ਅਮਰੀਕਾ ਨੇ ਮਨਾਇਆ 250ਵਾਂ ਆਜ਼ਾਦੀ ਦਿਹਾੜਾ ! ਪੂਰੇ ਦੇਸ਼ ''ਚ ਜਸ਼ਨ ਦਾ ਮਾਹੌਲ

Sunday, Jul 05, 2026 - 10:10 AM (IST)

ਅਮਰੀਕਾ ਨੇ ਮਨਾਇਆ 250ਵਾਂ ਆਜ਼ਾਦੀ ਦਿਹਾੜਾ ! ਪੂਰੇ ਦੇਸ਼ ''ਚ ਜਸ਼ਨ ਦਾ ਮਾਹੌਲ

ਇੰਟਰਨੈਸ਼ਨਲ ਡੈਸਕ- ਅਮਰੀਕਾ ਨੇ ਸ਼ਨੀਵਾਰ ਨੂੰ ਆਪਣੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਇਤਿਹਾਸਕ ਉਤਸ਼ਾਹ ਨਾਲ ਮਨਾਈ। ਸਾਲ 1776 ’ਚ ਆਜ਼ਾਦੀ ਦੇ ਐਲਾਨ ’ਤੇ ਦਸਤਖਤ ਦੇ 250 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਆਯੋਜਿਤ ਇਸ ਵਿਸ਼ੇਸ਼ ਸਮਾਰੋਹ ਨੂੰ ਅਧਿਕਾਰਤ ਤੌਰ ’ਤੇ ‘ਸੈਮੀਕੁਇਨਸੈਂਟੇਨੀਅਲ’ ਨਾਂ ਦਿੱਤਾ ਗਿਆ ਹੈ। ਇਹ ਮੌਕਾ ਅਮਰੀਕੀ ਇਤਿਹਾਸ ਵਿਚ ਬੇਹੱਦ ਦੁਰਲੱਭ ਮੰਨਿਆ ਜਾਂਦਾ ਹੈ, ਕਿਉਂਕਿ ਅਜਿਹਾ ਆਯੋਜਨ ਹਰ 250 ਸਾਲਾਂ ’ਚ ਸਿਰਫ਼ ਇਕ ਵਾਰ ਆਉਂਦਾ ਹੈ। ਇਸ ਮੌਕੇ ਦੇਸ਼ ਦੇ ਸਾਰੇ 50 ਸੂਬਿਆਂ ਵਿਚ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਕੀ ਹੈ ‘ਸੈਮੀਕੁਇਨਸੈਂਟੇਨੀਅਲ’ ਦਾ ਅਰਥ ?
‘ਸੈਮੀਕੁਇਨਸੈਂਟੇਨੀਅਲ’ ਦਾ ਅਰਥ ਕਿਸੇ ਇਤਿਹਾਸਕ ਘਟਨਾ ਦੇ 250 ਸਾਲ ਪੂਰੇ ਹੋਣਾ ਹੈ। ਅਮਰੀਕਾ ਵਿਚ ਇਹ ਸ਼ਬਦ 4 ਜੁਲਾਈ 1776 ਨੂੰ ਫਿਲਾਡੈਲਫੀਆ ਵਿਚ 56 ਨੁਮਾਇੰਦਿਆਂ ਵੱਲੋਂ ਆਜ਼ਾਦੀ ਦੇ ਐਲਾਨਨਾਮੇ (ਡਿਕਲਾਰੇਸ਼ਨ ਆਫ਼ ਇੰਡੀਪੈਂਡੇਂਸ) ’ਤੇ ਦਸਤਖਤ ਕੀਤੇ ਜਾਣ ਦੀ 250ਵੀਂ ਵਰ੍ਹੇਗੰਢ ਲਈ ਵਰਤਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 1926 ਵਿਚ 150ਵੀਂ ਵਰ੍ਹੇਗੰਢ (ਸੈਸਕੁਇਸੈਂਟੇਨੀਅਲ) ਅਤੇ 1976 ਵਿਚ 200ਵੀਂ ਵਰ੍ਹੇਗੰਢ (ਬਾਈਸੈਂਟੇਨੀਅਲ) ਮਨਾਈ ਗਈ ਸੀ।

