ਸੜਕਾਂ ''ਤੇ ਰੋੜ੍ਹਿਆ ਦੁੱਧ, ਸਬਜ਼ੀਆਂ ਦੀਆਂ ਦੁਕਾਨਾਂ ਕਰਵਾਈਆਂ ਬੰਦ

06/05/2018 6:32:14 AM

ਸੁਲਤਾਨਪੁਰ ਲੋਧੀ, (ਧੀਰ)- ਕਿਸਾਨ ਜਥੇਬੰਦੀਆਂ ਵੱਲੋਂ 'ਬੰਦ' ਦੌਰਾਨ ਸਬਜ਼ੀਆਂ ਤੇ ਦੁੱਧ ਦੀ ਸ਼ਹਿਰਾਂ 'ਚ ਕੀਤੀ ਸਪਲਾਈ ਬੰਦ ਦਾ ਅਸਰ ਅੱਜ ਪਵਿੱਤਰ ਨਗਰੀ 'ਚ ਵੀ ਵੇਖਣ ਨੂੰ ਮਿਲਿਆ। ਜਦੋਂ ਕਿਸਾਨਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਇਸ ਪ੍ਰਦਰਸ਼ਨ ਦੌਰਾਨ ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਨੇ ਦੋਧੀਆਂ ਦਾ ਦੁੱਧ ਵੀ ਸੜਕਾਂ 'ਤੇ ਰੋੜ੍ਹ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਕਈ ਸਬਜ਼ੀਆਂ ਦੀਆਂ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ।
ਦੋਧੀਆਂ ਤੇ ਸਬਜ਼ੀ ਉਤਪਾਦਕਾਂ 'ਚ ਰੋਸ
ਕਿਸਾਨਾਂ ਵੱਲੋਂ ਦੋਧੀਆਂ ਨੂੰ ਦੁੱਧ ਸ਼ਹਿਰ 'ਚ ਨਾ ਵੇਚਣ ਸਬਜ਼ੀ ਉਤਪਾਦਕਾਂ ਨੂੰ ਸਬਜ਼ੀਆਂ ਨਾ ਵੇਚਣ ਤੋਂ ਰੋਕਣ 'ਤੇ ਦੋਧੀਆਂ ਤੇ ਸਬਜ਼ੀ ਉਤਪਾਦਕ ਕਿਸਾਨਾਂ 'ਚ ਬੇਹੱਦ ਰੋਸ ਵੱਧਦਾ ਜਾ ਰਿਹਾ ਹੈ ਤੇ ਉਹ ਕਿਸਾਨਾਂ ਦੇ ਇਸ ਅੰਦੋਲਨ ਖਿਲਾਫ ਵੀ ਲਾਮਬੰਦ ਹੋਣ ਲੱਗੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਉਨ੍ਹਾਂ ਦੇ ਸਿਰ 'ਤੇ ਚਲਦਾ ਹੈ। ਉਹ ਦੁੱਧ ਤੇ ਸਬਜ਼ੀਆਂ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਉਹ ਦੁੱਧ ਤੇ ਸਬਜ਼ੀਆਂ ਨਹੀਂ ਵੇਚਣਗੇ ਤਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਨਗੇ। 
ਹੜਤਾਲ ਕਾਰਨ ਆਰਥਿਕ ਮੰਦੀ ਦਾ ਸ਼ਿਕਾਰ ਹੋਣ ਲੱਗੇ ਛੋਟੇ ਕਿਸਾਨ
