ਪਹਿਲੀ ਵਾਰ ਫਲਾਈਟ ਚੜ੍ਹਨ ਵਾਲੇ ਹੋ ਜਾਣ ਸਾਵਧਾਨ! 5 ਗ਼ਲਤੀਆਂ ਕਾਰਨ ਏਅਰਪੋਰਟ ਤੋਂ ਵਾਪਸ ਮੁੜਨਾ ਪੈ ਸਕਦੈ ਘਰ
Wednesday, May 06, 2026 - 04:23 PM (IST)
ਵੈੱਬ ਡੈਸਕ - ਹਵਾਈ ਜਹਾਜ਼ ਦੀ ਪਹਿਲੀ ਯਾਤਰਾ ਹਰ ਕਿਸੇ ਲਈ ਯਾਦਗਾਰ ਹੁੰਦੀ ਹੈ ਪਰ ਇਸ ਦੌਰਾਨ ਘਬਰਾਹਟ ਹੋਣਾ ਵੀ ਸੁਭਾਵਿਕ ਹੈ। ਏਅਰਪੋਰਟ 'ਤੇ ਸੁਰੱਖਿਆ ਜਾਂਚ ਤੋਂ ਲੈ ਕੇ ਸਾਮਾਨ ਦੇ ਨਿਯਮਾਂ ਤੱਕ, ਕਈ ਸਵਾਲ ਯਾਤਰੀਆਂ ਦੇ ਮਨ 'ਚ ਹੁੰਦੇ ਹਨ। ਜੇਕਰ ਤੁਸੀਂ ਵੀ ਪਹਿਲੀ ਵਾਰ ਉਡਾਣ ਭਰਨ ਦੀ ਤਿਆਰੀ ਕਰ ਰਹੇ ਹੋ, ਤਾਂ ਇਨ੍ਹਾਂ ਅਹਿਮ ਗੱਲਾਂ ਨੂੰ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਜੋ ਤੁਹਾਡਾ ਸਫ਼ਰ ਸੁਖਦ ਰਹੇ :-
ਸਮੇਂ ਦੀ ਪਾਬੰਦੀ ਹੈ ਸਭ ਤੋਂ ਜ਼ਰੂਰੀ
ਹਵਾਈ ਯਾਤਰਾ 'ਚ ਸਮੇਂ ਸਿਰ ਪਹੁੰਚਣਾ ਸਭ ਤੋਂ ਮਹੱਤਵਪੂਰਨ ਹੈ। ਘਰੇਲੂ ਉਡਾਣਾਂ ਲਈ ਫਲਾਈਟ ਦੇ ਸਮੇਂ ਤੋਂ ਘੱਟੋ-ਘੱਟ 2 ਤੋਂ 3 ਘੰਟੇ ਪਹਿਲਾਂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ 4 ਘੰਟੇ ਪਹਿਲਾਂ ਏਅਰਪੋਰਟ ਪਹੁੰਚਣ ਦੀ ਸਲਾਹ ਦਿੱਤੀ ਜਾਂਦੀ ਹੈ। ਯਾਦ ਰੱਖੋ ਕਿ ਸੁਰੱਖਿਆ ਜਾਂਚ ਅਤੇ ਚੈੱਕ-ਇਨ 'ਚ ਕਾਫ਼ੀ ਸਮਾਂ ਲੱਗ ਸਕਦਾ ਹੈ ਅਤੇ ਦੇਰੀ ਹੋਣ 'ਤੇ ਤੁਹਾਡੀ ਫਲਾਈਟ ਮਿਸ ਹੋ ਸਕਦੀ ਹੈ।
ਜ਼ਰੂਰੀ ਦਸਤਾਵੇਜ਼ਾਂ ਦੀ ਸੂਚੀ
ਘਰੋਂ ਨਿਕਲਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਟਿਕਟ ਦੀ ਕਾਪੀ (ਡਿਜੀਟਲ ਜਾਂ ਪ੍ਰਿੰਟਿਡ) ਅਤੇ ਇਕ ਪਛਾਣ ਪੱਤਰ (ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ ਜਾਂ ਪਾਸਪੋਰਟ) ਮੌਜੂਦ ਹੋਵੇ। ਤੁਸੀਂ ਭੀੜ ਤੋਂ ਬਚਣ ਲਈ ਘਰ ਬੈਠੇ ਹੀ ਵੈੱਬ ਚੈੱਕ-ਇਨ ਕਰ ਸਕਦੇ ਹੋ ਅਤੇ ਆਪਣਾ ਬੋਰਡਿੰਗ ਪਾਸ ਪ੍ਰਾਪਤ ਕਰ ਸਕਦੇ ਹੋ।
