾਵਾਂ ਨੂੰ ਤਵੱਜੋ ਦਿਉ। ਇਸ ਨਾਲ ਸਾਂਝ ਵਧਦੀ ਹੈ।
ਹਮੇਸ਼ਾ ਆਲੋਚਨਾ ਨਾ ਕਰੋ
ਆਲੋਚਨਾ ਕਰਨਾ ਇਕੋ ਵੇਲੇ ਸਕਰਾਤਮਕ ਤੇ ਨਕਰਾਤਮਕ ਭੂਮਿਕਾ ਨਿਭਾਉਂਦਾ ਹੈ। ਜੀਵਨ ਵਿਚ ਆਪਣੇ ਸਾਥੀ ਦੀ ਆਲੋਚਨਾ ਜਰੂਰੀ ਵੀ ਹੈ ਪ੍ਰੰਤੂ ਹਰ ਵਕਤ ਨਹੀਂ। ਆਲੋਚਨਾ ਕਰਨ ਦਾ ਇਕ ਉਚਿਤ ਵੇਲਾ ਵਕਤ ਹੁੰਦਾ ਹੈ। ਜਦ ਤੁਹਾਡਾ ਸਾਥੀ ਤੁਹਾਡੇ ਨਾਲ ਕੋਈ ਗੱਲ ਸਾਂਝੀ ਕਰ ਰਿਹਾ ਹੈ ਤਾਂ ਉਸ ਨੂੰ ਸਮਝੋ। ਉਸ ਦੀ ਮਨੋਸਥਿਤੀ ਨੂੰ ਪਛਾਣੋ। ਤੁਸੀਂ ਉਸ ਨੂੰ ਸਹੀ ਜਾਂ ਗਲਤ ਦੱਸਣ ਦੀ ਬਜਾਇ ਸਹਾਇਤਾ ਤੇ ਸਹਾਨੂਭੂਤੀ ਦਿਉ। ਇਸ ਨਾਲ ਰਿਸ਼ਤੇ ਵਿਚ ਕੜਵਾਹਟ ਪੈਦਾ ਨਹੀਂ ਹੋਵੇਗੀ।
ਤਵੱਜੋ ਦਿਉ
ਜਦੋਂ ਕੋਈ ਦੋ ਇਨਸਾਨ ਕਿਸੇ ਰਿਸ਼ਤੇ ਖਾਸਕਰ ਜੀਵਨ ਸਾਥੀ ਦੇ ਰਿਸ਼ਤੇ ਵਿਚ ਬੱਝਦੇ ਹਨ ਤਾਂ ਉਹ ਇਕ ਦੂਜੇ ਤੋਂ ਤਵੱਜੋ ਦੀ ਆਸ ਕਰਦੇ ਹਨ। ਤਵੱਜੋ ਦੇ ਮਾਅਨੇ ਹਨ, ਇਕ ਦੂਜੇ ਨੂੰ ਸਮਾਂ ਤੇ ਸਪੇਸ ਦੇਣਾ। ਆਪਣੇ ਜੀਵਨ ਸਾਥੀ ਨੂੰ ਆਪਣੇ ਜ਼ਿੰਦਗੀ ਵਿਚ ਥਾਂ ਦਿਉ। ਉਸ ਨੂੰ ਸਮਾਂ ਦਿਉ। ਉਸ ਨਾਲ ਸਮਾਂ ਬਿਤਾਉ। ਜੇਕਰ ਤੁਸੀਂ ਆਪਣੇ ਸਾਥੀ ਤੋਂ ਦੂਰ ਵੀ ਹੋ ਤਾਂ ਫੋਨ ਰਾਹੀਂ ਸਮਾਂ ਦਿਉ। ਇਕ ਦੂਜੇ ਨਾਲ ਕਾਲ ਉੱਤੇ ਗੱਲ ਕਰੋ। ਇਕ ਦੂਜੇ ਨੂੰ ਖਤ ਵੀ ਲਿਖ ਸਕਦੇ ਹੋ। ਇਸ ਨਾਲ ਇਕ ਦੂਜੇ ਦੇ ਜੀਵਨ ਵਿਚ ਸ਼ਮੂਲੀਅਤ ਵਧਦੀ ਹੈ। ਇਹ ਦੋ ਇਨਸਾਨਾਂ ਵਿਚ ਸਾਂਝ ਦਾ ਸੂਤਰ ਹੈ।