ਵੀਜ਼ਾ ਸਖ਼ਤੀ ਕਰ ਬੁਰੇ ਫਸੇ PM ਟਰੂਡੋ, ਹੁਣ ਯੂਨੀਵਰਸਿਟੀਆਂ ਨੇ ਵੀ ਲਾਈ ਫਟਕਾਰ

Thursday, Sep 26, 2024 - 11:58 AM (IST)

ਟੋਰਾਂਟੋ- ਕੈਨੇਡਾ ਵਿੱਚ ਵੀਜ਼ਾ ਪਾਬੰਦੀਆਂ ਕਾਰਨ ਵਿਦੇਸ਼ੀ ਵਿਦਿਆਰਥੀਆਂ ਖਾਸ ਕਰ ਕੇ ਭਾਰਤੀ ਵਿਦਿਆਰਥੀਆਂ ਨੇ ਇੱਥੇ ਦਾਖ਼ਲਾ ਲੈਣਾ ਘਟਾ ਦਿੱਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਲਾਈਆਂ ਜਾ ਰਹੀਆਂ ਪਾਬੰਦੀਆਂ ਕਾਰਨ ਕੈਨੇਡੀਅਨ ਯੂਨੀਵਰਸਿਟੀਆਂ ਅਤੇ ਕਾਲਜ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਵੀਜ਼ਾ ਨਿਯਮਾਂ ਨੂੰ ਸਖ਼ਤ ਰੱਖਿਆ ਗਿਆ ਤਾਂ ਇਸ ਨਾਲ ਕੈਨੇਡਾ ਦੇ ਅਕਸ ਨੂੰ ਢਾਹ ਲੱਗ ਸਕਦੀ ਹੈ, ਜਿਸ ਨੂੰ ਪੜ੍ਹਾਈ ਲਈ ਬਿਹਤਰ ਮੰਜ਼ਿਲ ਵਜੋਂ ਜਾਣਿਆ ਜਾਂਦਾ ਹੈ।

ਦਰਅਸਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਆਉਣ ਵਾਲੇ ਦੋ ਸਾਲਾਂ 'ਚ ਦਾਖਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 'ਚ 10 ਫ਼ੀਸਦੀ ਦੀ ਕਮੀ ਆਵੇਗੀ। ਸਿਰਫ਼ 4,37,000 ਸਟੱਡੀ ਪਰਮਿਟ ਜਾਰੀ ਕੀਤੇ ਜਾਣਗੇ। ਉਨ੍ਹਾਂ ਨੇ 'ਪੋਸਟ-ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ' ਲਈ ਯੋਗਤਾ ਦੇ ਮਾਪਦੰਡਾਂ ਨੂੰ ਵੀ ਸਖ਼ਤ ਕਰ ਦਿੱਤਾ ਹੈ, ਜੋ ਲੋਕਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਮਿਲਰ ਨੇ ਕਿਹਾ ਕਿ ਰਾਜਾਂ ਵਿਚ ਮੌਜੂਦ ਕਾਲਜਾਂ ਨੂੰ ਵਿੱਤੀ ਤੌਰ 'ਤੇ ਘੱਟ ਸਹਾਇਤਾ ਦਿੱਤੀ ਜਾਂਦੀ ਸੀ, ਪਰ ਹੁਣ ਉਨ੍ਹਾਂ ਨੂੰ ਖੁਦ ਇਸ ਦਾ ਹੱਲ ਕੱਢਣਾ ਪਵੇਗਾ ।

ਕੈਨੇਡਾ 'ਚ ਵਿਦੇਸ਼ੀ ਵਿਦਿਆਰਥੀਆਂ 'ਤੇ ਪਾਬੰਦੀਆਂ ਦਾ ਕਾਰਨ?

