ਹੈਵੀ ਐਂਬ੍ਰਾਇਡਰੀ ਵਾਲੇ ਕੁੜਤੀ ਬਾਟਮ ਸੈੱਟ ਬਣੇ ਮੁਟਿਆਰਾਂ ਦੇ ਫੇਵਰੇਟ

Monday, Aug 03, 2026 - 09:31 AM (IST)

ਹੈਵੀ ਐਂਬ੍ਰਾਇਡਰੀ ਵਾਲੇ ਕੁੜਤੀ ਬਾਟਮ ਸੈੱਟ ਬਣੇ ਮੁਟਿਆਰਾਂ ਦੇ ਫੇਵਰੇਟ

ਵੈੱਬ ਡੈਸਕ- ਪਹਿਲਾਂ ਦੇ ਸਮੇਂ ’ਚ ਸੂਟ ਦਾ ਮਤਲਬ ਹੁੰਦਾ ਸੀ ਕਿ ਕੁੜਤੀ ’ਤੇ ਲਾਈਟ ਤੋਂ ਹੈਵੀ ਵਰਕ ਹੋਵੇਗਾ ਤੇ ਦੁਪੱਟਾ ਤੇ ਬਾਟਮ ਸਿੰਪਲ ਰਹਿਣਗੇ। ਕੁੜਤੀ ’ਤੇ ਜ਼ਰਦੋਜ਼ੀ, ਐਂਬ੍ਰਾਇਡਰੀ, ਸੀਕਵੈਂਸ ਜਾਂ ਗੋਟਾ ਪੱਟੀ ਦਾ ਕੰਮ ਕੀਤਾ ਜਾਂਦਾ ਸੀ, ਪਰ ਬਾਟਮ ਜਿਵੇਂ ਪਲਾਜ਼ੋ, ਪੈਂਟ ਜਾਂ ਸਲਵਾਰ ਬਿਲਕੁਲ ਸਾਦੇ ਹੁੰਦੇ ਸਨ। ਕੁਝ ਡਿਜ਼ਾਈਨਰ ਸੂਟਾਂ ’ਚ ਦੁਪੱਟੇ ਦੇ ਚਾਰੇ ਪਾਸੇ ਲੈਸ ਜਾਂ ਬਾਰਡਰ ਜ਼ਰੂਰ ਦੇਖਣ ਨੂੰ ਮਿਲਦਾ ਸੀ, ਪਰ ਬਾਟਮ ਨੂੰ ਲੈ ਕੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੀ ਪਰ ਹੁਣ ਫੈਸ਼ਨ ਪੂਰੀ ਤਰ੍ਹਾਂ ਬਦਲ ਚੁੱਕਾ ਹੈ।

ਬੀਤੇ ਕੁਝ ਸਮੇਂ ਤੋਂ ਕੁੜਤੀ ਦੇ ਨਾਲ-ਨਾਲ ਬਾਟਮ ’ਤੇ ਵੀ ਵਰਕ ਕਰਨਾ ਇਕ ਵੱਡਾ ਟ੍ਰੈਂਡ ਬਣ ਗਿਆ ਹੈ। ਹੁਣ ਔਰਤਾਂ ਅਤੇ ਮੁਟਿਆਰਾਂ ਅਜਿਹੇ ਸੂਟ ਅਤੇ ਡਰੈੱਸ ਆਊਟਫਿਟਸ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ, ਜਿਨ੍ਹਾਂ ’ਚ ਕੁੜਤੀ ਦੇ ਨਾਲ ਮੈਚਿੰਗ ਵਰਕ ਬਾਟਮ ’ਤੇ ਵੀ ਕੀਤਾ ਗਿਆ ਹੋਵੇ।

ਭਾਵੇਂ ਉਹ ਲੈਸ ਵਰਕ ਹੋਵੇ, ਗੋਟਾ ਪੱਟੀ ਹੋਵੇ, ਐਂਬ੍ਰਾਇਡਰੀ ਹੋਵੇ ਜਾਂ ਹੈਵੀ ਜ਼ਰਦੋਜ਼ੀ, ਬਾਟਮ ’ਤੇ ਡਿਜ਼ਾਈਨ ਹੋਣਾ, ਹੁਣ ਸਟਾਈਲ ਦਾ ਹਿੱਸਾ ਬਣ ਗਿਆ ਹੈ। ਇਸ ਟ੍ਰੈਂਡ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਸ ਨਾਲ ਪੂਰੀ ਲੁੱਕ ਕੰਪਲੀਟ ਅਤੇ ਰਿਚ ਲੱਗਦੀ ਹੈ। ਪਹਿਲਾਂ ਜਿੱਥੇ ਸਿਰਫ਼ ਕੁੜਤੀ ਹੀ ਹਾਈਲਾਈਟ ਹੁੰਦੀ ਸੀ, ਉੱਥੇ ਹੀ ਹੁਣ ਬਾਟਮ ਵੀ ਆਊਟਫਿਟ ਦੀ ਖ਼ੂਬਸੂਰਤੀ ਵਧਾ ਰਿਹਾ ਹੈ।