ਕਿਵੇਂ ਮਿਲੀ ਸੀ ਬ੍ਰਿਟੇਨ ਤੋਂ ਆਜ਼ਾਦੀ ?
ਅਮਰੀਕਾ ਦੀ ਆਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਫ੍ਰੈਂਚ ਅਤੇ ਇੰਡੀਅਨ ਜੰਗ ਤੋਂ ਬਾਅਦ ਹੋਈ, ਜਦੋਂ ਬ੍ਰਿਟੇਨ ਨੇ ਜੰਗ ਦਾ ਖਰਚਾ ਕੱਢਣ ਲਈ ਕਾਲੋਨੀਆਂ ’ਤੇ ਨਵੇਂ ਟੈਕਸ ਲਾਏ। ‘ਅਗਵਾਈ ਤੋਂ ਬਿਨਾਂ ਕੋਈ ਟੈਕਸ ਨਹੀਂ’ ਦੇ ਨਾਅਰੇ ਨਾਲ ਕਾਲੋਨੀਆਂ ’ਚ ਵਿਰੋਧ ਤੇਜ਼ ਹੋ ਗਿਆ। 1773 ਦੀ ਬੋਸਟਨ ਟੀ ਪਾਰਟੀ ਅਤੇ ਉਸ ਤੋਂ ਬਾਅਦ ਵਧਦੇ ਟਕਰਾਅ ਨੇ ਸੰਘਰਸ਼ ਨੂੰ ਜੰਗ ਦਾ ਰੂਪ ਦੇ ਦਿੱਤਾ। ਅਪ੍ਰੈਲ 1775 ਵਿਚ ਲੈਕਸਿੰਗਟਨ ਅਤੇ ਕਾਨਕਾਰਡ ਦੀਆਂ ਲੜਾਈਆਂ ਤੋਂ ਬਾਅਦ ਆਜ਼ਾਦੀ ਅੰਦੋਲਨ ਤੇਜ਼ ਹੋਇਆ ਅਤੇ 4 ਜੁਲਾਈ 1776 ਨੂੰ ਆਜ਼ਾਦੀ ਦਾ ਐਲਾਨ ਜਾਰੀ ਕੀਤਾ ਗਿਆ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਦਾ ਮਾਸਟਰਮਾਈਂਡ ਗੋਲਡੀ ਸਪੇਨ 'ਚ ਗ੍ਰਿਫ਼ਤਾਰ

 

ਇਤਿਹਾਸਕ ਸਮਾਗਮਾਂ ਦੀ ਲੜੀ
ਇਸ ਵਾਰ ਦੇ ਸਮਾਗਮ ਦਾ ਆਯੋਜਨ ਅਮਰੀਕੀ ਕਾਂਗਰਸ ਵੱਲੋਂ ਸਾਲ 2016 ਵਿਚ ਗਠਿਤ ਅਮਰੀਕਾ-250 ਕਮਿਸ਼ਨ ਦੀ ਦੇਖ-ਰੇਖ ਵਿਚ ਕੀਤਾ ਜਾ ਰਿਹਾ ਹੈ। ਪੂਰੇ ਦੇਸ਼ ਵਿਚ ਵਿਰਾਸਤੀ ਪ੍ਰਦਰਸ਼ਨੀਆਂ, ਫੌਜੀ ਪਰੇਡਾਂ, ਸੱਭਿਆਚਾਰਕ ਪ੍ਰੋਗਰਾਮ, ਨੇਵੀ ਆਯੋਜਨ, ਸੂਬਾ ਪੱਧਰੀ ਮੇਲੇ, ਯਾਦਗਾਰੀ ਸਿੱਕੇ ਜਾਰੀ ਕਰਨਾ ਅਤੇ ਇਤਿਹਾਸ ’ਤੇ ਆਧਾਰਿਤ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਫਿਲਾਡੈਲਫੀਆ, ਵਾਸ਼ਿੰਗਟਨ ਡੀ.ਸੀ., ਬੋਸਟਨ ਅਤੇ ਚਾਰਲਸਟਨ ਵਰਗੇ ਇਤਿਹਾਸਕ ਸ਼ਹਿਰ ਇਨ੍ਹਾਂ ਸਮਾਰੋਹਾਂ ਦੇ ਮੁੱਖ ਕੇਂਦਰ ਬਣੇ ਹੋਏ ਹਨ।

