ਬਹਿਸ ਦੌਰਾਨ ਆਪਣਾ ਆਪਾ ਨਾ ਗੁਆਓ

Sunday, Nov 29, 2026 - 01:01 PM (IST)

ਬਹਿਸ ਦੌਰਾਨ ਆਪਣਾ ਆਪਾ ਨਾ ਗੁਆਓ

ਵੈੱਬ ਡੈਸਕ - ਕੀ ਤੁਸੀਂ ਅਕਸਰ ਬਹਿਸ ਦੌਰਾਨ ਆਪਣਾ ਆਪਾ ਗੁਆ ਬੈਠਦੇ ਹੈ ? ਫਿਰ ਭਾਵੇਂ ਬਹਿਸ ਦੋਸਤਾਂ ਨਾਲ ਹੋ ਰਹੀ ਹੋਵੇ ਜਾਂ ਜੀਵਨ ਸਾਥੀ ਨਾਲ। ਅਜਿਹਾ ਇਸ ਲਈ ਹੋ ਸਕਦਾ ਹੈ, ਕਿਉਂਕਿ ਤੁਸੀਂ ਤਰਕਾਂ ਦੀ ਬਜਾਏ ਭਾਵਨਾਵਾਂ ਨੂੰ ਵਧੇਰੇ ਮਹੱਤਵ ਦਿੰਦੇ ਹੈ। ਇਥੇ ਕੁਝ ਅਜਿਹੀਆਂ ਰਣਨੀਤੀਆਂ ਬਾਰੇ ਦੱਸ ਰਹੇ ਹਾਂ, ਜੋ ਬਹਿਸ ਦੌਰਾਨ ਤੁਹਾਨੂੰ ਸ਼ਾਂਤ ਰਹਿਣ ਵਿਚ ਮਦਦ ਕਰਨਗੀਆਂ।

ਭੜਕਾਉਣ ਦੀ ਚਾਲ ਤੋਂ ਸਾਵਧਾਨ ਰਹੋ
ਕਈ ਵਾਰ ਲੋਕ ਠੋਸ ਤਰਕਾਂ ਦੀ ਘਾਟ ਕਾਰਨ ਸਾਹਮਣੇ ਵਾਲੇ ਨੂੰ ਇੱਧਰ-ਓਧਰ ਦੀਆਂ ਗੱਲਾਂ ਕਰ ਕੇ ਭੜਕਾਉਣ ਲੱਗ ਪੈਂਦੇ ਹਨ। ਉਨ੍ਹਾਂ ਦਾ ਮਕਸਦ ਤੁਹਾਨੂੰ ਅਸਲ ਮੁੱਦੇ ਤੋਂ ਭਟਕਾ ਕੇ ਗੁੱਸਾ ਦਿਵਾਉਣਾ ਹੁੰਦਾ ਹੈ। ਅਜਿਹੇ ਵਿਚ ਤੁਸੀਂ ਆਪਣਾ ਆਪਾ ਗੁਆ ਬੈਠਦੇ ਹੋ ਅਤੇ ਦੇਖਣ ਵਾਲਿਆਂ ਨੂੰ ਲੱਗਣ ਲੱਗਦਾ ਹੈ ਕਿ ਤੁਸੀਂ ਹੀ ਗੁੱਸੇ ਵਿਚ ਵਿਹਾਰ ਕਰ ਰਹੇ ਹੋ। ਅਕਸਰ ਲੋਕ ਅਜਿਹੇ ਮੌਕਿਆਂ 'ਤੇ ਸ਼ਾਂਤ ਰਹਿਣ ਵਾਲੇ ਵਿਅਕਤੀ ਪ੍ਰਤੀ ਹਮਦਰਦੀ ਦਿਖਾਉਂਦੇ ਹਨ। ਇਸ ਲਈ ਬਹਿਸ ਦੌਰਾਨ ਅਸਲ ਦੇ 'ਤੇ ਕਾਇਮ ਰਹੋ ਅਤੇ ਕਿਸੇ ਦੇ ਭੜਕਾਉਣ 'ਤੇ ਆਪਣੀ ਗੱਲ ਦਾ ਪ੍ਰਭਾਵ ਘੱਟ ਨਾ ਹੋਣ ਦਿਓ।

ਆਪਣੇ ਗੁੱਸੇ ਨੂੰ ਪਛਾਣੇ
ਆਪਣੇ ਗੁੱਸੇ 'ਤੇ ਕਾਬੂ ਪਾਉਣ ਲਈ ਸਭ ਤੋਂ ਪਹਿਲਾਂ ਇਸ ਦੇ ਪੈਟਰਨ ਨੂੰ ਸਮਝਣਾ ਜ਼ਰੂਰੀ ਹੈ। ਭਾਵ ਅਜਿਹੀਆਂ ਕਹੜੀਆਂ ਗੱਲਾਂ ਜਾਂ ਸਥਿਤੀਆਂ ਹਨ, ਜੋ ਤੁਹਾਨੂੰ ਜਲਦੀ ਗੁੱਸਾ ਦਿਵਾਉਂਦੀਆਂ ਹਨ, ਇਨ੍ਹਾਂ ਦੀ ਪਛਾਣ ਕਰੋ । ਜਦੋਂ ਤੁਸੀਂ ਆਪਣੇ ਗੁੱਸੇ ਦੇ ਕਾਰਨਾਂ ਤੋਂ ਜਾਣੂ ਹੋਵੇਗੇ ਤਾਂ ਉਨ੍ਹਾਂ ਸਥਿਤੀਆਂ ਵਿਚ ਆਪਣੇ ਆਪ ਨੂੰ ਸੰਭਾਲਣਾ ਆਸਾਨ ਹੋ ਜਾਵੇਗਾ। ਇਸ ਨਾਲ ਤੁਸੀਂ ਉਨ੍ਹਾਂ ਗੱਲਾਂ 'ਤੇ ਬੇਵਜ਼ਾ ਪ੍ਰਤੀਕਿਰਿਆ ਦੇਣ ਤੋਂ ਵੀ ਬਚ ਸਕੋਗੇ, ਜੋ ਤੁਹਾਨੂੰ ਗੁੱਸੇ ਵਿਚ ਲਿਆ ਸਕਦੀਆਂ ਹਨ।

