ਗੋਲੀ ਦੀ ਆਵਾਜ਼ ਨਾਲ ਡੱਕੇ ਜਾਂਦੇ ਨੇ ਹਲ

03/08/2019 10:15:14 AM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਦੂਰ-ਦੁਰਾਡੇ ਵੀ ਕਿਤੇ ਗੋਲੀ ਚੱਲਦੀ ਹੈ ਤਾਂ ਖੇਤਾਂ 'ਚ ਹਲ ਵਾਹ ਰਹੇ ਕਿਸਾਨਾਂ ਦਾ ਮੱਥਾ ਠਣਕਦਾ ਹੈ ਅਤੇ ਚਿਹਰੇ 'ਤੇ ਚਿੰਤਾ ਦੀਆਂ ਲਕੀਰਾਂ ਉੱਭਰਨ ਲੱਗਦੀਆਂ ਹਨ। ਉਹ ਟਰੈਕਟਰ ਚਲਾ ਰਹੇ ਹੋਣ ਜਾਂ ਬਲਦਾਂ ਨਾਲ ਜ਼ਮੀਨ ਵਾਹ ਰਹੇ ਹੋਣ, ਕੰਮ ਉਥੇ ਹੀ ਠੱਪ ਹੋ ਜਾਂਦਾ ਹੈ। ਭੱਤਾ ਲੈ ਕੇ ਖੇਤਾਂ ਨੂੰ ਜਾ ਰਹੀਆਂ ਸੁਆਣੀਆਂ ਦੇ ਪੈਰ ਘਰਾਂ ਨੂੰ ਪਰਤ ਜਾਂਦੇ ਹਨ। ਮੱਝਾਂ ਚਾਰ ਰਹੇ ਪਾਲੀ ਪਿੰਡ ਵੱਲ ਮੋੜਾ ਪਾ ਲੈਂਦੇ ਹਨ। ਸਕੂਲਾਂ 'ਚ ਛੁੱਟੀ ਹੋ ਜਾਂਦੀ ਹੈ ਅਤੇ ਗਲੀਆਂ ਸੁੰਨੀਆਂ ਹੋ ਜਾਂਦੀਆਂ ਹਨ। ਸੱਥਾਂ ਵਿਚ ਇਕਦਮ ਖਾਮੋਸ਼ੀ ਪੱਸਰ ਜਾਂਦੀ ਹੈ। ਇੰਝ ਲੱਗਦਾ ਹੈ ਜਿਵੇਂ ਸਮਾਂ ਰੁਕ ਗਿਆ ਹੋਵੇ।

