ਕੋਰੋਨਾ ਆਫ਼ਤ : ਦੁਨੀਆ ਭਰ ''ਚ 1 ਕਰੋੜ ਬੱਚੇ ਨਹੀਂ ਪਰਤ ਸਕਣਗੇ ਸਕੂਲ

07/13/2020 6:08:44 PM

ਸੰਯੁਕਤ ਰਾਸ਼ਟਰ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾਵਾਇਰਸ ਮਹਾਮਾਰੀ ਨੇ ਦੁਨੀਆ ਦੇ ਹਰ ਖੇਤਰ ਅਤੇ ਉਮਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਤੱਕ ਕਰੋੜਾਂ ਲੋਕ ਇਸ ਬੀਮਾਰੀ ਨਾਲ ਪੀੜਤ ਹੋਏ ਹਨ ਅਤੇ ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ।  ਹਰੇਕ ਦੇਸ਼ ਦੀ ਅਰਥਵਿਵਸਥਾ ਦੇ ਨਾਲ-ਨਾਲ ਇਸ ਮਹਾਮਾਰੀ ਨੇ ਬੱਚਿਆਂ ਦੇ ਭਵਿੱਖ 'ਤੇ ਵੀ ਅਸਰ ਪਾਇਆ ਹੈ। ਬੱਚਿਆਂ ਲਈ ਕੰਮ ਕਰਨ ਵਾਲੀ ਸੰਸਥਾ ਸੇਵ ਦੀ ਚਿਲਡਰਨ ਸੰਸਥਾ ਨੇ ਇਸ ਸਬੰਧ ਵਿਚ ਆਪਣੀ ਇਕ ਰਿਪੋਰਟ ਤਿਆਰ ਕੀਤੀ ਹੈ। ਰਿਪੋਰਟ ਵਿਚ ਹੇਠ ਲਿਖੇ ਖੁਲਾਸੇ ਕੀਤੇ ਗਏ ਹਨ।

1.6 ਅਰਬ ਬੱਚੇ ਸਕੂਲ ਅਤੇ ਯੂਨੀਵਰਸਿਟੀ ਨਹੀਂ ਜਾ ਸਕੇ
ਇਸ ਰਿਪੋਰਟ ਵਿਚ ਸੰਯੁਕਤ ਰਾਸ਼ਟਰ ਦੇ ਡਾਟਾ ਦਾ ਹਵਾਲਾ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਅਪ੍ਰੈਲ 2020 ਵਿਚ ਦੁਨੀਆ ਭਰ ਵਿਚ 1.6 ਅਰਬ ਬੱਚੇ ਸਕੂਲ ਅਤੇ ਯੂਨੀਵਰਸਿਟੀ ਨਹੀਂ ਜਾ ਸਕੇ। ਇਹ ਦੁਨੀਆ ਦੇ ਕੁੱਲ ਵਿਦਿਆਰਥੀਆਂ ਦਾ 90 ਫੀਸਦੀ ਹਿੱਸਾ ਹੈ। ਰਿਪੋਰਟ ਵਿਚ ਲਿਖਿਆ ਗਿਆ ਕਿ ਮਨੁੱਖੀ ਇਤਿਹਾਸ ਵਿਚ ਪਹਿਲੀ ਵਾਰ ਗਲੋਬਲ ਪੱਧਰ 'ਤੇ ਬੱਚਿਆਂ ਦੀ ਇਕ ਪੂਰੀ ਪੀੜ੍ਹੀ ਦੀ ਸਿੱਖਿਆ ਪ੍ਰਣਾਲੀ ਪ੍ਰਭਾਵਿਤ ਹੋਈ। ਇਸ ਦੇ ਨਤੀਜੇ ਵਜੋਂ ਜਿਹੜੀ ਆਰਥਿਕ ਤੰਗੀ ਦੇਖੀ ਜਾਵੇਗੀ ਉਸ ਦੇ ਕਾਰਨ ਆਉਣ ਵਾਲੇ ਸਮੇਂ ਵਿਚ ਸਕੂਲਾਂ ਵਿਚ ਹੋਣ ਵਾਲੇ ਦਾਖਲੇ 'ਤੇ ਬੁਰਾ ਅਸਰ ਪਵੇਗਾ।