ਸਾਹਮਣੇ ਵਾਲੇ ਦੀ ਪੂਰੀ ਗੱਲ ਸੁਣੋ
ਕਈ ਵਾਰ ਅਸੀਂ ਸਾਹਮਣੇ ਵਾਲੇ ਦੀ ਗੱਲ ਪੂਰੀ ਸੁਣੇ ਬਿਨਾਂ ਹੀ ਆਪਣੀ ਰਾਏ ਬਣਾ ਲੈਂਦੇ ਹਾਂ ਅਤੇ ਗੁੱਸਾ ਕਰਨ ਲੱਗ ਪੈਂਦੇ ਹਾਂ। ਇਸ ਲਈ ਕਿਸੇ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਉਸ ਦੀ ਪੂਰੀ ਗੱਲ ਧਿਆਨ ਨਾਲ ਸੁਣੋ । ਇਸ ਨਾਲ ਤੁਹਾਨੂੰ ਉਸ ਦਾ ਨਜ਼ਰੀਆ ਸਮਝਣ ਦਾ ਮੌਕਾ ਮਿਲੇਗਾ। ਹੋ ਸਕਦਾ ਹੈ ਕਿ ਉਸ ਦੀ ਪੂਰੀ ਗੱਲ ਸੁਣਨ ਤੋਂ ਬਾਅਦ ਤੁਹਾਨੂੰ ਗੁੱਸਾ ਕਰਨ ਦੀ ਲੋੜ ਹੀ ਮਹਿਸੂਸ ਨਾ ਹੋਵੇ।

ਆਪਣੀ ਆਵਾਜ਼ ਅਤੇ ਸਰੀਰਕ ਹਾਵ-ਭਾਵ ਸ਼ਾਂਤ ਰੱਖੋ
ਆਵਾਜ਼ ਗੱਲਬਾਤ ਨੂੰ ਬਣਾ ਵੀ ਸਕਦੀ ਹੈ ਅਤੇ ਵਿਗਾੜ ਵੀ ਸਕਦੀ ਹੈ। ਜਦੋਂ ਤੁਸੀਂ ਉੱਚੀ ਆਵਾਜ਼ ਵਿਚ ਗੱਲ ਕਰਦੇ ਹੋ ਤਾਂ ਸਾਹਮਣੇ ਵਾਲੇ ਨੂੰ ਲੱਗ ਸਕਦਾ ਹੈ ਕਿ ਤੁਸੀਂ ਗੁੱਸੇ ਵਿਚ ਹੋ, ਭਾਵੇਂ ਤੁਹਾਡਾ ਅਜਿਹਾ ਇਰਾਦਾ ਨਾ ਹੋਵੇ। ਜਵਾਬ ਵਿਚ ਉਹ ਵੀ ਆਪਣੀ ਆਵਾਜ਼ ਉੱਚੀ ਕਰ ਸਕਦਾ ਹੈ ਅਤੇ ਦੇਖਦੇ ਹੀ ਦੇਖਦੇ ਗੱਲਬਾਤ ਬਹਿਸ ਦਾ ਰੂਪ ਲੈ ਲੈਂਦੀ ਹੈ। ਆਵਾਜ਼ ਦੇ ਨਾਲ-ਨਾਲ ਤੁਹਾਡੇ ਸਰੀਰਕ ਹਾਵ-ਭਾਵ ਵੀ ਮਾਹੌਲ ਨੂੰ ਤਣਾਅਪੂਰਨ ਬਣਾ ਸਕਦੇ ਹਨ। ਬਾਹਾਂ ਬੰਨ੍ਹ ਕੇ ਰੱਖਣਾ, ਮੁੱਠੀਆਂ ਘੁੱਟਣਾ ਜਾਂ ਉਂਗਲ ਦਿਖਾ ਕੇ ਗੱਲ ਕਰਨਾ ਸਾਹਮਣੇ ਵਾਲੇ ਨੂੰ ਭੜਕਾਉਣ ਦਾ ਕੰਮ ਕਰ ਸਕਦਾ ਹੈ। ਇਸ ਲਈ ਗੱਲਬਾਤ - ਦੋਰਾਨ ਸਹਿਜ ਰਹੋ ਅਤੇ ਆਪਣੇ ਹਾਵ-ਭਾਵ ਵੱਲ ਧਿਆਨ ਦਿਓ।


author

Sunaina

Content Editor

Related News