ਇਹ ਹਾਲਤ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਉਨ੍ਹਾਂ ਸੈਂਕੜੇ ਪਿੰਡਾਂ ਦੀ ਹੈ, ਜਿਹੜੇ ਪਾਕਿਸਤਾਨ ਦੀ ਸਰਹੱਦ ਕੰਢੇ ਵੱਸੇ ਹੋਏ ਹਨ। ਦੇਸ਼ ਦੀ ਵੰਡ ਵੇਲੇ ਤੋਂ ਹੀ ਇਨ੍ਹਾਂ ਪਿੰਡਾਂ ਦੇ ਲੋਕ ਅਜਿਹੀ ਸਥਿਤੀ ਸਹਿਣ ਕਰਦੇ ਆ ਰਹੇ ਹਨ, ਜਿਸ ਵਿਚ ਪੱਤੇ ਦੇ 'ਖੜਾਕ' ਨਾਲ ਵੀ ਉਨ੍ਹਾਂ ਦਾ ਕਲੇਜਾ 'ਧੱਕ-ਧੱਕ' ਕਰਨ ਲੱਗਦਾ ਹੈ। ਕਿਸੇ ਸੰਭਾਵਤ ਖਤਰੇ ਦੇ ਅਹਿਸਾਸ ਨਾਲ ਹੀ ਉਨ੍ਹਾਂ ਦੀ ਜਿੰਦ ਸਹਿਮ ਜਾਂਦੀ ਹੈ ਅਤੇ ਫਿਰ ਅਗਲੀ ਵਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਕਾਂਬਾ ਛਿੜਦਾ ਹੈ। 
ਬੀਤੇ ਸਾਲਾਂ 'ਚ ਇਨ੍ਹਾਂ ਪਿੰਡਾਂ ਨੇ ਬਹੁਤ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਸਹਿਣ ਕੀਤਾ ਹੈ। ਵਿਧਵਾ ਔਰਤਾਂ, ਅਨਾਥ ਬੱਚੇ, ਬੇਸਹਾਰਾ ਬੁਢਾਪਾ ਅਤੇ ਉਦਾਸ ਖੇਤ ਉਸ ਸੰਤਾਪ ਨੂੰ ਬਿਆਨ ਕਰਦੇ ਜਾਪਦੇ ਹਨ, ਜਿਹੜਾ 1947 ਦੌਰਾਨ ਅਤੇ ਉਸ ਤੋਂ ਬਾਅਦ ਵੀ ਲਗਾਤਾਰ ਉਨ੍ਹਾਂ ਦੇ ਮੁਕੱਦਰ 'ਚ ਖੌਰੂ ਪਾਉਂਦਾ ਆ ਰਿਹਾ ਹੈ। ਇਨ੍ਹਾਂ ਸਰਹੱਦੀ ਖੇਤਰਾਂ ਦੀ ਦਰਦਨਾਕ ਤਸਵੀਰ ਵੇਖਣ ਅਤੇ ਤਰਸਯੋਗ ਸਥਿਤੀ ਨੂੰ ਸਮਝਣ ਦਾ ਮੌਕਾ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਟੀਮ 499ਵੇਂ ਟਰੱਕ ਦੀ ਸਮੱਗਰੀ ਪਿੰਡ ਜੈਦਪੁਰ 'ਚ ਪ੍ਰਭਾਵਿਤ ਪਰਿਵਾਰਾਂ ਦਰਮਿਆਨ ਵੰਡਣ ਲਈ ਗਈ ਸੀ। 

ਪੰਜਾਬ ਦੇ ਪਠਾਨਕੋਟ ਜ਼ਿਲੇ ਨਾਲ ਸਬੰਧਤ ਬਮਿਆਲ ਬਲਾਕ ਦਾ ਇਹ ਅਜਿਹਾ ਪਿੰਡ ਹੈ, ਜਿਹੜਾ ਭੂਗੋਲਿਕ ਨਜ਼ਰੀਏ ਤੋਂ ਪਾਕਿਸਤਾਨ ਦੀ ਬੁੱਕਲ 'ਚ ਵੱਸਿਆ ਹੋਇਆ ਹੈ, ਜਦੋਂਕਿ ਹਕੀਕਤ ਵਿਚ ਇਹ ਭਾਰਤੀ ਇਲਾਕਾ ਹੈ। ਇਸ ਪਿੰਡ ਦੀਆਂ ਕੰਧਾਂ ਖੋਦਾਈਪੁਰ ਪਿੰਡ ਨਾਲ ਸਾਂਝੀਆਂ ਹਨ ਪਰ ਹੋਂਦ ਵੱਖੋ-ਵੱਖਰੀ। ਦੋਹਾਂ ਪਿੰਡਾਂ ਦੀ ਆਬਾਦੀ 400-400 ਦੇ ਕਰੀਬ ਹੈ ਪਰ ਸਮੱਸਿਆਵਾਂ ਦੀ ਕੋਈ ਗਿਣਤੀ ਨਹੀਂ।

ਤਾਰ-ਵਾੜ ਨੇ ਲਪੇਟ ਲਈ ਜ਼ਮੀਨ : ਪਿੰਡ ਦੀ ਬਹੁਤੀ ਜ਼ਮੀਨ ਸਰਹੱਦ ਦੇ ਕੰਢੇ ਭਾਰਤੀ ਖੇਤਰ 'ਚ ਲਾਈ ਗਈ ਤਾਰ-ਵਾੜ ਨੇ ਆਪਣੀ ਲਪੇਟ 'ਚ ਲੈ ਲਈ ਹੈ। ਅਸਲ 'ਚ ਸਰਹੱਦ ਪਿੰਡ ਨਾਲੋਂ ਖਹਿ ਕੇ ਲੰਘਦੀ ਹੋਣ ਕਾਰਨ ਤਾਰ-ਵਾੜ ਪਿੰਡ ਦੇ ਪੱਛਮ ਵਾਲੇ ਪਾਸੇ ਫਿਰਨੀ ਵਾਂਗ ਘੁੰਮਦੀ ਨਜ਼ਰ ਆਉਂਦੀ ਹੈ। ਦੋਹਾਂ ਦੇਸ਼ਾਂ ਦੇ ਖੇਤਾਂ ਵਿਚਕਾਰ ਇਕ ਵੱਟ ਹੀ ਬਣੀ ਦਿਖਾਈ ਦਿੰਦੀ ਹੈ, ਜਿਥੋਂ ਇਹ ਲੱਭਣਾ ਵੀ ਔਖਾ ਹੋ ਜਾਂਦਾ ਹੈ ਕਿ ਕਿਹੜੀ ਫਸਲ ਪਾਕਿਸਤਾਨ ਦੀ ਹੈ ਅਤੇ ਕਿਹੜੀ ਭਾਰਤੀ ਕਿਸਾਨਾਂ ਦੀ।

