ਈਰਾਨ ਦੇ 14-ਨੁਕਾਤੀ ਸ਼ਾਂਤੀ ਪ੍ਰਸਤਾਵ ''ਤੇ ਅਮਰੀਕਾ ਦਾ ਜਵਾਬ; ਪਾਕਿਸਤਾਨ ਰਾਹੀਂ ਪਹੁੰਚਿਆ ਅਹਿਮ ਸੰਦੇਸ਼
Sunday, May 03, 2026 - 11:21 PM (IST)
ਤੇਹਰਾਨ : ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਭਾਰੀ ਤਣਾਅ ਦਰਮਿਆਨ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਈਰਾਨ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਆਪਣੇ ਵੱਲੋਂ ਭੇਜੇ ਗਏ 14-ਨੁਕਾਤੀ ਸ਼ਾਂਤੀ ਪ੍ਰਸਤਾਵ 'ਤੇ ਅਮਰੀਕਾ ਦਾ ਜਵਾਬ ਮਿਲ ਗਿਆ ਹੈ।
ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਈਰਾਨੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੀਕਾ ਨੇ ਆਪਣੀ ਰਾਏ ਪਾਕਿਸਤਾਨ ਰਾਹੀਂ ਈਰਾਨ ਤੱਕ ਪਹੁੰਚਾਈ ਹੈ। ਦੱਸਣਯੋਗ ਹੈ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਸਿੱਧੇ ਸਬੰਧ ਨਾ ਹੋਣ ਕਾਰਨ ਪਾਕਿਸਤਾਨ ਅਕਸਰ ਦੋਵਾਂ ਦੇਸ਼ਾਂ ਵਿਚਾਲੇ ਇੱਕ ਕੜੀ ਵਜੋਂ ਕੰਮ ਕਰਦਾ ਹੈ। ਬੁਲਾਰੇ ਅਨੁਸਾਰ ਈਰਾਨ ਇਸ ਵੇਲੇ ਅਮਰੀਕਾ ਵੱਲੋਂ ਭੇਜੇ ਗਏ ਇਸ ਜਵਾਬ ਦੀ ਬਾਰੀਕੀ ਨਾਲ ਸਮੀਖਿਆ ਕਰ ਰਿਹਾ ਹੈ।
ਬੁਲਾਰੇ ਨੇ ਸਪੱਸ਼ਟ ਕੀਤਾ ਕਿ ਈਰਾਨ ਦਾ ਇਹ 14-ਨੁਕਾਤੀ ਪਲਾਨ ਪੂਰੀ ਤਰ੍ਹਾਂ ਖੇਤਰੀ ਜੰਗ ਨੂੰ ਖ਼ਤਮ ਕਰਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਇਸ ਮੌਜੂਦਾ ਪੜਾਅ 'ਤੇ ਇਨ੍ਹਾਂ ਗੱਲਬਾਤਾਂ ਵਿੱਚ ਪ੍ਰਮਾਣੂ ਗੱਲਬਾਤ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਇਸ ਘਟਨਾਕ੍ਰਮ ਨੂੰ ਖੇਤਰ ਵਿੱਚ ਵਧ ਰਹੀ ਹਿੰਸਾ ਅਤੇ ਜੰਗੀ ਮਾਹੌਲ ਨੂੰ ਠੰਢਾ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਹੁਣ ਦੁਨੀਆ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਈਰਾਨ ਇਸ ਜਵਾਬ ਤੋਂ ਬਾਅਦ ਅਗਲਾ ਕੀ ਕਦਮ ਚੁੱਕਦਾ ਹੈ।
