ਬਣੋ ਇਕ ਆਦਰਸ਼ ‘ਨਨਾਣ’

Wednesday, Aug 14, 2024 - 03:29 PM (IST)

ਬਣੋ ਇਕ ਆਦਰਸ਼ ‘ਨਨਾਣ’

ਜਲੰਧਰ- ਭਾਬੀ ਅਤੇ ਨਨਾਣ ਦਾ ਰਿਸ਼ਤਾ ਬੜਾ ਹੀ ਨਾਜ਼ੁਕ ਹੁੰਦਾ ਹੈ। ਇਹ ਦੋਵੇਂ ਸਹੇਲੀਆਂ ਵੀ ਹੋ ਸਕਦੀਆਂ ਹਨ, ਭੈਣਾਂ ਵੀ ਬਣ ਸਕਦੀਆਂ ਹਨ ਅਤੇ ਕਦੇ-ਕਦੇ ਨਨਾਣ-ਭਾਬੀ ਦੁਸ਼ਮਨ ਵੀ ਬਣ ਜਾਂਦੀਆਂ ਹਨ। ਇਸ ਲਈ ਇਸ ਨਾਜ਼ੁਕ ਰਿਸ਼ਤੇ ਨੂੰ ਬਹੁਤ ਹੀ ਪਿਆਰ ਨਾਲ ਰੱਖਣਾ ਚਾਹੀਦਾ ਹੈ।

