''ਗੁਰਬਾਣੀ ਪ੍ਰਸਾਰਣ ਨਿੱਜੀਕਰਣ'' ਮੁੱਦੇ ''ਤੇ ਵਰਲਡ ਸਿੱਖ ਪਾਰਲੀਮੈਂਟ ਨੇ ਕੀਤਾ ਵਿਰੋਧ

01/16/2020 2:03:00 PM

ਨਿਊਯਾਰਕ, (ਰਾਜ ਗੋਗਨਾ)— ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਦੇ ਕਰਿੰਦਿਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਤ ਕੀਤੀ ਜਾਂਦੀ ਗੁਰਬਾਣੀ ਦਾ ਤਕਰੀਬਨ ਦੋ ਦਹਾਕਿਆਂ ਤੋਂ ਕੀਤਾ ਜਾ ਰਿਹਾ ਵਪਾਰੀਕਰਨ ਬਹੁਤ ਹੀ ਮੰਦਭਾਗਾ ਹੈ । ਇਹ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ 'ਚ ਆਈ ਹੋਈ ਗਿਰਾਵਟ ਨੂੰ ਦਰਸਾਉਂਦਾ ਹੈ ।

'ਵਰਲਡ ਸਿੱਖ ਪਾਰਲੀਮੈਂਟ' ਵੱਲੋਂ ਜਾਰੀ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਉਨ੍ਹਾਂ ਗੁਰਬਾਣੀ ਪ੍ਰਸਾਰਣ ਨੂੰ ਆਪਣੇ ਨਿੱਜੀ ਅਤੇ ਸਿਆਸੀ ਮੁਫਾਦਾਂ ਨੂੰ ਵਰਤਣ ਵਾਲਿਆਂ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ ਕਿ ਇੱਕ ਨਿੱਜੀ ਕੰਪਨੀ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਤ ਹੁੰਦੇ ਹੁਕਮਨਾਮਾ ਸਾਹਿਬ ਉੱਤੇ ਆਪਣੀ ਮਾਲਕੀ ਦਰਸਾਉਂਦਿਆਂ ਕਿਸੇ ਵੀ ਹੋਰ ਸੰਸਥਾ ਵੱਲੋਂ ਹੁਕਮਨਾਮਾ ਸਾਹਿਬ ਦੇ ਪ੍ਰਸਾਰਣ ਉੱਤੇ ਪਾਬੰਦੀ ਲਗਾਉਣ ਦਾ ਯਤਨ ਕਰਨਾ ਨਾ ਸਹਿਣਯੋਗ ਹੈ। ਗੁਰਬਾਣੀ ਦਾ ਉਪਦੇਸ਼ 'ਚਹੁੰ ਵਰਨਾ ਕਉ ਸਾਂਝਾ' ਅਤੇ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਹੈ । ਗੁਰੂ ਸਾਹਿਬਾਨ ਦੇ ਇਲਾਹੀ ਬਚਨਾਂ ਉੱਤੇ ਕਿਸੇ ਵੀ ਦੁਨਿਆਵੀ ਵਿਅਕਤੀ ਜਾਂ ਸੰਸਥਾ ਦਾ ਹੱਕ ਨਹੀਂ ਹੋ ਸਕਦਾ ।

ਇਹੋ ਜਿਹਾ ਦਾਅਵਾ ਕਰਨ ਵਾਲੀਆਂ ਸੰਸਥਾਵਾਂ ਅਤੇ ਗੁਰਬਾਣੀ ਦੇ ਕਾਪੀਰਾਈਟ ਦੇ ਕੇ ਨਿੱਜੀ ਫਾਇਦੇ ਲੈਣ ਵਾਲੇ ਵਿਅਕਤੀ ਗੁਰੂ ਦੀ ਮਾਰ ਦੇ ਭਾਗੀਦਾਰ ਵੀ ਬਨਣਗੇ । ਸੰਸਥਾ ਦਾ ਕਹਿਣਾ ਹੈ ਕਿ ਗੁਰਬਾਣੀ ਦੇ ਲੰਮੇਂ ਸਮੇਂ ਤੋਂ ਹੋ ਰਹੇ ਵਪਾਰੀਕਰਨ ਅਤੇ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਲੰਮੇ ਸਮੇਂ ਤੋਂ ਨਿੱਜੀ ਹੱਥਾਂ ਵਿੱਚ ਦੇਣ ਲਈ ਮੁੱਖ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਦੋਸ਼ੀ ਹੈ ਅਤੇ ਇਸ ਵਪਾਰੀਕਰਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਾ ਰੋਕਣਾ ਸਾਬਤ ਕਰਦਾ ਹੈ ਕਿ ਸਿੱਖਾਂ ਦੀਆਂ ਮੁੱਖ ਧਾਰਮਿਕ ਸੰਸਥਾਵਾਂ ਲੋਭੀ ਅਤੇ ਭ੍ਰਿਸ਼ਟਾਚਾਰ ਸਿਆਸਤਦਾਨਾਂ  ਦੀਆਂ ਕਠਪੁਤਲੀਆਂ ਬਣ ਗਈਆਂ ਹਨ ।