ਜੈਦਪੁਰ ਅਤੇ ਖੋਦਾਈਪੁਰ ਦੀ 400 ਏਕੜ ਜ਼ਮੀਨ ਤਾਰ-ਵਾੜ ਦੇ ਘੇਰੇ 'ਚ ਆ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਜਿਸ ਠੇਕੇਦਾਰ ਨੇ ਵਾੜ ਲਾਉਣ ਦਾ ਕੰਮ ਕੀਤਾ ਸੀ, ਉਸ ਨੇ ਆਪਣਾ ਬਿੱਲ ਮੋਟਾ ਬਣਾਉਣ ਲਈ ਇਸ ਵਿਚ 'ਗੇੜਾ'  ਕਰ ਦਿੱਤਾ। ਤਾਰ-ਵਾੜ 'ਚ ਬਹੁਤ ਸਾਰੇ ਵਲ-ਵਿੰਗ ਪਾ ਦਿੱਤੇ ਗਏ। ਕੁਝ ਥਾਵਾਂ 'ਤੇ ਇਹ ਤਾਰ ਸਰਹੱਦ ਤੋਂ 800 ਮੀਟਰ ਪਿੱਛੇ ਤਕ ਅਤੇ ਕਿਤੇ ਬਿਲਕੁਲ ਨੇੜੇ ਕਰ ਦਿੱਤੀ। ਤਾਰ-ਵਾੜ ਤੋਂ ਅੰਦਰ ਸਿਰਫ 1 ਹੀ ਫਸਲ ਹੁੰਦੀ ਹੈ। ਦੂਜੀ ਨਾ ਬੀਜੀ ਜਾ ਸਕਣ ਵਾਲੀ ਫਸਲ ਲਈ ਸਰਕਾਰ ਵੱਲੋਂ ਪ੍ਰਤੀ ਏਕੜ 10 ਹਜ਼ਾਰ ਰੁਪਏ ਹੀ ਦਿੱਤੇ ਜਾਂਦੇ ਹਨ। ਇਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ। 

ਰਾਤ ਵੇਲੇ ਤਾਰਾਂ ਵਿਚ ਕਰੰਟ ਛੱਡ ਦਿੱਤਾ ਜਾਂਦਾ ਹੈ ਅਤੇ ਕਰਫਿਊ ਵੀ ਲਾਗੂ ਹੋ ਜਾਂਦਾ ਹੈ। ਨਤੀਜੇ ਵਜੋਂ ਕਿਸਾਨ ਤਾਰ-ਵਾੜ ਤੋਂ ਬਾਹਰ ਵੀ 500 ਮੀਟਰ ਤਕ ਜ਼ਮੀਨ ਵਿਚ ਖੇਤੀ-ਕਾਰਜ ਨਹੀਂ ਕਰ ਸਕਦੇ। ਤਾਰ-ਵਾੜ ਤੋਂ ਬਾਹਰ ਵਾਲੀ ਜ਼ਮੀਨ ਫਸਲਾਂ ਦੇ ਨੁਕਸਾਨ ਦਾ ਸਰਕਾਰ ਵੱਲੋਂ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਜਾਂਦਾ। 

