"ਭਾਰਤੀ ਸੰਵਿਧਾਨ ਦੇਸ਼ ਦੇ ਹਰ ਬਾਸ਼ਿੰਦੇ ਦੇ ਮੌਲਿਕ ਅਧਿਕਾਰਾਂ ਦੀ ਖੁੱਲ੍ਹੀ ਤੇ ਸਾਫ਼ ਗੱਲ ਕਰਦੈ"

Monday, Nov 27, 2023 - 01:59 AM (IST)

ਰੋਮ (ਦਲਵੀਰ ਕੈਂਥ) : 2 ਸਾਲ 11 ਮਹੀਨੇ ਤੇ 18 ਦਿਨਾਂ 'ਚ ਤਿਆਰ ਹੋਏ ਭਾਰਤ ਦੇ ਸੰਵਿਧਾਨ ਨੂੰ 26 ਨਵੰਬਰ 1949 ਨੂੰ 7 ਮੈਂਬਰੀ ਖਰੜਾ ਕਮੇਟੀ ਨੇ ਅੰਤਿਮ ਰੂਪ ਦਿੱਤਾ। ਇਸ ਖਰੜਾ ਕਮੇਟੀ ਦੇ ਚੇਅਰਮੈਨ ਡਾ. ਬੀ.ਆਰ. ਅੰਬੇਡਕਰ ਸਨ। ਉਂਝ ਬਾਬਾ ਸਾਹਿਬ ਦੀ ਪ੍ਰਧਾਨਗੀ ਹੇਠ 389 ਮੈਂਬਰਾਂ ਨੇ ਇਸ ਸੰਵਿਧਾਨ ਨੂੰ ਤਿਆਰ ਕੀਤਾ, ਜਿਸ ਉਪਰ ਉਸ ਸਮੇਂ 64 ਲੱਖ ਭਾਰਤੀ ਰੁਪਇਆ ਖਰਚ ਹੋਇਆ। ਅੱਜ ਭਾਰਤ ਆਪਣਾ 73ਵਾਂ ਸੰਵਿਧਾਨ ਦਿਵਸ ਮਨਾ ਰਿਹਾ ਹੈ ਤੇ ਦੁਨੀਆ ਭਰ ਵਿੱਚ ਵੱਸਦਾ ਹਰ ਭਾਰਤੀ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਰੂਪੀ ਦੇਸ਼ ਨੂੰ ਦਿੱਤੇ ਅਨਮੋਲ ਤੋਹਫ਼ੇ ਲਈ ਕੋਟਿ-ਕੋਟਿ ਧੰਨਵਾਦ ਕਰਦਾ ਹੈ।

ਇਸ 73ਵੇਂ ਭਾਰਤੀ ਸੰਵਿਧਾਨ ਦਿਵਸ ਮੌਕੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਵੈੱਲਫੇਆਰ ਐਸੋਸੀਏਸ਼ਨ ਇਟਲੀ (ਰਜਿ.) ਦੇ ਪ੍ਰਧਾਨ ਕੈਲਾਸ਼ ਬੰਗੜ ਅਤੇ ਵਿੱਦਿਅਕ ਖੇਤਰ ਦੇ ਧਨੀ ਉੱਘੇ ਸਮਾਜ ਸੇਵਕ ਪ੍ਰੋ. ਜਗਦੀਸ਼ ਰਾਏ ਨੇ ਕਿਹਾ ਕਿ ਪਹਿਲਾਂ ਇਸ ਦਿਨ ਨੂੰ ਕਾਨੂੰਨ ਦਿਵਸ ਵਜੋਂ ਭਾਰਤ ਸਰਕਾਰ ਮਨਾਉਂਦੀ ਸੀ ਪਰ ਬਾਬਾ ਸਾਹਿਬ ਦੀ 125ਵੀਂ ਜਯੰਤੀ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਅਕਤੂਬਰ 2015 ਨੂੰ ਮੁੰਬਈ ਵਿੱਚ ਡਾ. ਬੀ.ਆਰ. ਅੰਬੇਡਕਰ ਦੇ ਸਟੈਚੂ ਆਫ਼ ਇਕੁਐਲਿਟੀ (Statue of Equality) ਦਾ ਨੀਂਹ ਪੱਥਰ ਰੱਖਣ ਸਮੇਂ ਇਹ ਐਲਾਨ ਕੀਤਾ ਸੀ। ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਸੰਵਿਧਾਨ ਹੈ। ਬਾਬਾ ਸਾਹਿਬ ਨੇ 60 ਦੇਸ਼ਾਂ ਦੇ ਸੰਵਿਧਾਨ ਨੂੰ ਪੜ੍ਹਿਆ।

ਸੰਵਿਧਾਨ ਦਿਵਸ 19 ਨਵੰਬਰ 2015 ਤੋਂ ਭਾਰਤ ਸਰਕਾਰ ਨੇ ਮਨਾਉਣਾ ਸ਼ੁਰੂ ਕੀਤਾ ਹੈ। ਇਸ ਦੌਰਾਨ ਬਾਬਾ ਸਾਹਿਬ ਦੀਆਂ ਦੇਸ਼ ਪ੍ਰਤੀ ਘਾਲਣਾਵਾਂ ਦਾ ਉਚੇਚਾ ਜ਼ਿਕਰ ਹੁੰਦਾ ਹੈ। ਬਾਬਾ ਸਾਹਿਬ ਦੇ ਸੰਵਿਧਾਨ ਦੀ ਸਮੇਂ ਦੀ ਭਾਰਤ ਸਰਕਾਰ ਨੇ ਬੇਹੱਦ ਸ਼ਲਾਘਾ ਕਰਦਿਆਂ 26 ਜਨਵਰੀ 1950 ਨੂੰ ਲਾਗੂ ਕੀਤਾ, ਜਿਹੜਾ ਕਿ ਭਾਰਤ ਦੇ ਹਰ ਬਾਸ਼ਿੰਦੇ ਲਈ ਸਮਾਨਤਾ ਤੇ ਬਰਾਬਰਤਾ ਦੀ ਗੱਲ ਕਰਦਾ ਹੈ। ਇਹ ਸੰਵਿਧਾਨ ਹਰ ਬਾਸ਼ਿੰਦੇ ਨੂੰ ਉਸ ਦੇ ਮੌਲਿਕ ਅਧਿਕਾਰ ਦੇਣ ਦੀ ਖੁੱਲ੍ਹੀ ਤੇ ਸਾਫ਼ ਗੱਲ ਕਰਦਾ ਹੈ। ਭਾਰਤੀ ਸੰਵਿਧਾਨ ਇੰਗਲੈਂਡ ਦੇ ਸੰਵਿਧਾਨ ਨਾਲ ਵੀ ਕਾਫ਼ੀ ਸਮਾਨਤਾ ਰੱਖਦਾ ਹੈ। ਇਸ ਦਿਨ ਦੀ ਸਮੁੱਚੇ ਭਾਰਤੀ ਭਾਈਚਾਰੇ ਨੂੰ ਮੁਬਾਰਕਬਾਦ।


Mukesh

Content Editor

Related News