ਲੋਕਤੰਤਰ ਅਤੇ ਆਜ਼ਾਦੀ ਦੇ ਮੁੱਲਾਂ ਦਾ ਸੰਦੇਸ਼
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵਰ੍ਹੇਗੰਢ ਸਿਰਫ਼ ਇਕ ਇਤਿਹਾਸਕ ਘਟਨਾ ਦਾ ਜਸ਼ਨ ਨਹੀਂ ਹੈ, ਸਗੋਂ ਲੋਕਤੰਤਰ, ਆਜ਼ਾਦੀ ਅਤੇ ਸਵੈ-ਸ਼ਾਸਨ ਵਰਗੇ ਮੂਲ ਅਮਰੀਕੀ ਆਦਰਸ਼ਾਂ ’ਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਵੀ ਹੈ। ਇਹ ਸਮਾਰੋਹ ਦੇਸ਼ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਉਸ ਦੇ ਇਤਿਹਾਸ ਵਿਚ ਆਏ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸੰਘਰਸ਼ਾਂ ਨੂੰ ਵੀ ਯਾਦ ਕਰਨ ਦਾ ਜ਼ਰੀਆ ਬਣ ਰਿਹਾ ਹੈ।

ਅਮਰੀਕਾ ਲਈ ਇਤਿਹਾਸਕ ਪੜਾਅ ਬਣਿਆ 2026
250ਵੀਂ ਵਰ੍ਹੇਗੰਢ ਨੂੰ ਅਮਰੀਕਾ ਦੇ ਇਤਿਹਾਸ ਦਾ ਇਕ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੇਸ਼ 100ਵੀਂ, 150ਵੀਂ ਅਤੇ 200ਵੀਂ ਵਰ੍ਹੇਗੰਢ ਮਨਾ ਚੁੱਕਾ ਹੈ। ਹੁਣ 'ਸੈਮੀਕੁਇਨਸੈਂਟੇਨੀਅਲ' ਦੇ ਰੂਪ ਵਿਚ ਮਨਾਇਆ ਜਾ ਰਿਹਾ ਇਹ ਸਮਾਰੋਹ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਅਮਰੀਕੀ ਇਤਿਹਾਸ ਦੇ ਸਭ ਤੋਂ ਯਾਦਗਾਰੀ ਆਯੋਜਨਾਂ ਵਿਚ ਸ਼ਾਮਲ ਰਹੇਗਾ।

ਰਿਕਾਰਡ ਆਤਿਸ਼ਬਾਜ਼ੀ ਅਤੇ ਸੱਭਿਆਚਾਰਕ ਪ੍ਰੋਗਰਾਮ
ਆਜ਼ਾਦੀ ਦਿਹਾੜੇ ’ਤੇ ਅਮਰੀਕਾ ਵਿਚ ਹਰ ਸਾਲ ਹਜ਼ਾਰਾਂ ਆਤਿਸ਼ਬਾਜ਼ੀ ਪ੍ਰੋਗਰਾਮ ਆਯੋਜਿਤ ਹੁੰਦੇ ਹਨ ਪਰ ਇਸ ਵਾਰ ਦਾ ਆਯੋਜਨ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਦੱਸਿਆ ਜਾ ਰਿਹਾ ਹੈ। ਵੱਖ-ਵੱਖ ਸ਼ਹਿਰਾਂ ਵਿਚ ਵਿਸ਼ਾਲ ਆਤਿਸ਼ਬਾਜ਼ੀ, ਸੰਗੀਤ ਪ੍ਰੋਗਰਾਮ ਅਤੇ ਦੇਸ਼ ਭਗਤੀ ਨਾਲ ਜੁੜੇ ਸੱਭਿਆਚਾਰਕ ਆਯੋਜਨ ਹੋ ਰਹੇ ਹਨ। ਇਸ ਤੋਂ ਇਲਾਵਾ ਸਮਾਰੋਹਾਂ ਨੂੰ 2026 ਫੀਫਾ ਵਿਸ਼ਵ ਕੱਪ ਵਰਗੇ ਅੰਤਰਰਾਸ਼ਟਰੀ ਆਯੋਜਨਾਂ ਨਾਲ ਵੀ ਜੋੜਿਆ ਗਿਆ ਹੈ, ਜਿਸ ਕਾਰਨ ਵਿਸ਼ਵ ਪੱਧਰ ’ਤੇ ਵੀ ਇਸ ਦੀ ਚਰਚਾ ਹੈ।