ਪਸ਼ੂਆਂ ਲਈ ਚਾਰੇ ਦਾ ਮਸਲਾ : ਪਿੰਡ ਦੇ ਕੁਝ ਕਿਸਾਨ ਅਜਿਹੇ ਹਨ, ਜਿਨ੍ਹਾਂ ਦੀ ਥੋੜ੍ਹੀ-ਬਹੁਤੀ, ਸਾਰੀ ਜ਼ਮੀਨ ਤਾਰ-ਵਾੜ ਦੇ ਅੰਦਰ ਹੈ। ਜਦੋਂ ਹਾਲਾਤ ਖਰਾਬ ਹੁੰਦੇ ਹਨ ਤਾਂ ਸੁਰੱਖਿਆ ਫੋਰਸਾਂ ਕਈ-ਕਈ ਦਿਨ ਲਾਂਘੇ ਵਾਲੇ ਗੇਟ ਬੰਦ ਰੱਖਦੀਆਂ ਹਨ। ਅਜਿਹੀ ਸਥਿਤੀ 'ਚ ਪਸ਼ੂਆਂ ਲਈ ਚਾਰੇ ਦੀ ਭਾਰੀ ਮੁਸੀਬਤ ਬਣ ਜਾਂਦੀ ਹੈ। ਇਸ ਡਰ ਕਾਰਨ ਕਈ ਕਿਸਾਨਾਂ ਨੇ ਆਪਣੇ ਦੁਧਾਰੂ ਪਸ਼ੂ ਹੀ ਵੇਚ ਦਿੱਤੇ। ਉਨ੍ਹਾਂ ਨੂੰ ਘਰ ਦੀ ਲੋੜ ਲਈ ਦੁੱਧ ਵੀ ਹੋਰ ਲੋਕਾਂ ਤੋਂ ਖਰੀਦਣਾ ਪੈਂਦਾ ਹੈ। ਸਰਹੱਦੀ ਕਿਸਾਨਾਂ ਦੀ ਇਹ ਵੱਡੀ ਤ੍ਰਾਸਦੀ ਹੈ ਕਿ ਉਹ ਆਪਣੇ ਹੀ ਖੇਤਾਂ 'ਚ ਆਪਣੀ ਮਰਜ਼ੀ ਅਨੁਸਾਰ ਨਾ ਆ-ਜਾ ਸਕਦੇ ਹਨ ਅਤੇ ਨਾ ਹੀ ਇੱਛਾ ਅਨੁਸਾਰ ਫਸਲਾਂ ਬੀਜ ਸਕਦੇ ਹਨ। 

ਕਿੱਥੇ ਹੈ ਕਰਜ਼ਾ-ਮੁਆਫੀ? : ਕਿਸਾਨਾਂ ਨੂੰ ਇਸ ਗੱਲ ਦਾ ਵੀ ਵੱਡਾ ਗਿਲਾ ਸੀ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਕਰਜ਼ਾ-ਮੁਆਫੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਕੀਮਾਂ ਸਰਹੱਦੀ ਖੇਤਰਾਂ 'ਚ ਕਿਉਂ ਨਹੀਂ ਪੁੱਜੀਆਂ। 
ਦਲੀਪ ਚੰਦ ਨਾਮੀ ਇਕ ਕਿਸਾਨ ਨੇ ਦੱਸਿਆ ਕਿ ਉਸਦੀ ਸਿਰਫ 4 ਕਨਾਲ ਜ਼ਮੀਨ ਹੈ, ਜਿਹੜੀ ਤਾਰ-ਵਾੜ ਦੇ ਅੰਦਰ ਹੈ। ਉਸ ਜ਼ਮੀਨ 'ਤੇ 20 ਸਾਲ ਪਹਿਲਾਂ ਕਰਜ਼ਾ ਲਿਆ ਸੀ, ਜਿਹੜਾ ਅੱਜ ਤਕ ਜਿਉਂ ਦਾ ਤਿਉਂ ਹੈ। ਇਸ ਜ਼ਮੀਨ ਨਾਲ ਉਸ ਦਾ ਘਰ ਵੀ ਨਹੀਂ ਚੱਲਦਾ, ਜਿਸ ਲਈ ਉਸ ਨੂੰ ਦਿਹਾੜੀ ਮਜ਼ਦੂਰੀ ਕਰਨੀ ਪੈਂਦੀ ਹੈ। ਬੈਂਕ ਵਾਲੇ ਉਸ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ। 

