ਕੀ ਹੈ ਇੰਟਰਪੋਲ ਅਤੇ ਇਸ ਦੇ ਕੀ ਕੰਮ ਹਨ ?

08/13/2019 4:14:39 PM

ਲੰਡਨ (ਏਜੰਸੀ)- ਇੰਟਰਪੋਲ 192 ਮੈਂਬਰ ਦੇਸ਼ਾਂ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਕੌਮਾਂਤਰੀ ਪੁਲਸ ਸੰਗਠਨ ਹੈ। ਇਸ ਦੀ ਸਥਾਪਨਾ ਦਾ ਮੁੱਖ ਮਕਸਦ ਦੁਨੀਆ ਦੀ ਪੁਲਸ ਨੂੰ ਇੰਨਾ ਸਮਰੱਥ ਬਣਾਉਣਾ ਹੈ ਕਿ ਪੂਰੀ ਦੁਨੀਆ ਰਹਿਣ ਲਈ ਇਕ ਸੁਰੱਖਿਅਤ ਥਾਂ ਬਣ ਸਕੇ। ਇੰਟਰਪੋਲ ਦੀ ਸਥਾਪਨਾ 1923 ਵਿਚ ਕੀਤੀ ਗਈ ਸੀ ਅਤੇ ਇਸ ਦਾ ਮੁੱਖ ਦਫਤਰ ਫਰਾਂਸ ਵਿਚ ਸਥਿਤ ਹੈ। ਇਸ ਸੰਗਠਨ ਨੂੰ 1956 ਵਿਚ ਇੰਟਰਪੋਲ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਇੰਟਰਪੋਲ ਦਾ ਮੁੱਖ ਦਫਤਰ ਲਿਓਨ, ਫਰਾਂਸ ਵਿਚ ਸਥਿਤ ਹੈ ਅਤੇ ਇਸ ਦੇ ਮੌਜੂਦਾ ਚੇਅਰਮੈਨ ਮੇਂਗ ਹੋਂਗਵੇਈ ਹੈ।
ਕੀ ਕੰਮ ਹਨ ਇੰਟਰਪੋਲ ਦੇ?
ਇੰਟਰਪੋਲ 192 ਮੈਂਬਰ ਦੇਸ਼ਾਂ ਵਿਚ ਪੁਲਸ ਨੂੰ ਕੌਮਾਂਤਰੀ ਅਪਰਾਧ ਨਾਲ ਲੜਣ ਲਈ ਮਿਲ ਕੇ ਕੰਮ ਕਰਨ ਵਿਚ ਸਮਰੱਥ ਬਣਾਉਂਦਾ ਹੈ। ਇਹ ਮੁੱਖ ਤੌਰ 'ਤੇ ਤਿੰਨ ਤਰ੍ਹਾਂ ਦੇ ਅਪਰਾਧਾਂ ਲਈ ਆਪਣੀ ਪੁਲਸ ਮੁਹਾਰਤ ਅਤੇ ਸਮਰਥਤਾਵਾਂ ਦੀ ਵਰਤੋਂ ਕਰਦਾ ਹੈ। 
1 ਕਾਉਂਟਰ-ਅੱਤਵਾਦ
2 ਸਾਈਬਰ ਅਪਰਾਧ
3 ਸੰਗਠਿਤ ਅਪਰਾਧ
ਇੰਟਰਪੋਲ ਸਾਰੇ ਮੈਂਬਰ ਦੇਸ਼ਾਂ ਅਤੇ ਕੌਮਾਂਤਰੀ ਸੰਗਠਨਾਂ ਵਰਗੇ ਸੰਯੁਕਤ ਰਾਸ਼ਟਰ ਅਤੇ ਯੂਰਪੀ ਸੰਘ ਦੇ ਨਾਲ ਮਿਲ ਕੇ ਕੰਮ ਕਰਦਾ ਹੈ ਤਾਂ ਜੋ ਕੌਮਾਂਤਰੀ ਅਪਰਾਧ ਨਾਲ ਮੁਕਾਬਲਾ ਕੀਤਾ ਜਾ ਸਕੇ।