ਇਹ ਵੀ ਪੜ੍ਹੋ- ਇਕ ਹਫ਼ਤੇ 'ਚ 2,000 ਮੌਤਾਂ ! ਜਾਨ ਕੱਢਣ ਲੱਗੀ ਗਰਮੀ, 'ਤੰਦੂਰ' ਵਾਂਗ ਤਪ ਗਿਆ ਪੂਰਾ ਯੂਰਪ

13 ਕਾਲੋਨੀਆਂ ਤੋਂ ਵਿਸ਼ਵ ਮਹਾਸ਼ਕਤੀ ਤੱਕ
ਆਜ਼ਾਦੀ ਦੇ ਐਲਾਨ ਸਮੇਂ ਅਮਰੀਕਾ ਵਿਚ ਸਿਰਫ਼ 13 ਬ੍ਰਿਟਿਸ਼ ਕਾਲੋਨੀਆਂ ਅਤੇ ਲੱਗਭਗ 40 ਲੱਖ ਦੀ ਆਬਾਦੀ ਸੀ। ਅੱਜ ਇਹ 50 ਸੂਬਿਆਂ ਵਾਲਾ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਦੇਸ਼ਾਂ ’ਚੋਂ ਇਕ ਹੈ, ਜਿਸ ਦੀ ਆਬਾਦੀ ਲੱਗਭਗ 34 ਕਰੋੜ ਤੱਕ ਪਹੁੰਚ ਚੁੱਕੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ 250ਵੀਂ ਵਰ੍ਹੇਗੰਢ ਅਮਰੀਕਾ ਦੇ ਵਿਕਾਸ, ਲੋਕਤੰਤਰੀ ਸੰਸਥਾਵਾਂ ਅਤੇ ਵਿਸ਼ਵ ਪੱਧਰੀ ਭੂਮਿਕਾ ਦੇ ਲੰਬੇ ਸਫ਼ਰ ਦਾ ਪ੍ਰਤੀਕ ਹੈ।

ਭਿਆਨਕ ਲੂ ਵਿਚਾਲੇ ਅਮਰੀਕਾ ਵਿਚ ਆਜ਼ਾਦੀ ਦਿਹਾੜੇ ਦੇ ਕਈ ਸਮਾਰੋਹ ਬਦਲੇ
ਅਮਰੀਕਾ ਦੇ ਆਜ਼ਾਦੀ ਦਿਹਾੜੇ ’ਤੇ ਕਈ ਸਮਾਰੋਹ ਇਸ ਵਾਰ ਭਿਆਨਕ ਗਰਮੀ ਦੀ ਲਪੇਟ ’ਚ ਆ ਗਏ। ਦੇਸ਼ ਦੇ ਮੱਧ ਅਤੇ ਪੂਰਬੀ ਹਿੱਸਿਆਂ ’ਚ ਪੈ ਰਹੀ ਤੇਜ਼ ਲੂ ਅਤੇ ਬਹੁਤ ਜ਼ਿਆਦਾ ਤਾਪਮਾਨ ਕਾਰਨ ਕਈ ਸ਼ਹਿਰਾਂ ਵਿਚ ਪਰੇਡ, ਸੱਭਿਆਚਾਰਕ ਪ੍ਰੋਗਰਾਮ, ਸੰਗੀਤ ਸਮਾਰੋਹ ਅਤੇ ਆਤਿਸ਼ਬਾਜ਼ੀ ਦੇ ਆਯੋਜਨਾਂ ਨੂੰ ਰੱਦ, ਮੁਲਤਵੀ ਜਾਂ ਸੋਧਿਆ ਕਰਨਾ ਪਿਆ। ਮੌਸਮ ਵਿਭਾਗ ਦੇ ਅਨੁਸਾਰ 18.5 ਕਰੋੜ ਤੋਂ ਵੱਧ ਲੋਕ ਹੀਟ ਅਲਰਟ ਦੇ ਦਾਇਰੇ ’ਚ ਹਨ। ਅਮਰੀਕੀ ਰਾਸ਼ਟਰੀ ਮੌਸਮ ਸੇਵਾ (ਐੱਨ. ਡਬਲਯੂ.ਐੱਸ.) ਨੇ ਚਿਤਾਵਨੀ ਦਿੱਤੀ ਹੈ ਕਿ ਕਈ ਇਲਾਕਿਆਂ ਵਿਚ ਹੀਟ ਇੰਡੈਕਸ 115 ਡਿਗਰੀ ਫਾਰਨਹੀਟ (ਲੱਗਭਗ 46 ਡਿਗਰੀ ਸੈਲਸੀਅਸ) ਤੱਕ ਪਹੁੰਚ ਗਿਆ ਹੈ। ਮਾਹਿਰਾਂ ਨੇ ਕਿਹਾ ਕਿ ਇੰਨੀ ਜ਼ਿਆਦਾ ਗਰਮੀ ਕਾਰਨ ਹੀਟ ਸਟ੍ਰੋਕ, ਸਰੀਰ ਵਿਚ ਪਾਣੀ ਦੀ ਕਮੀ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ।