ਮੌਜੂਦਾ ਉੱਠੇ ਵਿਵਾਦ ਤੋਂ ਬਾਅਦ ਵੀ ਅਜੇ ਜਵਾਬ ਤਲਬ ਕਰਨ ਦੀਆਂ ਗੱਲਾਂ ਅਤੇ ਜਾਂਚ ਕਰਾਉਣ ਦੇ ਬਿਆਨ ਇਸ ਮਸਲੇ ਨੂੰ ਠੰਢੇ ਬਸਤੇ ਵਿੱਚ ਪਾਉਣ ਵੱਲ ਹੀ ਇਸ਼ਾਰਾ ਕਰ ਰਹੇ ਹਨ । ਗੁਰਬਾਣੀ ਪ੍ਰਸਾਰਣ ਨੂੰ ਆਪਣੇ ਨਿੱਜੀ ਮੁਫਾਦਾਂ ਨੂੰ ਵਰਤਣ ਅਤੇ ਗੁਰਬਾਣੀ ਉੱਤੇ ਆਪਣੀ ਮਾਲਕੀ ਦਰਸਾਉਣ ਦਾ ਤਾਜ਼ਾ ਵਿਵਾਦ ਇੱਕ ਵਾਰ ਫਿਰ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜਦੋਂ ਤੱਕ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਉੱਤੇ ਸੱਤਾ ਦੇ ਲੋਭੀ ਕਾਬਜ਼ ਰਹਿਣਗੇ ਉਦੋ ਤੱਕ ਇਨ੍ਹਾਂ ਸੰਸਥਾਵਾਂ ਦੀ ਨਿੱਜੀ ਫਾਇਦਿਆਂ ਲਈ ਇਸਤੇਮਾਲ ਕੀਤਾ ਜਾਂਦਾ ਰਹੇਗਾ । ਇਸ ਲਈ ਸਾਡੀਆਂ ਸਿਰਮੌਰ ਧਾਰਮਿਕ ਸੰਸਥਾਵਾਂ ਉੱਤੋਂ ਪੰਥ ਦੋਖੀ ਬਾਦਲਾਂ  ਦਾ ਗਲਬਾ ਖਤਮ ਕਰਨਾ ਸੁਹਿਰਦ ਸਿੱਖਾਂ ਦਾ ਪਹਿਲਾ ਨਿਸ਼ਾਨਾ ਹੋਣਾ ਚਾਹੀਦਾ ਹੈ । ਧਾਰਮਿਕ ਸੰਸਥਾਵਾਂ ਦੀ ਅਜ਼ਾਦੀ ਹੀ ਮੌਜੂਦਾ ਉੱਠੇ ਮਸਲੇ ਦਾ ਹੱਲ ਹੈ ਅਤੇ ਵਰਲਡ ਸਿੱਖ  ਪਾਰਲੀਮੈਂਟ ਸਮੂਹ ਸਿੱਖਾਂ ਨੂੰ ਇਨ੍ਹਾਂ ਸੰਸਥਾਵਾਂ ਦੀ ਅਜ਼ਾਦੀ ਲਈ ਠੋਸ ਯਤਨ ਦੀ ਪੁਰ-ਜ਼ੋਰ ਬੇਨਤੀ ਕਰਦਿਆਂ ਗੁਰਬਾਣੀ ਦਾ ਵਪਾਰੀਕਰਨ ਕਰ ਰਹੀਆਂ ਧਿਰਾਂ ਦਾ ਡਟ ਕੇ ਵਿਰੋਧ ਕਰਨ ਦਾ ਸੱਦਾ ਦਿੰਦੀ ਹੈ । ਇਹ ਪ੍ਰੈੱਸ ਨੋਟ ਵਰਲਡ ਸਿੱਖ ਪਾਰਲੀਮੈਂਟ ਦੇ ਦੋ ਜਨਰਲ ਸਕੱਤਰ ਮਨਪ੍ਰੀਤ ਸਿੰਘ ਅਤੇ ਹਰਦਿਆਲ ਸਿੰਘ ਵੱਲੋਂ ਜਾਰੀ ਕੀਤਾ ਗਿਆ।


Related News