ਜ਼ੇਲੈਂਸਕੀ ਦੀ ਚਿਤਾਵਨੀ: ਰੂਸੀ ਡਰੋਨ ਚੇਰਨੋਬਿਲ ਦੀ ਸੁਰੱਖਿਆ ਲਈ ਖ਼ਤਰਾ
Friday, Oct 03, 2025 - 12:19 AM (IST)

ਕੀਵ (ਭਾਸ਼ਾ) – ਰੂਸ ਵੱਲੋਂ ਯੂਕ੍ਰੇਨ ਦੇ ਪਾਵਰ ਗਰਿੱਡ ’ਤੇ ਲਗਾਤਾਰ ਬੰਬਾਰੀ ਕਾਰਨ ਯੂਕ੍ਰੇਨ ਦੇ ਪ੍ਰਮਾਣੂ ਪਲਾਂਟਾਂ ਦੀ ਸੁਰੱਖਿਆ ਬਾਰੇ ਚਿੰਤਾ ਵਧ ਗਈ ਹੈ। 1986 ਦੇ ਚੇਰਨੋਬਿਲ ਪ੍ਰਮਾਣੂ ਹਾਦਸੇ ਵਾਲੀ ਥਾਂ ’ਤੇ ਡਰੋਨ ਹਮਲੇ ਕਾਰਨ ਬਿਜਲੀ ਸਪਲਾਈ ’ਚ ਵਿਘਨ ਪੈਣ ਤੋਂ ਬਾਅਦ ਇਹ ਚਿੰਤਾ ਹੋਰ ਵੀ ਡੂੰਘੀ ਹੋ ਗਈ ਹੈ।
ਚੇਰਨੋਬਿਲ ਅਤੇ ਰੂਸ ਦੇ ਕਬਜ਼ੇ ਵਾਲੇ ਦੋਵੇਂ ਜ਼ਾਪੋਰੀਝੀਆ ਪ੍ਰਮਾਣੂ ਪਾਵਰ ਪਲਾਂਟ ਕੰਮ ਨਹੀਂ ਕਰ ਰਹੇ ਪਰ ਦੋਵਾਂ ਨੂੰ ਆਪਣੇ ਮਹੱਤਵਪੂਰਨ ਕੂਲਿੰਗ ਸਿਸਟਮਾਂ ਨੂੰ ਚਲਾਉਣ ਲਈ ਇਕ ਸਥਿਰ ਬਿਜਲੀ ਸਪਲਾਈ ਦੀ ਲੋੜ ਹੈ। ਇਹ ਕੂਲਿੰਗ ਸਿਸਟਮ ਬਾਲਣ ਦੀਆਂ ਰਾਡਾਂ ਨੂੰ ਠੰਡਾ ਰੱਖਣ, ਸੰਭਾਵੀ ਪ੍ਰਮਾਣੂ ਹਾਦਸੇ ਨੂੰ ਰੋਕਣ ਲਈ ਜ਼ਰੂਰੀ ਹਨ। ਬਿਜਲੀ ਬੰਦ ਹੋਣ ਨਾਲ ਰੇਡੀਏਸ਼ਨ ਨਿਗਰਾਨ ਪ੍ਰਣਾਲੀਆਂ ’ਤੇ ਵੀ ਅਸਰ ਪੈ ਸਕਦਾ ਹੈ, ਜਿਨ੍ਹਾਂ ਨੂੰ ਚੇਰਨੋਬਿਲ ’ਚ ਸੁਰੱਖਿਆ ਵਧਾਉਣ ਲਈ ਸਥਾਪਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਦਾ ਸੰਚਾਲਨ ਸੰਯੁਕਤ ਰਾਸ਼ਟਰ ਪ੍ਰਮਾਣੂ ਨਿਗਰਾਨੀ ਸੰਸਥਾ ਤੇ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੁਆਰਾ ਕੀਤਾ ਜਾਂਦਾ ਹੈ।
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਜਾਣਬੁੱਝ ਕੇ ਰੇਡੀਏਸ਼ਨ ਘਟਨਾਵਾਂ ਦਾ ਖ਼ਤਰਾ ਪੈਦਾ ਕਰ ਰਿਹਾ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਨਿਗਰਾਨ ਸੰਸਥਾ ਅਤੇ ਇਸ ਦੇ ਮੁਖੀ ਰਾਫੇਲ ਮਾਰੀਆਨੋ ਗ੍ਰੋਸੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਖਤਰੇ ਦਾ ਕਮਜ਼ੋਰ ਜਵਾਬ ਦਿੱਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਰੂਸੀ ਜੰਗ ਦੇ ਹਰ ਦਿਨ ਸਾਡੀਆਂ ਊਰਜਾ ਸਹੂਲਤਾਂ ’ਤੇ ਹਮਲਾ ਹੋ ਰਿਹਾ ਹੈ, ਜਿਸ ਵਿਚ ਪ੍ਰਮਾਣੂ ਸੁਰੱਖਿਆ ਨਾਲ ਸਬੰਧਤ ਸਹੂਲਤਾਂ ਵੀ ਸ਼ਾਮਲ ਹਨ ਅਤੇ ਇਹ ਇਕ ਵਿਸ਼ਵਵਿਆਪੀ ਖ਼ਤਰਾ ਹੈ।