ਵਾਸ਼ਿੰਗਟਨ ’ਚ ਮੁੱਖ ਆਯੋਜਨ ਹੋਇਆ ਪ੍ਰਭਾਵਿਤ
ਭਿਆਨਕ ਗਰਮੀ ਦਾ ਸਭ ਤੋਂ ਵੱਧ ਅਸਰ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਆਯੋਜਿਤ ‘ਗ੍ਰੇਟ ਅਮੈਰਿਕਨ ਸਟੇਟ ਫੇਅਰ’ ’ਤੇ ਪਿਆ, ਜੋ ਅਮਰੀਕਾ ਦੀ 250ਵੀਂ ਆਜ਼ਾਦੀ ਦੀ ਵਰ੍ਹੇਗੰਢ ਦੇ ਮੁੱਖ ਆਯੋਜਨਾਂ ਵਿਚ ਸ਼ਾਮਲ ਹੈ। ਤਾਪਮਾਨ 101 ਡਿਗਰੀ ਫਾਰਨਹੀਟ (ਲੱਗਭਗ 38 ਡਿਗਰੀ ਸੈਲਸੀਅਸ) ਪਹੁੰਚਣ ਤੋਂ ਬਾਅਦ ਪ੍ਰਬੰਧਕਾਂ ਨੇ ਸ਼ੁੱਕਰਵਾਰ ਦੁਪਹਿਰ ਨੂੰ ਮੇਲੇ ਨੂੰ ਅਸਥਾਈ ਰੂਪ ਵਿਚ ਬੰਦ ਕਰ ਦਿੱਤਾ। ਬਾਅਦ ਵਿਚ ਵਾਧੂ ਸੁਰੱਖਿਆ ਪ੍ਰਬੰਧਾਂ ਦੇ ਨਾਲ ਇਸ ਨੂੰ ਦੁਬਾਰਾ ਖੋਲ੍ਹਿਆ ਗਿਆ।

ਲੋਕਾਂ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧ
ਪ੍ਰਬੰਧਕਾਂ ਨੇ ਪ੍ਰੋਗਰਾਮ ਵਾਲੀ ਥਾਂ ’ਤੇ ਕੂਲਿੰਗ ਟੈਂਟ, ਪਾਣੀ ਦੇ ਫੁਹਾਰੇ ਵਾਲੇ ਸਟੇਸ਼ਨ ਅਤੇ ਛਾਂਦਾਰ ਆਰਾਮ ਘਰ ਬਣਾਏ। ਮੌਸਮ ਵਿਗਿਆਨੀਆਂ ਅਨੁਸਾਰ ਇਸ ਅਸਧਾਰਨ ਗਰਮੀ ਦਾ ਕਾਰਨ ‘ਹੀਟ ਡੋਮ’ ਹੈ। ਇਹ ਉੱਚ ਹਵਾ ਦੇ ਦਬਾਅ ਦੀ ਇਕ ਅਜਿਹੀ ਪ੍ਰਣਾਲੀ ਹੁੰਦੀ ਹੈ, ਜੋ ਗਰਮ ਹਵਾ ਨੂੰ ਇਕ ਵੱਡੇ ਖੇਤਰ ਵਿਚ ਫਸਾ ਦਿੰਦੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ, ਬਜ਼ੁਰਗਾਂ, ਬੱਚਿਆਂ ਅਤੇ ਬੀਮਾਰ ਲੋਕਾਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- 'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ ਬਣਾ'ਤੀ ਜ਼ਿੰਦਗੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News