* ਭਾਬੀ ਜਦੋਂ ਨਵੀਂ-ਨਵੇਲੀ ਵਿਆਹ ਦੇ ਬਾਅਦ ਘਰ ਆਉਂਦੀ ਹੈ ਤਾਂ ਨਵੇਂ-ਨਵੇਂ ਰਿਸ਼ਤੇ, ਲਾਡ, ਪਿਆਰ ਅਤੇ ਤੋਹਫੇ ਆਦਿ ਪ੍ਰਾਪਤ ਕਰਦੀ ਹੈ, ਜੋ ਕੁਝ ਨਨਾਣਾਂ ਬਰਾਦਸ਼ਤ ਨਹੀਂ ਕਰ ਪਾਉਂਦੀਆਂ, ਜਦਕਿ ਉਨ੍ਹਾਂ ਨੂੰ ਹੇਠਾਂ ਦੱਸੀਆਂ ਗੱਲਾਂ ਵੱਲ ਧਿਆਨ ਦੇ ਕੇ ਇਕ ਚੰਗੀ ਨਨਾਣ ਬਣਨਾ ਚਾਹੀਦਾ ਹੈ।
* ਨਵੀਂ ਆਈ ਭਾਬੀ ਨੂੰ ਸਮੇਂ ਅਨੁਸਾਰ ਹਰੇਕ ਵਸਤੂ ਤੇ ਥਾਂ ਦੇ ਬਾਰੇ ’ਚ ਦੱਸੀਏ, ਨਾ ਕਿ ਮੀਨ ਮੇਖ ਕਰੀਏ ਕਿ ਅਸੀਂ ਤਾਂ ਅਜਿਹਾ ਕਰਦੇ ਹਾਂ, ਆਦਿ।
* ਭਾਬੀ ਜਦੋਂ ਰਸੋਈ ਘਰ ’ਚ ਖਾਣਾ ਪਕਾ ਰਹੀ ਹੋਵੇ ਤਾਂ ਇੰਸਪੈਕਸ਼ਨ ਕਰਨ ਲਈ ਉੱਪਰੋਂ ਸਵਾਲ ਨਾ ਕਰੋ, ਨਾ ਹੀ ਕਹੋ ਅਸੀਂ  ਇਸ ਤਰ੍ਹਾਂ ਬਣਾਉਂਦੇ ਹਾਂ ਜਾਂ ਰੋਟੀ ਘੱਟ ਸੇਕੀ ਹੈ ਆਦਿ। 
* ਤੁਹਾਡੇ ਘਰ ’ਚ ਤੁਹਾਡੀ  ਆਪਣੀ ਥਾਂ ਹੈ ਅਤੇ ਭਾਬੀ ਦੀ ਆਪਣੀ। ਅਜਿਹਾ ਬਿਲਕੁਲ ਨਾ ਕਰੋ ਕਿ ਘਰ ਦੇ ਮੈਂਬਰ ਤੁਹਾਡਾ ਬਣਾਇਆ ਖਾਣਾ ਹੀ ਖਾਣ। ਤੁਸੀਂ ਭਾਬੀ ਦੀ ਮਦਦ ਕਰ ਸਕਦੇ ਹੋ।
* ਆਪਣੇ ਮਾਤਾ-ਪਿਤਾ ਦੇ  ਸਾਹਮਣੇ ਭਾਬੀ ਦੀ ਬੁਰਾਈ ਜਾਂ ਚੁਗਲੀ ਨਾ ਕਰੋ।  ਉਨ੍ਹਾਂ ਨੂੰ ਵੀ ਨੂੰਹ ਦੇ ਨੇੜੇ ਜਾਣ ਦਿਓ ਅਤੇ ਉਸ ਦੇ ਹੱਕ ਦਾ ਪਿਆਰ ਦੇਣ। 
* ਅਜਿਹਾ ਬਿਲਕੁਲ ਨਾ ਦਰਸਾਓ ਕਿ ਜਿਵੇਂ ਘਰ ਦੀ ਹਰ ਚੀਜ਼ ਤੁਹਾਡੀ ਇਜਾਜ਼ਤ ਦੇ ਬਿਨਾਂ ਹਿੱਲ ਨਹੀਂ ਸਕਦੀ ਭਾਵ ਤੁਹਾਡੀ ਭਾਬੀ ਜੇਕਰ ਆਪਣੇ ਤਰੀਕੇ ਨਾਲ ਘਰ ਦੀ ਸਜਾਵਟ ਦਾ ਸਾਮਾਨ ਇਧਰ-ਓਧਰ ਰੱਖੇ ਤਾਂ ਰੱਖਣ ਦਿਓ। 
* ਭਾਭੀ ਦੇ ਨਾਲ ਬੁਰਾ ਵਤੀਰਾ ਨਾ ਕਰੋ। ਅਜਿਹਾ ਕਰ ਕੇ ਤੁਸੀਂ ਭਰਾ ਦੀਆਂ ਨਜ਼ਰਾਂ ’ਚ ਵੀ ਬੁਰੇ  ਬਣ ਸਕਦੇ ਹੋ ਅਤੇ ਹੋ ਸਕਦਾ ਹੈ ਕਿ ਅੱਗੇ ਚੱਲ ਕੇ ਅਜਿਹਾ ਕਰਨ ਨਾਲ ਭਰਾ-ਭੈਣ ਦੇ ਰਿਸ਼ਤੇ ’ਤੇ ਫਿੱਕ ਪੈ ਜਾਵੇ।
* ਭਾਬੀ ਜੇਕਰ ਗਰਭਵਤੀ ਹੋਵੇ ਤਾਂ ਪੂਰਾ ਸਹਿਯੋਗ ਦਿਓ, ਨਾ ਕਿ ਕੰਮ ਦਾ ਬੋਝ ਲੱਦ ਦਿਓ। ਬੱਚਾ ਹੋਣ ’ਤੇ ਉਸ ਦੀ ਦੇਖਭਾਲ ਅਤੇ ਕੰਮ ’ਚ ਹੱਥ ਵੰਡਾਉਣਾ ਚਾਹੀਦਾ ਹੈ।