11 ਕਰੋੜ ਬੱਚਿਆਂ 'ਤੇ ਗਰੀਬੀ ਦਾ ਖਤਰਾ
ਇੰਨਾ ਹੀ ਨਹੀਂ ਰਿਪੋਰਟ ਦੇ ਮੁਤਾਬਕ ਹੁਣ 9 ਤੋਂ 11 ਕਰੋੜ ਬੱਚਿਆਂ ਦੇ ਗਰੀਬੀ ਵਿਚ ਚਲੇ ਜਾਣ ਦਾ ਖਤਰਾ ਹੋਰ ਵੀ ਵੱਧ ਗਿਆ ਹੈ। ਨਾਲ ਹੀ ਪਰਿਵਾਰਾਂ ਦੀ ਆਰਥਿਕ ਰੂਪ ਨਾਲ ਮਦਦ ਕਰਨ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਛੱਡ ਕੇ ਛੋਟੀ ਉਮਰ ਵਿਚ ਹੀ ਨੌਕਰੀਆਂ ਸ਼ੁਰੂ ਕਰਨੀਆਂ ਪੈਣਗੀਆਂ।ਅਜਿਹੀ ਸਥਿਤੀ ਵਿਚ ਕੁੜੀਆਂ ਦਾ ਜਲਦੀ ਵਿਆਹ ਵੀ ਕਰਵਾਇਆ ਜਾਵੇਗਾ ਅਤੇ ਕਰੀਬ 1 ਕਰੋੜ ਵਿਦਿਆਰਥੀ ਕਦੇ ਸਿੱਖਿਆ ਹਾਸਲ ਕਰਨ ਵੱਲ ਦੁਬਾਰਾ ਪਰਤ ਨਹੀਂ ਸਕਣਗੇ। ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਵਿਚ 2021 ਦੇ ਅਖੀਰ ਤੱਕ ਸਿੱਖਿਆ ਬਜਟ ਵਿਚ 77 ਅਰਬ ਡਾਲਰ ਦੀ ਕਮੀ ਆਵੇਗੀ।

1 ਕਰੋੜ ਬੱਚੇ ਸਿੱਖਿਆ ਤੋਂ ਰਹਿ ਜਾਣਗੇ ਵਾਂਝੇ
ਸੇਵ ਦੀ ਚਿਲਡਰਨ ਦੀ ਸੀ.ਈ.ਓ. ਏਸ਼ਿੰਗ ਦੱਸਦੀ ਹੈ ਕਿ ਕਰੀਬ 1 ਕਰੋੜ ਬੱਚੇ ਕਦੇ ਸਕੂਲ ਨਹੀਂ ਪਰਤ ਸਕਣਗੇ। ਇਹ ਇਕ ਬੇਮਿਸਾਲ ਸਿੱਖਿਆ ਸੰਕਟਕਾਲ ਹੈ ਅਤੇ ਸਰਕਾਰਾਂ ਨੂੰ ਤੁਰੰਤ ਸਿੱਖਿਆ ਵਿਚ ਨਿਵੇਸ਼ ਕਰਨ ਦੀ ਲੋੜ ਹੈ। ਸੇਵ ਦੀ ਚਿਲਡਰਨ ਨੇ ਸਰਕਾਰਾਂ ਅਤੇ ਦਾਨ ਕਰਤਾਵਾਂ ਨੂੰ ਅਪੀਲ ਕੀਤੀ ਹੈ ਕਿ ਸਕੂਲਾਂ ਦੇ ਦੁਬਾਰਾ ਖੁੱਲ੍ਹਣ ਦੇ ਬਾਅਦ ਉਹ ਸਿੱਖਿਆ ਵਿਚ ਹੋਰ ਨਿਵੇਸ਼ ਕਰਨ ਅਤੇ ਉਦੋਂ ਤੱਕ ਡਿਸਟੈਂਸ ਲਰਨਿੰਗ ਨੂੰ ਉਤਸ਼ਾਹਿਤ ਕਰਨ।