ਪਿੰਡ ਦੇ ਇਕ ਹੋਰ ਕਿਸਾਨ ਗੁਲਜ਼ਾਰ ਸਿੰਘ ਦੀ ਵੀ ਸਾਰੀ ਜ਼ਮੀਨ ਤਾਰ-ਵਾੜ ਦੇ ਅੰਦਰ ਸਰਹੱਦ ਕੰਢੇ ਹੈ। ਉਸ ਨੇ ਇਕ ਲੱਖ ਦਾ ਕਰਜ਼ਾ 15 ਸਾਲ ਪਹਿਲਾਂ ਲਿਆ ਸੀ, ਕੁਝ ਪੈਸੇ ਮੋੜੇ ਵੀ, ਸਰਕਾਰ ਦੀਆਂ ਕਰਜ਼ਾ-ਮੁਆਫੀ ਸਕੀਮਾਂ ਵੀ ਆਈਆਂ ਪਰ ਉਸ ਦਾ ਖਾਤਾ ਸਾਫ ਨਹੀਂ ਹੋਇਆ। ਕੀ ਸਰਕਾਰ ਦੀਆਂ ਸਕੀਮਾਂ ਇਨ੍ਹਾਂ ਕਿਸਾਨਾਂ ਲਈ ਨਹੀਂ ਹਨ। 

ਇਕ ਇੰਚ ਦੀ ਵੀ ਛੋਟ ਨਹੀਂ: ਜੈਦਪੁਰ ਦਾ ਰਹਿਣ ਵਾਲਾ ਦਵਿੰਦਰ ਸਿੰਘ +2 ਪਾਸ ਹੈ। ਸਰੀਰਕ ਪੱਖੋਂ ਵੀ ਨਰੋਆ ਅਤੇ ਫੁਰਤੀਲਾ ਹੈ। ਉਹ ਰੋਜ਼ਗਾਰ ਦੀ ਖਾਤਰ ਕਈ ਵਾਰ ਫੌਜ ਵਿਚ ਭਰਤੀ ਹੋਣ ਗਿਆ ਪਰ ਉਸਨੂੰ ਹਰ ਵਾਰ ਇਸ ਲਈ ਨਾਂਹ ਕਰ ਦਿੱਤੀ ਗਈ ਕਿ ਉਸ ਦਾ ਕੱਦ ਇਕ ਇੰਚ ਘੱਟ ਸੀ। ਉਸ ਨੂੰ ਦੁੱਖ ਹੈ ਕਿ ਹੋਰ ਕਈ ਵਰਗਾਂ ਨੂੰ ਛੋਟ ਮਿਲ ਜਾਂਦੀ ਹੈ ਪਰ ਉਸ ਨੂੰ ਸਰਹੱਦੀ ਖੇਤਰ ਦਾ ਬਸ਼ਿੰਦਾ ਹੋਣ ਦੇ ਬਾਵਜੂਦ ਕੱਦ ਵਿਚ ਇਕ ਇੰਚ ਦੀ ਵੀ ਛੋਟ ਨਹੀਂ ਮਿਲੀ।
ਸਰਕਾਰੀ ਨੀਤੀਆਂ ਦੀਆਂ ਖਾਮੀਆਂ ਕਾਰਨ ਦਵਿੰਦਰ ਸਿੰਘ ਵਰਗੇ ਕਈ ਨੌਜਵਾਨ ਸਰਹੱਦੀ ਖੇਤਰਾਂ 'ਚ ਬੇਰੋਜ਼ਗਾਰ ਘੁੰਮ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਹੱਦੀ ਇਲਾਕਿਆਂ ਦੇ ਰਹਿਣ ਵਾਲਿਆਂ ਲਈ ਵੀ ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਹੋਣਾ ਚਾਹੀਦਾ ਹੈ। ਉਸ ਨੇ

