ਅਮਰੀਕਾ ਜਾਣਾ ਹੋਵੇਗਾ ਹੋਰ ਵੀ ਸੌਖਾ, ਟਰੰਪ ਨੇ ਦਿੱਤੇ ਸੰਕੇਤ
Monday, Dec 09, 2024 - 11:01 AM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਓਵਲ ਦਫਤਰ ਵਿਚ ਦਾਖਲ ਹੋਣ ਤੋਂ ਬਾਅਦ ਸਾਰੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਆਪਣੀ ਯੋਜਨਾ 'ਤੇ ਅੱਗੇ ਵਧਣਗੇ ਅਤੇ ਨਾਲ ਹੀ ਕਿਹਾ ਕਿ ਉਹ ਲੋਕਾਂ ਲਈ ਅਮਰੀਕਾ ਆਉਣਾ ਆਸਾਨ ਬਣਾ ਦੇਣਗੇ, ਜੋ ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਦਾਖਲ ਹੁੰਦੇ ਹਨ। ਟਰੰਪ ਦਾ ਇਹ ਕਦਮ ਉਨ੍ਹਾਂ ਭਾਰਤੀਆਂ ਲਈ ਮਦਦਗਾਰ ਹੋ ਸਕਦਾ ਹੈ, ਜੋ ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਆਉਂਦੇ ਹਨ।
ਟਰੰਪ ਨੇ ਐੱਨਬੀਸੀ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਇੱਥੋਂ ਕੱਢਣ ਦੀ ਆਪਣੀ ਯੋਜਨਾ 'ਤੇ ਗੱਲ ਕੀਤੀ। ਇੰਟਰਵਿਊ ਵਿਚ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ 4 ਸਾਲਾਂ ਤੋਂ ਇੱਥੇ ਗੈਰ-ਕਾਨੂੰਨੀ ਤੌਰ 'ਤੇ ਰਹਿਣ ਵਾਲੇ ਹਰ ਵਿਅਕਤੀ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾ ਰਹੇ ਹਨ। ਇਸ 'ਤੇ ਟਰੰਪ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਤੁਹਾਨੂੰ ਇਹ ਕਰਨਾ ਪਏਗਾ। ਤੁਹਾਡੇ ਕੋਲ ਕੁਝ ਨਿਯਮ, ਕਾਨੂੰਨ ਹੋਣੇ ਚਾਹੀਦੇ ਹਨ। ਉਹ ਗੈਰ-ਕਾਨੂੰਨੀ ਤੌਰ 'ਤੇ ਆ ਗਏ ਅਤੇ ਕੁਝ ਲੋਕ ਪਿਛਲੇ 10 ਸਾਲਾਂ ਤੋਂ ਕਾਨੂੰਨੀ ਤਰੀਕੇ ਨਾਲ ਦੇਸ਼ 'ਚ ਆਉਣ ਲਈ ਇੰਤਜ਼ਾਰ ਕਰ ਰਹੇ ਹਨ। ਇਹ ਉਨ੍ਹਾਂ ਨਾਲ ਬੇਇਨਸਾਫ਼ੀ ਹੈ। ਅਸੀਂ ਉਨ੍ਹਾਂ ਲੋਕਾਂ ਲਈ ਇੱਥੇ ਆਉਣਾ ਬਹੁਤ ਆਸਾਨ ਬਣਾਉਣ ਜਾ ਰਹੇ ਹਾਂ। ਇਸ ਲਈ ਉਨ੍ਹਾਂ ਨੂੰ ਟੈਸਟ ਵਿਚੋਂ ਲੰਘਣਾ ਪਵੇਗਾ।। ਉਨ੍ਹਾਂ ਨੂੰ ਸਿਰਫ਼ ਇਹ ਦੱਸਣ ਦੇ ਯੋਗ ਹੋਣਾ ਚਾਹੀਦਾ ਹੈ ਕਿ ਸਟੈਚੂ ਆਫ਼ ਲਿਬਰਟੀ ਕੀ ਹੈ। ਉਨ੍ਹਾਂ ਨੂੰ ਅਮਰੀਕਾ ਬਾਰੇ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਸਾਡੇ ਦੇਸ਼ ਨੂੰ ਪਿਆਰ ਕਰਨਾ ਹੋਵੇਗਾ।"
ਇਹ ਵੀ ਪੜ੍ਹੋ: ਇਹ ਹੈ ਦੁਨੀਆ ਦੀ ਆਖਰੀ ਸੜਕ, ਇੱਥੇ ਇਕੱਲੇ ਜਾਣ ਦੀ ਹੈ ਮਨਾਹੀ
ਟਰੰਪ ਨੇ ਅੱਗੇ ਕਿਹਾ, "ਅਸੀਂ ਅਮਰੀਕਾ ਵਿਚ ਅਜਿਹੇ ਲੋਕ ਨਹੀਂ ਚਾਹੁੰਦੇ ਜਿਨ੍ਹਾਂ 'ਤੇ ਕਤਲ ਦੇ ਮਾਮਲੇ ਹਨ। ਪਿਛਲੇ 3 ਸਾਲਾਂ ਵਿਚ ਅਮਰੀਕਾ ਵਿਚ 13,099 ਕਾਤਲਾਂ ਨੂੰ ਰਿਹਾਅ ਕੀਤਾ ਗਿਆ ਹੈ। ਉਹ ਸੜਕਾਂ 'ਤੇ ਖੁੱਲ੍ਹੇਆਮ ਘੁੰਮ ਰਹੇ ਹਨ। ਉਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਨਾਲ ਘੁੰਮ ਰਹੇ ਹਨ। ਉਹ ਬਹੁਤ ਖ਼ਤਰਨਾਕ ਹਨ। ਤੁਸੀਂ ਆਪਣੇ ਦੇਸ਼ ਵਿੱਚ ਅਜਿਹੇ ਲੋਕਾਂ ਨੂੰ ਨਹੀਂ ਚਾਹੋਗੇ। ਮੈਂ ਇਹ ਕਹਿ ਰਿਹਾ ਹਾਂ ਕਿ ਸਾਨੂੰ ਅਪਰਾਧੀਆਂ ਨੂੰ ਦੇਸ਼ ਵਿਚੋਂ ਕੱਢਣਾ ਪਏਗਾ। ਸਾਨੂੰ ਮਾਨਸਿਕ ਸਿਹਤ ਸਹੂਲਤਾਂ ਤੋਂ ਕੱਢੇ ਗਏ ਲੋਕਾਂ ਨੂੰ ਘਰ ਵਾਪਸ ਭੇਜਣਾ ਪਏਗਾ, ਭਾਵੇਂ ਉਹ ਕਿਸੇ ਵੀ ਦੇਸ਼ ਤੋਂ ਹੋਣ।" ਟਰੰਪ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਦੇਸ਼ ਨਿਕਾਲੇ ਦੀ ਸੂਚੀ ਵਿਚ ਉਨ੍ਹਾਂ ਦੀ ਤਰਜੀਹ ਅਜਿਹੇ ਅਪਰਾਧੀਆਂ ਦੀ ਹੋਵੇਗੀ। ਸਭ ਤੋਂ ਪਹਿਲਾਂ ਅਸੀਂ ਅਪਰਾਧੀਆਂ 'ਤੇ ਕਾਰਵਾਈ ਕਰਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8