ਪਹਿਲਾਂ ਹੀ ਬੱਚੇ ਹਾਸ਼ੀਏ 'ਤੇ
ਏਸ਼ਿੰਗ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਗਰੀਬ ਬੱਚਿਆਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਉਹ ਪਹਿਲਾਂ ਹੀ ਹਾਸ਼ੀਏ 'ਤੇ ਸਨ। ਇਸ ਵਿਚ ਪਿਛਲੇ ਅੱਧੇ ਅਕਾਦਮਿਕ ਸਾਲ ਤੋਂ ਡਿਸਟੈਂਸ ਲਰਨਿੰਗ ਜਾਂ ਕਿਸੇ ਵੀ ਤਰ੍ਹਾਂ ਨਾਲ ਸਿੱਖਿਆ ਤੱਕ ਉਹਨਾਂ ਦੀ ਪਹੁੰਚ ਹੀ ਨਹੀਂ ਹੈ। ਉਹਨਾਂ ਨੇ ਲੈਣਦਾਰਾਂ ਤੋਂ ਘੱਟ ਆਮਦਨ ਵਾਲੇ ਦੇਸ਼ਾਂ ਦੇ ਲਈ ਕਰਜ਼ ਚੁਕਾਉਣ ਦੀ ਸੀਮਾ ਨੂੰ ਮੁਅੱਤਲ ਕਰਨ ਦੀ ਵੀ ਅਪੀਲ ਕੀਤੀ ਹੈ। ਜਿਸ ਨਾਲ ਸਿੱਖਿਆ ਬਜਟ ਵਿਚ 14 ਅਰਬ ਡਾਲਰ ਬਚ ਸਕਣਗੇ।
ਏਸ਼ਿੰਗ ਮੁਤਾਬਕ ਜੇਕਰ ਅਸੀਂ ਸਿੱਖਿਆ ਸੰਕਟ ਨੂੰ ਸ਼ੁਰੂ ਹੋਣ ਦਿੱਤਾ ਤਾਂ ਬੱਚਿਆਂ ਦੇ ਭਵਿੱਖ 'ਤੇ ਇਸ ਦਾ ਬਹੁਤ ਬੁਰਾ ਅਸਰ ਹੋਵੇਗਾ, ਜੋ ਲੰਬੇ ਸਮੇਂ ਤੱਕ ਦਿਸੇਗਾ। ਦੁਨੀਆ ਵਿਚ 2030 ਤੱਕ

ਸਾਰੇ ਬੱਚਿਆਂ ਨੂੰ ਸਿੱਖਿਆ ਦਾ ਅਧਿਕਾਰ ਦਿਵਾਉਣ ਦਾ ਜਿਹੜਾ ਸੰਕਲਪ ਲਿਆ ਗਿਆ ਸੀ ਉਹ ਕਈ ਸਾਲ ਪਿੱਛੇ ਪੈ ਜਾਵੇਗਾ। ਸੰਸਥਾ ਦੇ ਮੁਤਾਬਕ ਨਾਈਜ਼ਰ, ਮਾਲੀ, ਚਾਡ, ਲਾਈਬੇਰੀਆ, ਅਫਗਾਨਿਸਤਾਨ, ਗਿਨੀ, ਮਾਰੀਟਾਨੀਆ, ਯਮਨ, ਨਾਈਜੀਰੀਆ, ਪਾਕਿਸਤਾਨ, ਸੇਨੇਗਲ ਅਤੇ ਆਯਵਰੀ ਕੋਸਟ ਜਿਹੇ ਦੇਸ਼ਾਂ 'ਤੇ ਸਭ ਤੋਂ ਵੱਧ ਖਤਰਾ ਹੈ। ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਵੀ ਦੁਨੀਆ ਭਰ ਦੇ ਕਰੀਬ 26 ਕਰੋੜ ਬੱਚੇ ਸਿੱਖਿਆ ਤੋਂ ਵਾਂਝੇ ਸਨ। ਹੁਣ ਕੋਰੋਨਾ ਸੰਕਟ ਦੇ ਕਾਰਨ ਜਿਹੜੇ ਬੱਚਿਆਂ ਨੂੰ ਸਿੱਖਿਆ ਮਿਲ ਰਹੀ ਸੀ ਉਹਨਾਂ ਤੋਂ ਵੀ ਖੋਹੇ ਜਾਣ ਦਾ ਖਤਰਾ ਬਣ ਗਿਆ ਹੈ।


Vandana

Content Editor

Related News