ਅਮਰੀਕੀ ਫ਼ੌਜਾਂ ਨੇ ਵੈਨੇਜ਼ੁਏਲਾ ਨਾਲ ਸਬੰਧਤ 7ਵੇਂ ਪਾਬੰਦੀਸ਼ੁਦਾ ਟੈਂਕਰ ਨੂੰ ਕੀਤਾ ਜ਼ਬਤ
Thursday, Jan 22, 2026 - 02:54 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਨੇ ਵੈਨੇਜ਼ੁਏਲਾ ਦੇ ਤੇਲ ’ਤੇ ਕੰਟਰੋਲ ਦੀਆਂ ਆਪਣੀਆਂ ਵਿਆਪਕ ਕੋਸ਼ਿਸ਼ਾਂ ਦੇ ਤਹਿਤ ਦੱਖਣੀ ਅਮਰੀਕੀ ਦੇਸ਼ ਨਾਲ ਸਬੰਧਤ 7ਵੇਂ ਤੇਲ ਟੈਂਕਰ ਨੂੰ ਜ਼ਬਤ ਕਰ ਲਿਆ ਹੈ। ਅਮਰੀਕੀ ਦੱਖਣੀ ਕਮਾਂਡ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਫ਼ੌਜੀਆਂ ਨੇ ਲਾਈਬੇਰੀਆ ਦੇ ਝੰਡੇ ਵਾਲੇ ਟੈਂਕਰ ‘ਸਗੀਟਾ’ ਨੂੰ ‘ਬਿਨਾਂ ਕਿਸੇ ਰੁਕਾਵਟ ਦੇ’ ਫੜ ਲਿਆ।
ਇਹ ਟੈਂਕਰ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਰੀਬੀਆਈ ਖੇਤਰ ਵਿਚ ਪਾਬੰਦੀਸ਼ੁਦਾ ਜਹਾਜ਼ਾਂ ’ਤੇ ਲਾਏ ਗਏ ਹੁਕਮਾਂ ਦੀ ਉਲੰਘਣਾ ਕਰ ਰਿਹਾ ਸੀ। ਫ਼ੌਜੀ ਕਮਾਂਡ ਨੇ ਇਹ ਨਹੀਂ ਦੱਸਿਆ ਕਿ ਕੀ ਟੈਂਕਰ ਨੂੰ ਅਮਰੀਕੀ ਕੋਸਟ ਗਾਰਡ ਨੇ ਕਬਜ਼ੇ ਵਿਚ ਲਿਆ ਹੈ। ਅਮਰੀਕੀ ਵਿੱਤ ਮੰਤਰਾਲੇ ਨੇ ਇਸ ਟੈਂਕਰ ’ਤੇ 2022 ਵਿਚ ਯੂਕ੍ਰੇਨ ’ਤੇ ਰੂਸ ਦੇ ਹਮਲੇ ਨਾਲ ਸਬੰਧਤ ਇਕ ਸਰਕਾਰੀ ਹੁਕਮ ਦੇ ਤਹਿਤ ਪਾਬੰਦੀਆਂ ਲਾਈਆਂ ਸਨ। ਦੱਖਣੀ ਕਮਾਂਡ ਦੇ ਅਨੁਸਾਰ, ਜਹਾਜ਼ ਨੇ ਵੈਨੇਜ਼ੁਏਲਾ ਤੋਂ ਤੇਲ ਲਿਆ ਸੀ।