* ਕੁਝ ਨਨਾਣਾਂ ਵਿਹਲੀਆਂ ਬੈਠ ਜਾਂਦੀਆਂ ਹਨ ਅਤੇ ਓਧਰ ਬੱਚੇ ਤੰਗ ਕਰਦੇ ਹਨ, ਖਾਣਾ ਬਣਾਉਣਾ, ਕੰਮ ਆਦਿ ਦਾ ਬੋਝ ਰਹਿੰਦਾ ਹੈ, ਇਸ ਲਈ ਰਲ-ਮਿਲ ਕੇ ਘਰ ਦਾ ਕੰਮ ਨਿਪਟਾਓ।
* ਅੰਜਲੀ ਦੇ ਭਰਾ ਦੇ ਘਰ ਮੁੰਡਾ ਹੋਇਆ। ਲੋਕ ਵਧਾਈ ਦੇਣ ਆ ਰਹੇ ਸਨ। ਜਦੋਂ ਲੋਕਾਂ ਦਾ ਆਉਣਾ-ਜਾਣਾ ਘੱਟ ਹੋਇਆ ਤਾਂ ਨਨਾਣ ਅਤੇ ਸੱਸ ਵੀ ਸੋਣ ਚਲੀਆਂ ਜਾਂਦੀਆਂ ਹਨ। ਉਸ ਦੀ ਭਾਬੀ ਸਾਰਾ ਦਿਨ ਬੱਚੇ ਨੂੰ ਸੰਭਾਲਦੀ। ਇਸ ਹਾਲਤ ’ਚ ਉਹ ਕੋਈ ਵੀ ਕੰਮ ਪੂਰਨ ਰੂਪ ਨਾਲ ਨਹੀਂ ਕਰ ਪਾਉਂਦੀ।
* ਘਰ ’ਚ ਆਈ ਆਪਣੀ ਭਾਬੀ ਦੀ ਸਹਿਯੋਗੀ ਬਣੋ ਨਾ ਕਿ ਨਫਰਤ ਦੇ ਬੀਜ ਬੀਜੋ। ਰਿਸ਼ਤੇਦਾਰ, ਗੁਆਂਢੀ ਜਾਂ ਘਰ ਵਾਲਿਆਂ ਦੇ ਸਾਹਮਣੇ ਉਸ ਨੂੰ ਨੀਵਾਂ ਦਿਖਾਉਣ ਜਾਂ ਖੁਦ ਨੂੰ ਉੱਤਮ ਦਰਸਾਉਣ ਦੀ ਕੋਸ਼ਿਸ਼ ਨਾ ਕਰੋ।
* ਜੇਕਰ ਤੁਸੀਂ ਵਿਆਹੁਤਾ ਨਨਾਣ ਹੋ ਤਾਂ ਜਦੋਂ ਵੀ ਪੇਕੇ ਜਾਓ ਤਾਂ ਚੰਗਾ ਮਾਹੌਲ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੋ।
* ਛੁੱਟੀਆਂ ’ਚ ਇਕੱਠੇ ਹੋਣ ’ਤੇ ਘਰ ’ਚ ਕਾਫੀ ਕੰਮ ਹੋ ਜਾਂਦਾ ਹੈ। ਰਸੋਈ ਘਰ ’ਚ ਤੁਸੀਂ ਮਦਦ ਕਰ ਸਕਦੇ ਹੋ। ਆਪਣੀ ਭਾਬੀ ਲਈ ਤੇ ਬੱਚਿਆਂ ਲਈ ਕੁਝ ਨਾ ਕੁਝ ਗਿਫਟ ਜ਼ਰੂਰ ਲੈ ਜਾਓ। ਤੋਹਫੇ ਤਾਂ ਪਿਆਰ ਨੂੰ ਵਧਾਉਣ ਲਈ ਹੁੰਦੇ ਹਨ।
* ਘਰ ’ਚ ਅਜਿਹਾ ਸਿੱਧ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਤੁਹਾਡੇ ਅਤੇ ਤੁਹਾਡੇ ਪੇਕੇ ਘਰ ਵਾਲਿਆਂ ’ਚ ਕੁਝ ਗੱਲਾਂ ਖਾਸ ਹਨ, ਭਾਵ ਕੰਨਾਂ ’ਚ ਜਾਂ ਲੁਕ ਕੇ ਚੁਗਲੀ ਨਾ ਕਰੋ।
*ਆਪਣੀਆਂ ਚੀਜ਼ਾਂ, ਜੋ ਤੁਸੀਂ  ਵਿਆਹ ਤੋਂ ਪਹਿਲਾਂ ਖਰੀਦੀਆਂ ਹੋਣ ਜਾਂ ਜਿਨ੍ਹਾਂ ਦੇ ਨਾਲ ਤੁਹਾਡੀਆਂ ਯਾਦਾਂ ਜੁੜੀਆਂ ਹੋਣ, ਉਨ੍ਹਾਂ ਨੂੰ ਸਮੇਂ ਨਾਲ ਭੁੱਲ ਜਾਣ ’ਚ ਹੀ ਭਲਾਈ ਹੈ। ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਅੱਗੇ ਵਧ ਗਏ ਹੋ, ਇਸ ਲਈ ਪਿੱਛੇ ਵੱਲ ਨਾ ਝਾਕ ਰੱਖੋ। 
 


author

Tarsem Singh

Content Editor

Related News