ਇਸੇ ਕਾਰਨ ਬਿਨਾਂ ਦੁਪੱਟੇ ਦੇ ਵੀ ਇਹ ਸੂਟ ਸਟਾਈਲਿਸ਼ ਲੱਗਦੇ ਹਨ। ਦਫ਼ਤਰ ਤੋਂ ਲੈ ਕੇ ਕਾਲਜ, ਪਾਰਟੀ ਤੋਂ ਲੈ ਕੇ ਵਿਆਹ ਤੱਕ ਹਰ ਜਗ੍ਹਾ ਇਹ ਟ੍ਰੈਂਡ ਤੇਜ਼ੀ ਨਾਲ ਫਾਲੋ ਕੀਤਾ ਜਾ ਰਿਹਾ ਹੈ। ਅੱਜਕੱਲ ਮਾਰਕੀਟ ’ਚ ਸਿੰਪਲ ਸੂਟ ਤੋਂ ਇਲਾਵਾ ਸ਼ਰਾਰਾ-ਸੂਟ, ਘਰਾਰਾ-ਸੂਟ, ਲਹਿੰਗਾ-ਚੋਲੀ, ਪਲਾਜ਼ੋ ਸੂਟ ਅਤੇ ਕੋ-ਆਰਡ ਸੈੱਟ ’ਚ ਵੀ ਬਾਟਮ ਵਰਕ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸ ਕਰ ਕੇ ਕੋ-ਆਰਡ ਸੈੱਟ ’ਚ ਕੁੜਤੀ ਤੇ ਬਾਟਮ ਦੋਵਾਂ ’ਤੇ ਇਕੋ ਜਿਹਾ ਗੋਲਡਨ, ਸਿਲਵਰ ਜਾਂ ਰੰਗੀਨ ਐਂਬ੍ਰਾਇਡਰੀ ਵਰਕ ਕੀਤਾ ਜਾ ਰਿਹਾ ਹੈ।

ਸ਼ਰਾਰਾ ਤੇ ਘਰਾਰਾ ’ਚ 4 ਤੋਂ 5 ਇੰਚ ਦਾ ਹੈਵੀ ਬਾਰਡਰ ਦਿੱਤਾ ਜਾ ਰਿਹਾ ਹੈ, ਜੋ ਲੁੱਕ ਨੂੰ ਹੋਰ ਵੀ ਗ੍ਰੈਂਡ ਬਣਾ ਦਿੰਦਾ ਹੈ। ਤਿਉਹਾਰਾਂ ਅਤੇ ਖ਼ਾਸ ਮੌਕਿਆਂ ’ਤੇ ਤਾਂ ਹੈਵੀ ਕੁੜਤੀ ਦੇ ਨਾਲ ਹੈਵੀ ਬਾਟਮ ਵਾਲੀ ਡਰੈੱਸ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਈ ਹੈ। ਘੱਟ ਮਿਹਨਤ ’ਚ ਜ਼ਿਆਦਾ ਸਟਾਈਲ ਦੇਣ ਵਾਲਾ ਇਹ ਟ੍ਰੈਂਡ ਹੁਣ ਹਰ ਉਮਰ ਦੀਆਂ ਔਰਤਾਂ ਨੂੰ ਪਸੰਦ ਆ ਰਿਹਾ ਹੈ। ਕੁੱਲ ਮਿਲਾ ਕੇ ਕਹੀਏ ਤਾਂ ਪਹਿਲਾਂ ਸਿਰਫ਼ ਕੁੜਤੀ ਬੋਲਦੀ ਸੀ, ਹੁਣ ਬਾਟਮ ਵੀ ਬੋਲਦਾ ਹੈ ਤੇ ਇਹ ਹੀ ਕਾਰਨ ਹੈ ਕਿ ਕੁੜਤੀ ਦੇ ਨਾਲ ਬਾਟਮ ਵਰਕ 2026 ਦਾ ਸਭ ਤੋਂ ਪਸੰਦੀਦਾ ਫੈਸ਼ਨ ਟ੍ਰੈਂਡ ਬਣ ਚੁੱਕਾ ਹੈ।


author

DIsha

Content Editor

Related News