ਕਿਸਾਨਾਂ ਦੀ ਹੜਤਾਲ ਕਾਰਨ ਜਿਥੇ ਆਮ ਵਰਗ ਦੁਖੀ ਹੈ, ਉਥੇ ਛੋਟੇ ਕਿਸਾਨਾਂ ਤੇ ਛੋਟੇ ਕੰਮ ਕਾਰ ਵਾਲੇ ਵਿਅਕਤੀਆਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਕਿਸਾਨਾਂ ਦੀ ਹੜਤਾਲ ਸਮੇਂ ਆਪਣੇ ਇਸ ਰਵੱਈਏ ਖਿਲਾਫ ਜਨਤਾ ਦਾ ਰੋਹ ਵੱਧਦਾ ਜਾ ਰਿਹਾ ਹੈ। ਗੌਰਤਲਬ ਹੈ ਕਿ ਛੋਟੇ ਕਿਸਾਨਾਂ ਦੀ ਰੁਜ਼ਗਾਰੀ ਹੀ ਰੋਜ਼ਾਨਾ ਦੀ ਸਬਜ਼ੀ, ਦੁੱਧ ਤੇ ਹੋਰ ਵਸਤਾਂ ਦੀ ਵਿਕਰੀ ਨਾਲ ਚਲਦੀ ਹੈ।ਇਸ ਬਾਰੇ ਗੱਲਬਾਤ ਕਰਦਿਆਂ ਛੋਟੇ ਕਿਸਾਨਾਂ ਨੇ ਦੱਸਿਆ ਕਿ ਅਸੀਂ ਕਰਜ਼ਿਆਂ ਤੇ ਜ਼ਮੀਨੀ ਠੇਕੇ 'ਤੇ ਲਈਆਂ ਹਨ ਤੇ ਜੇਕਰ ਅਸੀਂ ਰੋਜ਼ਾਨਾ ਸਬਜ਼ੀਆਂ ਨਹੀਂ ਤੋੜਾਂਗੇ ਤਾਂ ਸਬਜ਼ੀਆਂ ਦੇ ਬੂਟੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਸ ਕਾਰਨ ਅਸੀਂ ਹੋਰ ਕਰਜ਼ੇ ਦੀ ਮਾਰ ਹੇਠ ਆ ਜਾਵਾਂਗੇ। ਉਨ੍ਹਾਂ ਕਿਹਾ ਕਿ ਅਮੀਰ ਤੇ ਵੱਡੇ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਮਨਾਉਣ ਲਈ ਜਨਤਾ ਨੂੰ ਪ੍ਰੇਸ਼ਾਨ ਕਰਨ ਦੀ ਕੀ ਲੋੜ ਹੈ, ਸਗੋਂ ਸੰਘਰਸ਼ ਦੇ ਕਈ ਅਜਿਹੇ ਹੋਰ ਰਸਤੇ ਹਨ, ਜਿਨ੍ਹਾਂ ਨੂੰ ਅਪਣਾ ਕੇ ਕਿਸਾਨ ਆਪਣੀ ਗੱਲ ਸਰਕਾਰ ਤਕ ਪਹੁੰਚਾ ਸਕਦੇ ਸਨ। ਕਿਸਾਨ ਬਚਿਤਰ ਸਿੰਘ ਤੇ ਅਮਰੀਕ ਸਿੰਘ ਨੇ ਦੱਸਿਆ ਕਿ ਹੁਣ ਮੱਕੀ ਦੀ ਫਸਲ ਵੀ ਕਰੀਬ ਤਿਆਰ ਹੈ ਪਰ ਹੜਤਾਲ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ 10 ਦਿਨਾਂ 'ਚ ਫਸਲ ਦੀ ਕਟਾਈ ਨਾ ਹੋਈ ਤਾਂ ਫਸਲ ਖਰਾਬ ਹੋ ਜਾਵੇਗੀ ਤੇ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਜਾਵੇਗਾ। ਜਿਸ ਤੋਂ ਸਾਫ ਤੇ ਸਪੱਸ਼ਟ ਲਗਦਾ ਹੈ ਕਿ ਕਿਸਾਨ ਭਾਵੇਂ ਆਪਣੇ ਹੱਕਾਂ ਲਈ ਅਜਿਹਾ ਕਰ ਰਹੇ ਹਨ ਪਰ ਇਸ ਨਾਲ ਸਰਕਾਰ ਨੂੰ ਭਾਵੇਂ ਫਰਕ ਪਵੇ ਨਾ ਪਵੇ ਪਰ ਮੌਜੂਦਾ ਸਮੇਂ ਜਨਤਾ ਤੇ ਛੋਟੇ ਕਿਸਾਨ ਕਾਫੀ ਪ੍ਰੇਸ਼ਾਨ ਤੇ ਘਾਟੇ ਵਾਲੀ ਸਥਿਤੀ 'ਚ ਆ ਰਹੇ ਹਨ।