ਇਸ ਦੇ ਮੁੱਖ ਕੰਮਾਂ ਨੂੰ ਇਸ ਤਰ੍ਹਾਂ ਵੰਡਿਆ ਜਾ ਸਕਦਾ ਹੈ। 
ਸੰਸਾਰਕ ਪੁਲਸ ਸੰਚਾਰ ਸੇਵਾਵਾਂ ਦੀ ਸੁਰੱਖਿਆ ਕਰਨਾ
ਇੰਟਰਪੋਲ ਨੇ ਇਕ ਸੰਸਾਰਕ ਪੁਲਸ ਸੰਚਾਰ ਪ੍ਰਣਾਲੀ ਵਿਕਸਿਤ ਕੀਤੀ ਹੈ, ਜਿਸ ਨੂੰ 24x7 ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜੋ ਕਿ ਕਿਸੇ ਵੀ ਮੈਂਬਰ ਦੇਸ਼ ਨੂੰ ਸੁਰੱਖਿਅਤ ਤਰੀਕੇ ਨਾਲ ਡਾਟਾ ਪ੍ਰਾਪਤ ਕਰਨ, ਜਮ੍ਹਾਂ ਕਰਨ ਦੀ ਸਹੂਲਤ ਦਿੰਦਾ ਹੈ, ਸੰਪਰਕ ਬਿਊਰੋ ਲਿਆਸਨ ਬਿਊਰੋ ਇਸ ਪ੍ਰਣਾਲੀ ਨਾਲ ਜੁੜਿਆ ਹੈ ਅਤੇ ਕਿਸੇ ਦੇਸ਼ ਦੇ ਮੁੱਖ ਅਧਿਕਾਰੀ ਐਲ.ਬੀ. ਰਾਹੀਂ ਇੰਟਰਪੋਲ ਸੇਵਾਵਾਂ ਨੂੰ ਪ੍ਰਾਪਤ ਕਰ ਸਕਦੇ ਹਨ।
ਪੁਲਸ ਲਈ ਡਾਟਾ ਸੇਵਾਵਾਂ ਮੁਹੱਈਆ ਕਰਵਾਉਣਾ
ਪੁਲਸ ਲਈ ਆਪ੍ਰੇਸ਼ਨਲ ਡੇਟਾ ਸੇਵਾਵਾਂ ਅਤੇ ਡੇਟਾਬੇਸ 24x7 ਰਾਹੀਂ ਮੈਂਬਰ ਦੇਸ਼ਾਂ (ਆਰਮਡ ਫੋਰਸ ਸਣੇ) ਇਸ ਡੇਟਾ ਨੂੰ ਲੋੜ ਪੈਣ 'ਤੇ ਸਿੱਧੇ ਪ੍ਰਾਪਤ ਕਰ ਸਕਦੇ ਹਨ। ਇਸ ਵਿਚ ਗੁਆਚੇ ਹੋਏ ਯਾਤਰੀ ਦਸਤਾਵੇਜ਼, ਮੋਟਰ ਵਾਹਨ ਦੀ ਚੋਰੀ, ਖਾਸ ਪੇਂਟਿੰਗਜ਼ ਦੀ ਚੋਰੀ, ਡੀ.ਐਨ.ਏ. ਫਿੰਗਰਪ੍ਰਿੰਟ ਅਤੇ ਨਕਲੀ ਭੁਗਤਾਨ ਕਾਰਡ ਇਤਿਆਦਿ ਨਾਲ ਜੁੜੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। 
ਸੰਸਾਰਕ ਅਪਰਾਧੀਆਂ ਖਿਲਾਫ ਨੋਟਿਸ ਜਾਰੀ ਕਰਨਾ
ਇੰਟਰਪੋਲ ਵੀ ਕੌਮਾਂਤਰੀ ਸੂਚਨਾਵਾਂ ਦੀ ਇਕ ਪ੍ਰਣਾਲੀ ਰਾਹੀਂ ਅਪਰਾਧ ਨਾਲ ਸਬੰਧਿਤ ਡੇਟਾ ਨੂੰ ਫੈਲਾਉਂਦਾ ਹੈ। ਮੈਂਬਰ ਦੇਸ਼ਾਂ ਦੀਆਂ ਅਪੀਲਾਂ ਦੇ ਆਧਾਰ 'ਤੇ ਇੰਟਰਪੋਲ ਜਨਰਲ ਸਕੱਤਰੇਤ (ਆਈ.ਪੀ.ਐਸ.ਜੀ.) ਸੰਗਠਨ ਦੀਆਂ ਚਾਰ ਅਧਿਕਾਰਤ ਭਾਸ਼ਾਵਾਂ (ਅਰਬੀ, ਅੰਗਰੇਜ਼ੀ, ਫ੍ਰੈਂਚ ਅਤੇ ਸਪੈਨਿਸ਼) ਵਿਚ ਨੋਟਿਸ ਜਾਰੀ ਕਰਦਾ ਹੈ।