ਬੈਗੇਜ (ਸਾਮਾਨ) ਦੇ ਨਿਯਮ
ਫਲਾਈਟ 'ਚ ਦੋ ਤਰ੍ਹਾਂ ਦੇ ਬੈਗ ਹੁੰਦੇ ਹਨ :-
ਚੈੱਕ-ਇਨ ਬੈਗ
- ਇਹ ਵੱਡਾ ਬੈਗ ਹੁੰਦਾ ਹੈ ਜੋ ਕਾਊਂਟਰ 'ਤੇ ਜਮ੍ਹਾ ਹੁੰਦਾ ਹੈ (ਆਮ ਤੌਰ 'ਤੇ 15-25 ਕਿਲੋ)।
ਕੈਬਿਨ ਬੈਗ
- ਇਸ ਨੂੰ ਤੁਸੀਂ ਆਪਣੇ ਨਾਲ ਜਹਾਜ਼ 'ਚ ਲੈ ਜਾ ਸਕਦੇ ਹੋ (ਆਮ ਤੌਰ 'ਤੇ 7 ਕਿਲੋ ਤੱਕ)।
ਖਾਸ ਗੱਲ
- ਪਾਵਰ ਬੈਂਕ, ਲੈਪਟਾਪ ਅਤੇ ਲਿਥੀਅਮ ਬੈਟਰੀਆਂ ਨੂੰ ਹਮੇਸ਼ਾ ਕੈਬਿਨ ਬੈਗ 'ਚ ਹੀ ਰੱਖੋ, ਕਿਉਂਕਿ ਇਨ੍ਹਾਂ ਨੂੰ ਚੈੱਕ-ਇਨ ਬੈਗ 'ਚ ਪਾਉਣਾ ਮਨ੍ਹਾ ਹੈ। ਇਸ ਤੋਂ ਇਲਾਵਾ, ਜੈੱਲ ਜਾਂ ਲੋਸ਼ਨ ਵਰਗੀਆਂ ਚੀਜ਼ਾਂ 100ml ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ।
ਏਅਰਪੋਰਟ 'ਤੇ ਪ੍ਰਕਿਰਿਆ
ਸਭ ਤੋਂ ਪਹਿਲਾਂ ਗੇਟ 'ਤੇ ਟਿਕਟ ਅਤੇ ਆਈਡੀ ਦਿਖਾ ਕੇ ਐਂਟਰੀ ਕਰੋ। ਇਸ ਤੋਂ ਬਾਅਦ ਏਅਰਲਾਈਨ ਕਾਊਂਟਰ 'ਤੇ ਬੈਗ ਜਮ੍ਹਾ ਕਰਵਾ ਕੇ ਬੋਰਡਿੰਗ ਪਾਸ ਲਓ। ਸੁਰੱਖਿਆ ਜਾਂਚ ਦੌਰਾਨ ਤੁਹਾਨੂੰ ਆਪਣੀ ਬੈਲਟ, ਘੜੀ, ਜੈਕਟ ਅਤੇ ਇਲੈਕਟ੍ਰਾਨਿਕ ਸਾਮਾਨ ਨੂੰ ਟ੍ਰੇਅ 'ਚ ਰੱਖਣਾ ਹੋਵੇਗਾ। ਅੰਤ 'ਚ, ਆਪਣੇ ਨਿਰਧਾਰਤ ਗੇਟ ਨੰਬਰ 'ਤੇ ਜਾ ਕੇ ਬੋਰਡਿੰਗ ਦੀ ਉਡੀਕ ਕਰੋ।
ਉਡਾਣ ਦੌਰਾਨ ਸੁਰੱਖਿਆ ਅਤੇ ਸਿਹਤ
ਜਦੋਂ ਜਹਾਜ਼ ਟੇਕ-ਆਫ ਜਾਂ ਲੈਂਡਿੰਗ ਕਰਦਾ ਹੈ, ਤਾਂ ਹਵਾ ਦੇ ਦਬਾਅ ਕਾਰਨ ਕੰਨਾਂ 'ਚ ਦਰਦ ਹੋ ਸਕਦਾ ਹੈ। ਇਸ ਤੋਂ ਬਚਣ ਲਈ ਤੁਸੀਂ ਟੌਫੀ ਚਬਾ ਸਕਦੇ ਹੋ ਜਾਂ ਇਅਰਪਲੱਗਸ ਦੀ ਵਰਤੋਂ ਕਰ ਸਕਦੇ ਹੋ। ਜਹਾਜ਼ ਦੇ ਅੰਦਰ ਸੀਟ ਬੈਲਟ ਦਾ ਸਾਈਨ ਆਨ ਹੋਣ 'ਤੇ ਬੈਲਟ ਬੰਨ੍ਹ ਕੇ ਰੱਖੋ ਅਤੇ ਆਪਣੇ ਫ਼ੋਨ ਨੂੰ ਫਲਾਈਟ ਮੋਡ 'ਤੇ ਰੱਖੋ। ਫਲਾਈਟ ਅਟੈਂਡੈਂਟਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਤੁਹਾਡੀ ਸੁਰੱਖਿਆ ਲਈ ਲਾਜ਼ਮੀ ਹੈ।