2018 ਤੋਂ 2023 ਤੱਕ 15 ਲੱਖ ਵਿਦੇਸ਼ੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਨ ਲਈ ਆਏ। ਵਿਦਿਆਰਥੀਆਂ ਨੇ ਓਟਾਵਾ, ਟੋਰਾਂਟੋ ਵਰਗੇ ਸ਼ਹਿਰਾਂ ਦੇ ਕਾਲਜਾਂ ਵਿੱਚ ਦਾਖ਼ਲਾ ਤਾਂ ਲਿਆ, ਪਰ ਕੁਝ ਦੂਰ-ਦੁਰਾਡੇ ਕਸਬਿਆਂ ਦੇ ਕਾਲਜਾਂ ਵਿੱਚ ਵੀ ਵਿਦੇਸ਼ੀ ਵਿਦਿਆਰਥੀ ਦਾਖ਼ਲ ਹੋਏ। ਵਿਦੇਸ਼ੀ ਵਿਦਿਆਰਥੀਆਂ ਦੇ ਰਹਿਣ ਲਈ ਮਕਾਨਾਂ ਦੀ ਗਿਣਤੀ ਘੱਟ ਹੋਣ ਕਾਰਨ ਰਿਹਾਇਸ਼ੀ ਸੰਕਟ ਪੈਦਾ ਹੋ ਗਿਆ। ਇਸ ਦੇ ਨਾਲ ਹੀ ਹੈਲਥਕੇਅਰ 'ਤੇ ਵੀ ਦਬਾਅ ਬਣ ਗਿਆ, ਕਿਉਂਕਿ ਇਹ ਬਹੁਤ ਸਾਰੇ ਲੋਕਾਂ ਦਾ ਇਲਾਜ ਕਰਨ ਲਈ ਕਾਫੀ ਨਹੀਂ ਸੀ। ਕਾਲਜਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ ਤੋਂ ਵੀ ਭਾਰੀ ਆਮਦਨ ਹੋ ਰਹੀ ਸੀ, ਕਿਉਂਕਿ ਉਹ ਘਰੇਲੂ ਵਿਦਿਆਰਥੀਆਂ ਨਾਲੋਂ ਚਾਰ ਗੁਣਾ ਵੱਧ ਫੀਸਾਂ ਦੇ ਰਹੇ ਸਨ। ਕੁਝ ਕਾਲਜਾਂ ਵਿੱਚ ਅਜਿਹੇ ਕੋਰਸਾਂ ਵਿੱਚ ਦਾਖ਼ਲਾ ਦਿੱਤਾ ਗਿਆ ਜਿਨ੍ਹਾਂ ਦੀ ਪੜ੍ਹਾਈ ਦਾ ਕੋਈ ਬਹੁਤਾ ਲਾਭ ਨਹੀਂ ਸੀ। ਹਾਲਾਂਕਿ ਫਿਰ ਕੈਨੇਡਾ ਦੀ ਆਰਥਿਕਤਾ ਵਿਗੜ ਗਈ ਅਤੇ ਰਿਹਾਇਸ਼ੀ ਸੰਕਟ ਵੀ ਵਧਣ ਲੱਗਾ। ਲੋਕਾਂ ਨੇ ਫਿਰ ਹੌਲੀ-ਹੌਲੀ ਪ੍ਰਵਾਸੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ, ਸਰਕਾਰ ਨੂੰ ਜਲਦਬਾਜ਼ੀ ਵਿੱਚ ਸਟੱਡੀ ਪਰਮਿਟਾਂ 'ਤੇ ਸੀਮਾ ਲਗਾਉਣੀ ਪਈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਸਖ਼ਤੀ ਤੋਂ ਬਾਅਦ ਡੌਂਕੀ ਬਾਜ਼ਾਰ ਮੁੜ ਸਰਗਰਮ, ਇੰਝ ਭੇਜੇ ਜਾ ਰਹੇ ਵਿਦੇਸ਼

ਵੀਜ਼ਾ ਪਾਬੰਦੀਆਂ 'ਤੇ ਯੂਨੀਵਰਸਿਟੀਆਂ ਨੇ ਕਹੀਆਂ ਇਹ ਗੱਲਾਂ

ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਦੇਸ਼ ਦੀਆਂ 97 ਜਨਤਕ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੀ ਰਾਸ਼ਟਰੀ ਸੰਸਥਾ, ਯੂਨੀਵਰਸਿਟੀਜ਼ ਕੈਨੇਡਾ ਦੇ ਪ੍ਰਧਾਨ,ਗੈਬਰੀਅਲ ਮਿਲਰ ਨੇ ਕਿਹਾ, "ਇੱਕ ਦੇਸ਼ ਵਜੋਂ ਕੋਈ ਸਵਾਲ ਨਹੀਂ ਹੈ, ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਕੋਲ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਅਤੇ ਉਨ੍ਹਾਂ ਦੇ ਵਸਣ ਲਈ ਰਿਹਾਇਸ਼, ਬੁਨਿਆਦੀ ਢਾਂਚਾ ਅਤੇ ਸੇਵਾਵਾਂ ਹੋਣੀਆਂ ਚਾਹੀਦੀਆਂ ਹਨ।" ਉਸ ਨੇ ਕਿਹਾ,"ਹਾਲਾਂਕਿ ਮੌਜੂਦਾ ਉਪਾਵਾਂ ਨੇ ਯੂਨੀਵਰਸਿਟੀਆਂ ਨੂੰ ਭੂਚਾਲ ਵਾਂਗ ਝਟਕਾ ਦਿੱਤਾ ਹੈ।"

ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦਿਵਾਉਣ ਵਿੱਚ ਮਦਦ ਕਰਨ ਵਾਲੀ ਇੱਕ ਸੰਸਥਾ ApplyBoard ਦੇ ਸੀ.ਈ.ਓ ਮੇਤੀ ਬਸੀਰੀ ਨੇ ਕਿਹਾ ਕਿ ਕੈਨੇਡਾ ਦੀ ਵਿਸ਼ਵਵਿਆਪੀ ਸਾਖ ਅਸਲ ਵਿੱਚ ਉਤਰਾਅ-ਚੜ੍ਹਾਅ ਵਿਚ ਹੈ। ਅਸੀਂ ਇਕ ਦਹਾਕੇ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਹੇ ਹਾਂ, ਪਰ ਹੁਣ ਅਸੀਂ ਤੀਜੇ ਨੰਬਰ 'ਤੇ ਹਾਂ। ਅਮਰੀਕਾ ਅਤੇ ਬ੍ਰਿਟੇਨ ਸਾਡੇ ਤੋਂ ਅੱਗੇ ਹਨ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਚੁੱਕੇ ਕਦਮਾਂ ਕਾਰਨ ਜਿਹੜੇ ਵਿਦਿਆਰਥੀ ਆਪਣੇ ਜੀਵਨ ਸਾਥੀ ਨਾਲ ਆਉਣੇ ਸਨ, ਉਨ੍ਹਾਂ ਨੇ ਇੱਥੇ ਆਉਣਾ ਬੰਦ ਕਰ ਦਿੱਤਾ ਹੈ। ਹਾਲਾਂਕਿ, ਉਸਨੇ ਵਿਦਿਆਰਥੀਆਂ ਤੋਂ ਪਾਰਦਰਸ਼ਤਾ ਦੀ ਉਮੀਦ ਕੀਤੀ ਹੈ।

ਕਾਲਜਿਜ਼ ਐਂਡ ਇੰਸਟੀਚਿਊਟ ਕੈਨੇਡਾ ਦੇ ਪ੍ਰਧਾਨ ਪੈਰੀ ਜੌਹਨਸਟੋਨ ਨੇ ਕਿਹਾ ਕਿ ਜਨਵਰੀ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦਾ ਪੇਂਡੂ ਜਾਂ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਥਿਤ ਕਾਲਜਾਂ 'ਤੇ ਕਾਫ਼ੀ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ, "ਉਨ੍ਹਾਂ ਨੂੰ ਆਪਣੇ ਕੋਰਸ ਘਟਾਉਣੇ ਪਏ ਹਨ, ਨਵੇਂ ਪ੍ਰੋਫੈਸਰਾਂ ਦੀ ਭਰਤੀ ਨੂੰ ਰੋਕਣਾ ਪਿਆ ਹੈ, ਕਾਲਜ ਵਿੱਚ ਚੱਲ ਰਹੇ ਕੰਮ ਨੂੰ ਰੋਕਣਾ ਪਿਆ ਹੈ ਅਤੇ ਵਿਦਿਆਰਥੀਆਂ ਦੇ ਰਹਿਣ ਲਈ ਜੋ ਪ੍ਰਬੰਧ ਕੀਤੇ ਜਾ ਰਹੇ ਸਨ, ਉਹ ਬੰਦ ਕਰ ਦਿੱਤੇ ਗਏ ਹਨ।" ਬ੍ਰਿਟਿਸ਼ ਕੋਲੰਬੀਆ ਦੀ ਫਰੇਜ਼ਰ ਵੈਲੀ ਯੂਨੀਵਰਸਿਟੀ ਦੇ ਇਕ ਸਹਾਇਕ ਪ੍ਰੋਫੈਸਰ ਨੇ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ 'ਤੇ ਮੌਜੂਦਾ ਸਮੇਂ 'ਚ ਲਗਾਈਆਂ ਗਈਆਂ ਪਾਬੰਦੀਆਂ ਘੱਟ ਰਣਨੀਤਕ ਅਤੇ ਸਿਆਸੀ ਤੌਰ 'ਤੇ ਜ਼ਿਆਦਾ ਪ੍ਰੇਰਿਤ ਜਾਪਦੀਆਂ ਹਨ। ਉਨ੍ਹਾਂ ਕਿਹਾ, "ਉਹ (ਟਰੂਡੋ ਸਰਕਾਰ) ਇਮੀਗ੍ਰੇਸ਼ਨ ਬਾਰੇ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦੇ ਹੱਲ ਲਈ ਇਹ ਸਾਰੇ ਕਦਮ ਚੁੱਕ ਰਹੇ ਹਨ। ਉਹ ਕੈਨੇਡਾ ਵਿੱਚ ਰਹਿਣਾ ਹੋਰ ਵੀ ਔਖਾ ਬਣਾ ਰਹੇ ਹਨ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News