ਸੰਗਠਿਤ ਅਤੇ ਨਵੇਂ ਤਰ੍ਹਾਂ ਦੇ ਅਪਰਾਧ ਨੂੰ ਘੱਟ ਕਰਨਾ
ਸੰਗਠਿਤ ਅਪਰਾਧਾਂ, ਅਪਰਾਧਕ ਨੈਟਵਰਕ, ਨਾਜਾਇਜ਼ ਬਾਜ਼ਾਰਾਂ ਦਾ ਖਾਤਮਾ ਅਤੇ ਕਮਜ਼ੋਰ ਭਾਈਚਾਰਿਆਂ ਦੀ ਰੱਖਿਆ ਕਰਨਾ, ਤੁਰੰਤ ਅਤੇ ਵਿਉਂਤਬੰਦ ਸਹਾਇਤਾ ਰਾਹੀਂ ਕੌਮਾਂਤਰੀ ਸਰਹੱਦਾਂ ਨੂੰ ਪਾਰ ਕਰਨ ਵਾਲੇ ਭਗੌੜੇ ਅਪਰਾਧੀਆਂ ਨੂੰ ਲੱਭਣ ਅਤੇ ਗ੍ਰਿਫਤਾਰ (ਜਿਵੇਂ ਭਾਰਤ ਸਰਕਾਰ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਗ੍ਰਿਫਤਾਰ ਕਰਨ ਲਈ ਇੰਟਰਪੋਲ ਦੀ ਮਦਦ ਲੈ ਰਹੀ ਹੈ।) ਕਰਨਾ ਅਤੇ ਮਨੁੱਖੀ ਤਸਕਰੀ ਨੂੰ ਰੋਕਣਾ ਵੀ ਇੰਟਰਪੋਲ ਦੇ ਕੰਮਾਂ ਵਿਚ ਸ਼ਾਮਲ ਹੈ। ਇਸ ਤੋਂ ਇਲਾਵਾ ਇੰਟਰਪੋਲ ਦੇ ਕੰਮਾਂ ਵਿਚ ਕੌਮਾਂਤਰੀ ਅੱਤਵਾਦ ਦੇ ਖਿਲਾਫ ਸੰਸਾਰਕ ਇਕਜੁੱਟਤਾ ਬਣਾਉਣਾ ਅਤੇ ਰਸਾਇਣਕ, ਜੈਵਿਕ, ਰੇਡੀਓਲਾਜੀਕਲ, ਪ੍ਰਮਾਣੂੰ ਅਤੇ ਧਮਾਕਾਖੇਜ਼ ਖਤਰਿਆਂ ਨਾਲ ਨਜਿੱਠਣ ਦੇ ਉਪਾਅ ਕਰਨਾ ਸ਼ਾਮਲ ਹੈ।
ਸਾਈਬਰ ਅਪਰਾਧ ਤੋਂ ਵਿਸ਼ਵ ਵਿਚ ਉਭਰਦੀਆਂ ਹੋਈਆਂ ਚੁਣੌਤੀਆਂ ਦੀ ਪਛਾਣ ਕਰਨਾ, ਉਨ੍ਹਾਂ ਦੀ ਜਾਂਚ ਕਰਨਾ ਅਤੇ ਸਾਈਬਰ ਅਪਰਾਧ ਵਿਰੁੱਧ ਨਵੀਂ ਤਕਨੀਕ ਦਾ ਵਿਕਾਸ ਕਰਕੇ ਸਾਈਬਰ ਅਪਰਾਧ ਤੋਂ ਹੋਣ ਵਾਲੇ ਖਤਰਿਆਂ ਨਾਲ ਨਜਿੱਠਣ ਲਈ ਯੁਕਤੀ ਬਣਾਉਣਾ ਆਦਿ ਵੀ ਇਸ ਦੀ ਕਾਰਜਸ਼ੈਲੀ ਦਾ ਹਿੱਸਾ ਹੈ। 


Sunny Mehra

Content Editor

Related News