ਕਿਹਾ ਕਿ ਇਸ ਖੇਤਰ ਦੇ ਨੌਜਵਾਨਾਂ ਦਾ ਸਰਕਾਰ ਨੂੰ ਮਾਰਗਦਰਸ਼ਨ ਕਰਨਾ ਚਾਹੀਦੈ।
2 ਅਧਿਆਪਕ 12 ਵਿਦਿਆਰਥੀ : ਜੈਦਪੁਰ ਦਾ ਪ੍ਰਾਇਮਰੀ ਸਕੂਲ ਇਕ ਖਸਤਾਹਾਲ ਇਮਾਰਤ ਵਿਚ ਚਲਾਇਆ ਜਾ ਰਿਹਾ ਹੈ। ਵਿਹੜੇ ਵਿਚ ਘਾਹ ਅਤੇ ਸਰਕੰਡਾ ਉੱਗਿਆ ਹੋਇਆ ਹੈ। ਸਕੂਲ ਵਿਚ 2 ਅਧਿਆਪਕਾਂ ਦੀ ਨਿਯੁਕਤੀ ਹੈ ਅਤੇ ਬੱਚੇ ਸਿਰਫ 12-13 ਹੀ ਹਨ। ਸਕੂਲ ਦੀ ਚਾਰਦੀਵਾਰੀ ਵੀ ਮੁਕੰਮਲ ਨਹੀਂ ਹੈ। ਬਿਜਲੀ, ਜੈਨਰੇਟਰ, ਪਾਣੀ ਅਤੇ ਹੋਰ ਸਹੂਲਤਾਂ ਦੀ ਹਾਲਤ ਤਰਸਯੋਗ ਹੈ। 

ਸਰਕਾਰ ਵਲੋਂ ਨਾ ਤਾਂ ਸਕੂਲ ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਦਿੱਤਾ ਗਿਆ ਹੈ ਅਤੇ ਨਾ ਹੀ ਇਸ ਦਾ ਦਰਜਾ ਵਧਾ ਕੇ ਮਿਡਲ ਕੀਤਾ ਗਿਆ ਹੈ। ਪਿੰਡਾਂ ਦੇ ਬਹੁਤੇ ਬੱਚੇ ਦੂਰ-ਦੁਰਾਡੇ ਪੜ੍ਹਨ ਜਾਂਦੇ ਹਨ। ਜਿਹੜੇ ਲੋਕ ਆਪਣੇ ਬੱਚਿਆਂ ਨੂੰ ਹੋਰ ਥਾਈਂ ਨਹੀਂ ਪੜ੍ਹਾ ਸਕਦੇ, ਉਹ ਜ਼ਿਆਦਾਤਰ ਅਨਪੜ੍ਹ ਹੀ ਰਹਿ ਜਾਂਦੇ ਹਨ। ਲੱਗਦੈ 'ਸਰਵ ਸਿੱਖਿਆ ਅਭਿਆਨ' ਇਸ ਪਾਸੇ ਆਉਣ ਦੀ ਜਗ੍ਹਾ ਕਿਸੇ ਹੋਰ ਰਾਹ ਮੁੜ ਗਿਐ।
ਇਕ ਸੀ ਪਿੰਡ ਹਮਜਾ! : ਦੇਸ਼ ਦੀ ਵੰਡ ਤੋਂ ਪਹਿਲਾਂ ਦਰਿਆ ਰਾਵੀ ਦੇ ਕੰਢੇ ਇਸ ਖੇਤਰ ਵਿਚ ਇਕ ਪਿੰਡ ਹਮਜਾ ਵੀ ਹੁੰਦਾ ਸੀ। ਉਸ ਨੂੰ ਹੜ੍ਹਾਂ ਦੀ ਅਜਿਹੀ ਮਾਰ ਪਈ ਕਿ ਨਕਸ਼ੇ ਤੋਂ ਉਸਦਾ ਨਾਂ ਹੀ ਮਿਟ ਗਿਆ। ਕਈ ਹੋਰ ਪਿੰਡਾਂ ਦਾ ਵੀ ਦਰਿਆ ਨੇ ਬਹੁਤ ਨੁਕਸਾਨ ਕੀਤਾ। ਜਦੋਂ ਤਕ ਰਾਵੀ 'ਤੇ 2010 'ਚ ਪੁਲ ਨਹੀਂ ਬਣਿਆ ਸੀ ਤਾਂ ਜੈਦਪੁਰ ਵਾਸੀਆਂ ਨੂੰ ਦੀਨਾਨਗਰ ਜਾਣਾ ਵੀ ਲਾਹੌਰ ਜਾਣ ਬਰਾਬਰ ਜਾਪਦਾ ਸੀ।      (sandhu.js002@gmail.com) 9417402327


Bharat Thapa

Content Editor

Related News